

ਬਿਰਧ ਜਨਾਨੀ ਗੱਲਾਂ ਵਿੱਚੋ ਛਡ ਕੇ ਕੰਮ ਜਾ ਲੱਗੀ ਤੇ ਫੌਜੀ ਉਹਨੂੰ ਧੀਰਜ ਦਿਲਾਸਾ ਦੇਂਦਾ ਰਿਹਾ :
"ਹੁਣ ਤੈਨੂੰ ਕੋਈ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ। ਤੇਰੇ ਸੁਖ ਆਰਾਮ ਦਾ ਧਿਆਨ ਰਖਣਾ ਹੁਣ ਮੇਰਾ ਕੰਮ ਏ।"
ਉਸ ਨੇ ਝੋਲੇ ਦਾ ਮੂੰਹ ਖੋਹਲਿਆ ਤੇ ਸਭ ਪ੍ਰਕਾਰ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਕਾਮਨਾ ਕੀਤੀ।
ਸਾਰੀਆਂ ਚੀਜਾਂ ਉਹਨੇ ਝੋਲੇ ਵਿੱਚੋਂ ਬਾਹਰ ਕਢੀਆਂ, ਤੇ ਮੇਜ਼ ਉੱਤੇ ਰੱਖ ਦਿੱਤੀਆਂ ਤੇ ਆਪਣੀ ਮਾਂ ਨੂੰ ਆਖਿਆ:
"ਲੈ ਜਿੰਨਾ ਜੀਅ ਕਰੇ ਖਾ ਤੇ ਪੀ!"
ਅਗਲੇ ਦਿਨ ਉਹਨੇ ਝੋਲੇ ਦਾ ਮੂੰਹ ਫੇਰ ਖੋਹਲਿਆ ਤੇ ਮਨ ਵਿਚ ਧਾਰਿਆ ਕਿ ਇਹ ਚਾਂਦੀ ਨਾਲ ਭਰ ਜਾਵੇ। ਇਸ ਤੋਂ ਮਗਰੋਂ ਉਹ ਕੰਮ ਜੁਟ ਪਿਆ। ਉਸ ਨੇ ਇਕ ਨਵਾਂ ਮਕਾਨ ਬਣਾਇਆ. ਇਕ ਗਉ ਤੇ ਇਕ ਘੋੜਾ ਖਰੀਦਿਆ ਤੇ ਹਰ ਉਹ ਚੀਜ਼ ਲਈ ਜਿਸ ਦੀ ਘਰ ਵਿਚ ਲੋੜ ਸੀ। ਫੇਰ ਉਹਨੇ ਇਕ ਮੁਟਿਆਰ ਨਾਲ ਪ੍ਰੇਮ ਪਾ ਲਿਆ। ਉਹਦੇ ਨਾਲ ਵਿਆਹ ਕੀਤਾ ਤੇ ਆਪਣੇ ਖੇਤ ਵਿਚ ਕੰਮ ਕਰਨ ਲਗ ਪਿਆ। ਉਹਦੀ ਬੁੱਢੀ ਮਾਂ ਆਪਣੇ ਪੋਤੇ ਪੋਤੀਆਂ ਨੂੰ ਪਾਲਦੀ ਤੇ ਆਪਣੇ ਪੁਤ ਦੇ ਚੰਗੇ ਭਾਗਾਂ ਨੂੰ ਉਹਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।
ਕੋਈ ਛੇ ਜਾਂ ਸੱਤ ਸਾਲ ਇਸ ਤਰ੍ਹਾਂ ਹੀ ਲੰਘ ਗਏ। ਫੇਰ ਇਕ ਦਿਨ ਫੌਜੀ ਬਿਮਾਰ ਪੈ ਗਿਆ। ਤਿੰਨ ਦਿਨ ਉਹ ਮੰਜੇ ਤੋਂ ਨਾ ਉਠਿਆ। ਨਾ ਉਸ ਨੇ ਕੁਝ ਖਾਧਾ ਨਾ ਪੀਤਾ। ਹਾਲਤ ਜਿਆਦਾ ਹੀ ਵਿਗੜਦੀ ਗਈ। ਤੀਜੇ ਦਿਨ ਉਹਨੇ ਵੇਖਿਆ ਕਿ ਮੌਤ ਉਹਦੇ ਸਿਰਹਾਣੇ ਖੜੀ ਆਪਣੀ ਦਾਤੀ ਤਿਖੀ ਕਰ ਰਹੀ ਸੀ ਤੇ ਵਿੱਚ ਵਿੱਚ ਫੌਜੀ ਵੱਲ ਨਜ਼ਰ ਮਾਰ ਲੈਂਦੀ ਸੀ।
"ਚਲ, ਫੌਜੀਆ," ਮੌਤ ਨੇ ਆਖਿਆ, "ਮੈਂ ਤੈਨੂੰ ਲੈਣ ਆਈ ਆਂ। ਮੈਂ ਤੈਨੂੰ ਝਪੱਟਾ ਮਾਰ ਕੇ ਲੈ ਜਾਣੈ।"
"ਕਾਹਦੀ ਕਾਹਲ ਏ, " ਫੌਜੀ ਨੇ ਕਿਹਾ।" ਹੋਰ ਤੀਹ ਕੁ ਵਰ੍ਹੇ ਜਿਉ ਲੈਣ ਦੇ। ਮੈਂ ਆਪਣੇ ਨਿਆਣੇ ਪਾਲ ਲਉਂ, ਆਪਣੇ ਪੁਤਾਂ ਧੀਆਂ ਨੂੰ ਵਿਆਹ ਲਉਂ, ਪੋਤੇ ਪੋਤੀਆਂ ਦਾ ਮੂੰਹ ਵੇਖ ਲਉਂ ਸਾਲ ਖੰਡ ਉਹਨਾਂ ਨਾਲ ਬਹਿ ਖੇਡ ਲਉਂ। ਉਹਦੇ ਮਗਰੇ ਤੂੰ ਮੈਨੂੰ ਲੈ ਜਾਈਂ। ਹਾਲੇ ਨਹੀ ਮੈਂ ਮਰ ਸਕਦਾ।"
"ਨਹੀਂ, ਫੌਜੀਆ, ਮੈਂ ਤਾਂ ਤਿੰਨ ਘੰਟੇ ਵੀ ਹੋਰ ਜ਼ਿੰਦਗੀ ਨਾ ਦਿਆਂ।"
"ਚਲ ਹਛਾ, ਜੇ ਤੀਹ ਵਰ੍ਹੇ ਨਹੀ ਮਿਲ ਸਕਦੇ, ਘਟੋ ਘਟ ਤਿੰਨ ਵਰ੍ਹੇ ਤਾਂ ਦੇ ਦੇ। ਅਜੇ ਬੜੇ ਕੰਮ ਨੇ ਮੇਰੇ ਨਿਬੇੜਨ ਵਾਲੇ।
"ਮੈਂ ਤੈਨੂੰ ਤਿੰਨ ਮਿੰਟ ਵੀ ਨਹੀਂ ਦੇਣੇ, " ਮੌਤ ਨੇ ਜਵਾਬ ਦਿਤਾ।