

ਉਸ ਨੇ ਪਿੱਠੂ ਖੋਹਲਿਆ ਤੇ ਸਰਦਾਰ ਭੂਤ ਨੂੰ ਬਾਹਰ ਕੱਢ ਦਿੱਤਾ।
"ਹੁਣ ਚਲਾ ਜਾ ਏਥੋ, ਪਰ ਇਕ ਗੱਲ ਯਾਦ ਰੱਖੀ : ਜੇ ਮੁੜਕੋ ਮੈਂ ਤੈਨੂੰ ਕਿਤੇ ਵੇਖ ਲਿਆ ਨਾ, ਫੇਰ ਜੇ ਕੁਝ ਵੀ ਹੋਇਆ ਉਹਦਾ ਜੁਮਾ ਤੇਰਾ ਈ।"
ਅੱਖ ਪਲਕਾਰੇ ਵਿਚ ਭੂਤ ਤੇ ਭੂਤਨੇ ਸਭ ਚਲੇ ਗਏ। ਫੌਜੀ ਨੇ ਆਪਣਾ ਪਿਠੂ ਤੇ ਮਨੋਕਾਮਨਾ ਪੂਰੀ ਕਰਨ ਵਾਲਾ ਝੋਲਾ ਚੁਕਿਆ, ਮਿਸਤ੍ਰੀਆਂ ਨੂੰ ਅਲਵਿਦਾ ਆਖੀ, ਤੇ ਵਪਾਰੀ ਕੋਲ ਵਾਪਸ ਆ ਗਿਆ।
"ਹੁਣ ਤੁਸੀਂ ਆਪਣੇ ਨਵੇਂ ਮਕਾਨ ਵਿਚ ਜਾਕੇ ਰਹਿ ਸਕਦੇ ਓ," ਉਹ ਬੋਲਿਆ। " ਤੁਹਾਨੂੰ ਕੋਈ ਕੁਝ ਨਹੀਂ ਆਖਣ ਲੱਗਾ।"
ਵਪਾਰੀ ਨੇ ਅੱਖਾਂ ਟੱਡ ਕੇ ਫੌਜੀ ਵੱਲ ਵੇਖਿਆ। ਉਹਨੂੰ ਆਪਣੀਆਂ ਅੱਖਾਂ ਤੇ ਇਤਬਾਰ ਨਹੀਂ ਸੀ ਆ ਰਿਹਾ। "
ਸਚਮੁਚ ਹੀ ਰੂਸੀ ਫੌਜੀ ਨੂੰ ਨਾ ਅੱਗ ਫੂਕ ਸਕਦੀ ਏ, ਨਾ ਪਾਣੀ ਡੋਬ ਸਕਦੈ। ਰਤਾ ਦਸ ਤਾਂ ਸਹੀ ਤੂੰ ਬਦਰੂਹਾਂ ਨੂੰ ਕਿਵੇਂ ਕਾਬੂ ਕੀਤਾ ਤੇ ਸਹੀ ਸਲਾਮਤ ਕਿਵੇਂ ਬੱਚ ਗਿਓਂ।"
ਫੌਜੀ ਨੇ ਜੋ ਕੁਝ ਹੋਇਆ ਬੀਤਿਆ ਸੀ ਉਸ ਨੂੰ ਸੁਣਾ ਦਿੱਤਾ, ਤੇ ਕਰਿੰਦਿਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ। ਵਪਾਰੀ ਨੇ ਸੋਚਿਆ :
"ਮਕਾਨ ਵਿਚ ਜਾ ਵਸਣ ਤੋਂ ਪਹਿਲਾਂ ਇਕ ਦੋ ਦਿਨ ਅਟਕ ਲਵਾਂ ਤਾਂ ਠੀਕ ਏ। ਚੰਗਾ ਏਹੋ ਆ ਕਿ ਪਹਿਲਾਂ ਪੱਕ ਕਰ ਲਵਾਂ ਪਈ ਥਾਂ ਬਿਲਕੁਲ ਠੀਕ ਠਾਕ ਏ ਤੇ ਬਦਰੂਹਾਂ ਮੁੜਕੇ ਵਾਪਸ ਤਾਂ ਨਹੀਂ ਆ ਜਾਣਗੀਆਂ।"
ਉਸ ਸ਼ਾਮ ਉਸ ਨੇ ਉਹਨਾਂ ਹੀ ਬੰਦਿਆਂ ਨੂੰ ਜਿਹੜੇ ਸਵੇਰੇ ਮਕਾਨ ਵਿਚ ਗਏ ਸਨ ਫੌਜੀ ਦੇ ਨਾਲ ਹੀ ਓਥੇ ਜਾਣ ਲਈ ਆਖਿਆ।
"ਰਾਤ ਓਥੇ ਕੱਟੋ, " ਉਸ ਨੇ ਉਹਨਾਂ ਨੂੰ ਆਖਿਆ। " ਕੋਈ ਗੱਲ ਹੋਈ ਤਾਂ ਫੌਜੀ ਤੁਹਾਨੂੰ ਬਚਾ ਲਏਗਾ।
ਉਹਨਾਂ ਨੇ ਬੜੇ ਆਰਾਮ ਨਾਲ ਰਾਤ ਕੱਟੀ ਤੇ ਅਗਲੀ ਸਵੇਰ ਸਹੀ ਸਲਾਮਤ ਹਸਦੇ ਖੇਡਦੇ ਵਾਪਸ ਆ ਗਏ।
ਤੀਜੀ ਰਾਤ ਵਪਾਰੀ ਨੇ ਉਹਨਾਂ ਦੇ ਨਾਲ ਰਾਤ ਓਥੇ ਕੱਟਣ ਦਾ ਦਿਲ ਕਢਿਆ। ਸਭ ਕੁਝ ਠੀਕ ਠਾਕ ਰਿਹਾ। ਉਹ ਬੜੇ ਸੁਖ ਦੀ ਨੀਂਦ ਸੁੱਤੇ। ਇਸ ਤੋਂ ਮਗਰੋਂ ਵਪਾਰੀ ਨੇ ਮਕਾਨ ਦੀ ਸਫਾਈ ਕਰਵਾਈ, ਰੰਗ ਰੋਗਨ ਕਰਵਾਇਆ ਅਤੇ ਚੱਠ ਕਰਨ ਦੀਆਂ ਤਿਆਰੀਆਂ ਕੀਤੀਆਂ। ਢੇਰ ਸਾਰੇ ਪਕਵਾਨ ਪਕਾਏ ਗਏ, ਸੇਕੇ, ਉਬਾਲੇ ਤੇ ਭੁੰਨੇ ਗਏ। ਜਦੋਂ ਮਹਿਮਾਨ ਆਏ ਤਾਂ ਮੇਜ਼ ਖਾਣ ਦੀਆਂ ਚੀਜਾਂ ਤੇ ਸ਼ਰਾਬਾਂ ਨਾਲ ਇਉਂ ਲੱਦੇ ਪਏ ਸਨ ਕਿ ਉਹਨਾਂ ਦੇ ਮੂੰਹਾਂ ਚੋਂ ਲਾਲਾਂ ਡਿਗਣ ਲੱਗੀਆਂ।