


ਮੁਥਾਜੀ
ਇਕ ਵਾਰ ਦੀ ਗੱਲ ਹੈ। ਇਕ ਛੋਟੇ ਜਿਹੇ ਪਿੰਡ ਵਿਚ ਦੋ ਕਿਸਾਨ ਰਹਿੰਦੇ ਸਨ। ਉਹ ਦੋਵੇ ਭਰਾ ਸਨ ਤੇ ਇਹਨਾਂ ਵਿਚੋਂ ਇਕ ਅਮੀਰ ਸੀ ਤੇ ਦੂਜਾ ਗਰੀਬ। ਅਮੀਰ ਭਰਾ ਸ਼ਹਿਰ ਚਲਾ ਗਿਆ ਤੇ ਉਥੇ ਉਹਨੇ ਆਪਣੇ ਵਾਸਤੇ ਇਕ ਵੱਡਾ ਸਾਰਾ ਮਕਾਨ ਬਣਵਾਇਆ ਤੇ ਵਪਾਰ ਕਰਨ ਲਗ ਪਿਆ। ਪਰ ਗਰੀਬ ਭਰਾ ਕੋਲ ਕਈ ਵਾਰੀ ਖਾਣ ਨੂੰ ਰੋਟੀ ਤੱਕ ਨਾ ਹੁੰਦੀ। ਤੇ ਉਹਦੇ ਨਿੱਕੇ ਨਿੱਕੇ ਨਿਆਣੇ ਸਦਾ ਕੁਝ ਖਾਣ ਨੂੰ ਮੰਗਦੇ, ਰੋਂਦੇ ਕੁਰਲਾਉਂਦੇ ਰਹਿੰਦੇ। ਸਵੇਰ ਤੋਂ ਲੈਕੇ ਰਾਤ ਤੱਕ ਗਰੀਬ ਆਦਮੀ ਬਰਫ ਨਾਲ ਟੱਕਰਾਂ ਮਾਰਦੀ ਮੱਛੀ ਵਾਂਗੂੰ ਜਦੋਜਹਿਦ ਕਰਦਾ। ਪਰ ਉਸ ਦੇ ਹੱਥ ਪੱਲੇ ਕੁਝ ਨਾ ਆਉਂਦਾ।
ਇਕ ਦਿਨ ਸਵੇਰੇ ਉਹਨੇ ਆਪਣੀ ਵਹੁਟੀ ਨੂੰ ਆਖਿਆ:
"ਮੈਂ ਸੋਚਦਾਂ, ਮੈਂ ਸ਼ਹਿਰ ਜਾਵਾਂ ਤੇ ਆਪਣੇ ਭਰਾ ਨੂੰ ਪੁਛਾਂ, ਸ਼ਾਇਦ ਉਹ ਸਾਡੀ ਕੋਈ ਸਦਦ ਕਰ ਸਕੇ।"
ਤੇ ਉਹ ਅਮੀਰ ਆਦਮੀ ਕੋਲ ਆ ਗਿਆ।