

ਅਗਲੇ ਦਿਨ ਅਮੀਰ ਆਦਮੀ ਤੇ ਉਹਦੀ ਵਹੁਟੀ ਉਠੇ ਤੇ ਉਹਦੇ ਭਰਾ ਦੇ ਜਨਮ ਦਿਨ ਤੇ ਪਹੁੰਚ ਗਏ। ਤੇ ਕੀ ਵੇਖਦੇ ਨੇ ਕਿ ਓਸ ਨੰਗੇ ਭਿਖਾਰੀ ਨੇ ਉਹਨਾਂ ਦੇ ਭਰਾ ਨੇ, ਬੜਾ ਸੁਹਣਾ ਨਵਾਂ ਮਕਾਨ ਪਾਇਆ ਹੋਇਐ। ਹਰ ਇਕ ਵਪਾਰੀ ਵੀ ਇਹੋ ਜਿਹੇ ਮਕਾਨ ਦਾ ਦਮਗਜਾ ਨਹੀ ਮਾਰ ਸਕਦਾ। ਕਿਸਾਨ ਨੇ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਤੋ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ ਨਾਲ ਉਹਨਾਂ ਦੀ ਰੱਜਕੇ ਸੇਵਾ ਕੀਤੀ।
ਤੇ ਫੇਰ ਅਮੀਰ ਆਦਮੀ ਨੇ ਆਪਣੇ ਭਰਾ ਨੂੰ ਪੁਛਿਆ :
"ਗੱਲ ਸੁਣ, ਆਹ ਏਨੀ ਦੌਲਤ ਕਿਵੇਂ ਆ ਗਈ ਤੇਰੇ ਕੋਲ?
ਤੇ ਉਹਨੇ ਸੱਚੇ ਸੱਚ ਕਹਾਣੀ ਸੁਣਾ ਦਿੱਤੀ : ਕਿਵੇਂ ਬੁਢੜ ਮੰਗਤੀ ਮੁਥਾਜੀ ਨੇ ਉਹਨੂੰ ਜਿੱਚ ਕਰ ਛਡਿਆ ਸੀ ਅਤੇ ਆਪਣਾ ਗਮ ਗਲਤ ਕਰਨ ਨੂੰ ਜੋ ਕੁਝ ਕੋਲ ਸੀ ਉਹਦੀ ਠੇਕੇ ਤੋਂ ਸ਼ਰਾਬ ਪੀ ਗਿਆ ਸੀ ਤੇ ਅਖੀਰ ਨੰਗ ਮੁਨੰਗ ਸਰੀਰ ਹੀ ਰਹਿ ਗਿਆ, ਕਿਵੇਂ ਮੁਥਾਜੀ ਨੇ ਉਹਨੂੰ ਖ਼ਜ਼ਾਨਾ ਵਿਖਾਇਆ, ਤੇ ਕਿਵੇਂ ਉਹਨੇ ਇਹ ਖਜ਼ਾਨਾ ਸਾਂਭਿਆ ਤੇ ਖੁਥੜ ਮੁਥਾਜੀ ਤੋਂ ਖਹਿੜਾ ਛੁਡਾਇਆ।
ਤੇ ਅਮੀਰ ਆਦਮੀ ਈਰਖਾ ਨਾਲ ਸੜਬਲ ਗਿਆ। ਉਹਨੇ ਸੋਚਿਆ ਕਿਉਂ ਨਾ ਮੈਂ ਮੈਦਾਨ ਵਿਚ ਜਾਵਾਂ ਤੇ ਪੱਥਰ ਚੁਕ ਕੇ ਬੁਢੜ ਮੁਥਾਜੀ ਨੂੰ ਆਜ਼ਾਦ ਕਰ ਦੇਵਾਂ? ਮੇਰੇ ਭਰਾ ਨੂੰ ਆਕੇ ਉਹ ਕਖੇ ਹੌਲਾ ਕਰ ਦੇਵੇ ਤੇ ਮੇਰੇ ਅੱਗੇ ਆਪਣੀ ਅਮੀਰੀ ਦੀ ਫੜ ਮਾਰਨ ਦੀ ਏਹਦੀ ਕਦੇ ਹਿੰਮਤ ਨਾ ਹੋਵੇ।"
ਸੋ ਉਹਨੇ ਆਪਣੀ ਵਹੁਟੀ ਨੂੰ ਘਰ ਭੇਜ ਦਿੱਤਾ ਤੇ ਆਪ ਖੁਲ੍ਹੇ ਮੈਦਾਨ ਨੂੰ ਤੁਰ ਪਿਆ। ਉਹ ਉਸ ਪੱਥਰ ਤੱਕ ਅਪੜਿਆ ਧੱਕ ਕੇ ਉਸ ਨੂੰ ਪਾਸੇ ਕੀਤਾ ਤੇ ਮੁਥਾਜੀ ਬਾਹਰ ਆ ਗਈ। "
ਜਾ ਦੌੜ ਜਾ ਮੇਰੇ ਭਰਾ ਕੋਲ ਅਮੀਰ ਆਦਮੀ ਨੇ ਕਿਹਾ, ' ਤੇ ਸਭ ਕੁਝ ਉਜਾੜਕੇ ਕਖੇ ਹੌਲਾ ਕਰ ਦੇ।"
"ਨਾ, ਨੇਕ ਬੰਦਿਆ," ਮੁਥਾਜੀ ਨੇ ਜਵਾਬ ਦਿੱਤਾ, " ਮੈਂ ਨਹੀਂ ਹੁਣ ਉਹਦੇ ਕੋਲ ਜਾਣਾ। ਮੈਂ ਤਾਂ ਸਗੋ ਤੇਰੇ ਕੋਲ ਰਹੂੰ। ਤੂੰ ਨੇਕ ਆਦਮੀ ਏ, ਮੈਨੂੰ ਤੂੰ ਟੋਏ ਵਿਚੋਂ ਬਾਹਰ ਕਢਿਐ, ਤੇ ਉਹ ਭੈੜ ਭੜੱਥਾ, ਉਹ ਮੈਨੂੰ ਟੋਏ ਵਿਚ ਬੰਦ ਕਰ ਗਿਆ ਸੀ।"
ਛੇਤੀ ਹੀ ਈਰਖਾ ਵਿਚ ਸੜਨ ਵਾਲਾ ਭਰਾ ਉਜੜ ਗਿਆ। ਤੇ ਜਿਹੜਾ ਕਦੇ ਅਮੀਰ ਹੁੰਦਾ ਸੀ ਉਹ ਨੰਗਾ ਭੁਖਾ ਮੰਗਤਾ ਬਣ ਗਿਆ।