

"ਜਾਓ ਭਈ ਵੇਖੋ, ਫੌਜੀ ਜਿਉਂਦੇ ਕਿ ਨਹੀਂ। ਜੇ ਮਰ ਮੁਕਾ ਏ ਤਾਂ ਉਹਦੀਆਂ ਹੱਢੀਆਂ ਕੱਠੀਆਂ ਕਰੋ।"
ਕਰਿੰਦੇ ਆਏ ਤੇ ਉਹਨਾਂ ਵੇਖਿਆ ਕਿ ਫੌਜੀ ਪਾਈਪ ਦੇ ਸੂਟੇ ਲਾਉਂਦਾ ਹੋਇਆ ਕਮਰਿਆਂ ਵਿਚ ਟਹਿਲ ਰਿਹਾ ਸੀ।
"ਸ਼ੁਭ ਪ੍ਰਭਾਤ ਫੌਜੀਆ। ਸਾਨੂੰ ਤਾਂ ਆਸ ਨਹੀਂ ਸੀ ਕਿ ਤੂੰ ਜਿਉਂਦਾ ਤੇ ਨੇਂ ਬਰ ਨੇ ਮਿਲੇ। ਵੇਖ, ਅਸੀ ਤੇਰੀਆਂ ਹੱਢੀਆਂ ਕੱਠੀਆਂ ਕਰਨ ਨੂੰ ਬਕਸਾ ਲੈ ਕੇ ਆਏ ਆਂ।"
ਫੌਜੀ ਮੁਸਕੜੀਏ ਹਸ ਪਿਆ।
"ਮੈਨੂੰ ਮਾਰਨਾ ਖਾਲਾ ਜੀ ਦਾ ਵਾੜਾ ਨਹੀਂ। ਆਓ ਰਤਾ ਹੱਥ ਪੁਆਓ, ਇਸ ਪਿਠੂ ਨੂੰ ਪਹਾਰੇ ਤੇ ਲੈ ਚਲੀਏ। ਪਹਾਰਾ ਏਥੋਂ ਦੂਰ ਤੇ ਨਹੀਂ ? "
"ਨਹੀਂ, ਨੇੜੇ ਹੀ ਐ।" ਕਰਿੰਦਿਆਂ ਨੇ ਜਵਾਬ ਦਿੱਤਾ।
ਤੇ ਉਹਨਾਂ ਨੇ ਪਿਠੂ ਚੁਕਿਆ ਤੇ ਪਹਾਰੇ ਤੇ ਲੈ ਆਂਦਾ। ਫੌਜੀ ਨੇ ਮਿਸਤ੍ਰੀਆਂ ਨੂੰ ਆਖਿਆ : "ਲਓ ਭਈ ਜਵਾਨੇ, ਇਸ ਪਿਠੂ ਨੂੰ ਅਹਿਰਣ ਤੇ ਰੱਖੋ ਤੇ ਚੰਗੀ ਕੁਟਾਈ ਕਰੋ ਹਥੋੜਿਆਂ ਨਾਲ ।"
ਮਿਸਤ੍ਰੀ ਤੇ ਉਹਦੇ ਸ਼ਾਗਿਰਦ ਨੇ ਜੋਸ਼ ਖਰੋਸ਼ ਨਾਲ ਵਦਾਣ ਤੇ ਹਥੌੜਾ ਆਪਣੇ ਹੱਥਾਂ ਵਿਚ ਫੜ ਲਏ।
ਭੂਤਾਂ ਪ੍ਰੇਤਾਂ ਨੂੰ ਨਾਨੀ ਯਾਦ ਆ ਗਈ। ਤੁਸੀਂ ਸਮਝ ਹੀ ਸਕਦੇ ਓ।
"ਰਹਿਮ ਕਰ, ਫੌਜੀਆ ਸਾਨੂੰ ਬਾਹਰ ਨਿਕਲਣ ਦੇ !" ਉਹ ਉੱਚੀ ਉੱਚੀ ਚੀਕ ਪਏ।
ਪਰ ਮਿਸਤ੍ਰੀ ਕੁਟਾਈ ਕਰਦੇ ਗਏ ਅਤੇ ਫੌਜੀ ਉਹਨਾਂ ਨੂੰ ਹਲਾਸ਼ੇਰੀ ਦੇਂਦਾ ਗਿਆ
"ਸ਼ਾਬਾਸ਼ ਜਵਾਨੇ, ਰਤਾ ਹੋਰ ਜ਼ੋਰ ਨਾਲ, ਜੋਰ ਨਾਲ ! ਅਸੀਂ ਏਹਨਾਂ ਨੂੰ ਸਬਕ ਸਿਖਾ ਕੇ ਛਡਾਂਗੇ ਪਈ ਲੋਕਾਂ ਨੂੰ ਕਿਵੇਂ ਦੁਖੀ ਕਰੀਦੇ।"
"ਅਸੀਂ ਜਿੰਨਾ ਚਿਰ ਜਿਉਂਦੇ ਆਂ ਓਸ ਘਰ ਵਿਚ ਮੁੜਕੇ ਪੈਰ ਨਹੀਂ ਪਾਉਂਦੇ !" ਭੂਤ ਕੁਰਲਾਏ। "ਤੇ ਅਸੀ ਦੂਜਿਆਂ ਸਭਨਾਂ ਨੂੰ ਤਾੜਾਂਗੇ ਕਿ ਉਹ ਇਸ ਸ਼ਹਿਰ ਵਿਚੋਂ ਨਿਕਲ ਜਾਣ। ਜੇ ਤੂੰ ਸਾਡੀਆਂ ਜਾਨਾਂ ਬਖਸ਼ ਦਿੱਤੀਆਂ ਅਸੀ ਤੇਰਾ ਬਦਲਾ ਚੁਕਾ ਦਿਆਂਗੇ !"
"ਹੁਣ ਹੋਸ ਆ ਗਈ ! ਅਗਾਂਹ ਤੋਂ ਕੰਨ ਹੋ ਗਏ ਨਾ ਪਈ ਰੂਸੀ ਫੌਜੀ ਨਾਲ ਕਿਵੇ ਤਕਰਾਰ ਕਰੀਦੈ !"
ਉਹਨੇ ਮਿਸਤ੍ਰੀਆਂ ਨੂੰ ਬਸ ਕਰ ਦੇਣ ਲਈ ਆਖਿਆ। ਫਿਰ ਉਸ ਨੇ ਪਿੱਠੂ ਦੀਆਂ ਪੇਟੀਆਂ ਢਿੱਲੀਆਂ ਕੀਤੀਆਂ ਤੇ ਸਰਦਾਰ ਭੂਤ ਤੋਂ ਬਿਨਾਂ ਸਾਰਿਆਂ ਭੂਤਾਂ ਪ੍ਰੇਤਾਂ ਨੂੰ ਇਕ ਇਕ ਕਰਕੇ ਬਾਹਰ ਆ ਜਾਣ ਦਿੱਤਾ ਤੇ ਕਿਹਾ: