

ਉਹਨਾਂ ਦੀ ਬਹਿਸ ਛਿੜ ਪਈ ਤੇ ਅਖੀਰ ਗਰੀਬ ਆਦਮੀ ਬੋਲਿਆ:
"ਸ਼ਰਤ ਲਗ ਜਾਏ! ਜੇ ਮੈਂ ਮਾਲਕ ਨਾਲ ਬਹਿਕੇ ਰੋਟੀ ਖਾ ਲਈ ਤਾਂ ਤੇਰਾ ਮੁਸ਼ਕੀ ਤੇ ਲਾਖਾ ਘੋੜਾ ਮੇਰੇ ਹੋਏ ; ਜੇ ਨਾ ਖਾਧੀ ਤਿੰਨ ਸਾਲ ਬਿਨਾਂ ਤਨਖਾਹ ਤੇਰੀ ਨੌਕਰੀ ਕਰੂੰ।"
ਦੁਕਾਨਦਾਰ ਢਾਡਾ ਖੁਸ਼ ਹੋਇਆ।
"ਬਹੁਤ ਹੱਛਾ। ਮੈਂ ਮੁਸ਼ਕੀ ਤੇ ਲਾਖਾ ਘੋੜਾ ਦੇ ਦਊਂ ਤੇ ਵਛੀ ਡੂੰਗੇ ਵਿਚ। ਆਹ ਸਾਰੇ ਭਲੇ ਮਾਣਸ ਗਵਾਹ ਰਹੇ।"
ਤੇ ਉਹਨਾਂ ਦੋਹਾਂ ਨੇ ਗਵਾਹਾਂ ਦੇ ਸਾਮ੍ਹਣੇ ਹੱਥ ਮਿਲਾਏ।
ਗਰੀਬ ਆਦਮੀ ਮਾਲਕ ਕੋਲ ਗਿਆ।
"ਇਕ ਗੱਲ ਪੁਛਣੀ ਸੀ ਤੁਹਾਡੇ ਕੋਲੋਂ ਓਹਲੇ ਨਾਲ-ਮੇਰੀ ਟੋਪੀ ਜੇਡੀ ਸੋਨੇ ਦੀ ਡਲੀ ਦਾ ਕੀ ਮੁਲ ਹੋਊ ਭਲਾ ? "
ਮਾਲਕ ਨੇ ਕੋਈ ਜਵਾਬ ਨਹੀਂ ਦਿਤਾ। ਉਹਨੇ ਸਿਰਫ ਆਪਣੇ ਹੱਥ ਤੇ ਹੱਥ ਮਾਰਿਆ। " ਕੋਈ ਹੈ ਏਥੇ। ਏਹਦੇ ਤੇ ਮੇਰੇ ਵਾਸਤੇ ਕੁਝ ਪੀਣ ਨੂੰ ਲਿਆਓ! ਛੇਤੀ ਕਰੋ। ਤੇ ਰੋਟੀ ਵੀ ਰੱਖ ਦਿਓ ਸਾਡੇ ਲਈ। ਬਹਿ ਜਾ, ਬਹਿ ਜਾ. ਸਜਣਾ. ਆਪਣਾ ਘਰ ਸਮਝ। ਹਿੰਮਤ ਕਰ ਤੇ ਖਾ ਪੀ ਜੇ ਕੁਝ ਪਿਐ ਮੇਜ ਉਤੇ !" ਮਾਲਕ ਨੇ ਗਰੀਬ ਆਦਮੀ ਨੂੰ ਉਵੇਂ ਹੀ ਖੁਆਇਆ ਪਿਆਇਆ ਜਿਵੇਂ ਉਹ ਆਪਣੇ ਪਤਵੰਤੇ ਪ੍ਰਾਹੁਣਿਆਂ ਨੂੰ ਖੁਆਉਂਦਾ ਪਿਆਉਂਦਾ ਸੀ ਤੇ ਸਾਰਾ ਵਕਤ ਉਹਨੂੰ ਅਚਵੀ ਜਿਹੀ ਲਗੀ ਰਹੀ। ਉਹਦੀ ਬਸ ਏਹੋ ਇੱਛਾ ਸੀ ਕਿ ਸੋਨੇ ਦੀ ਡਲੀ ਉਹਦੇ ਹੱਥ ਆ ਜਾਵੇ।
"ਲੈ ਹੁਣ ਵਗਿਆ ਜਾ. ਜਵਾਨਾ, ਤੇ ਡਲੀ ਫੜ ਲਿਆ। ਮੈਂ ਤੈਨੂੰ ਇਕ ਪੂਡ ਆਟਾ ਦੇਵਾਂਗਾ ਤੇ ਨਾਲ ਕੁਝ ਚਾਂਦੀ ਦੇ ਸਿੱਕੇ ਵੀ।"
"ਪਰ ਮੇਰੇ ਕੋਲ ਤਾਂ ਕੋਈ ਡਲੀ ਨਹੀਂ। ਮੈਂ ਤਾਂ ਐਵੇਂ ਪੁਛ ਰਿਹਾ ਸਾਂ ਪਈ ਮੇਰੀ ਟੱਪੀ ਜੇਡੀ ਡਲੀ ਦਾ ਕੀ ਮੁਲ ਹੋਊ।"
ਮਾਲਕ ਲੋਹੇ ਲਾਖਾ ਹੈ ਗਿਆ।
"ਦਫਾ ਹੋ ਜਾ ਏਥੋ, ਉਲੂਆ ਕਿਸੇ ਥਾਂ ਦਿਆ।"
"ਮੈਂ ਕਿਵੇਂ ਉਲ੍ਹ ਹੋਇਆ ਜਦੋਂ ਤੁਸਾਂ ਆਪ ਮੇਰੇ ਨਾਲ ਪਤਵੰਤੇ ਪ੍ਰਾਹੁਣਿਆਂ ਵਰਗਾ ਸਲੂਕ ਕੀਤੇ ਤੇ ਦੁਕਾਨਦਾਰ ਨੂੰ ਇਸ ਖਾਣੇ ਦੇ ਬਦਲੇ ਵਿਚ ਦੋ ਘੋੜੇ ਤੇ ਵਛੀ ਮੈਨੂੰ ਦੇਣੇ ਪੈਣੇ ਨੇ?"
ਤੇ ਖੁਸ਼ੀ ਨਾਲ ਘਰ ਮੁੜਕੇ ਕਿਸਾਨ ਦੀ ਜ਼ਮੀਨ ਤੇ ਅੱਡੀ ਨਹੀਂ ਸੀ ਲਗਦੀ।