

ਹਵਾ ਉੱਚੀ ਉੱਚੀ ਸ਼ੁਕਦੀ ਹੈ ਤੇ ਫੇਰ ਠਹਿਰ ਜਾਂਦੀ ਹੈ। ਪਰ ਬੁਢੀ ਤੀਵੀ ਜਦੋਂ ਭੜਕਦੀ ਹੈ ਤਾਂ ਫੇਰ ਠੰਡੀ ਨਹੀਂ ਹੁੰਦੀ। ਮਤਰੇਈ ਮਾਂ ਨੇ ਆਪਣੀ ਮਤਰੇਈ ਧੀ ਤੇ ਪਿੱਛਾ ਛਡਾਉਣ ਦਾ ਫੈਸਲਾ ਕਰ ਲਿਆ।
"ਏਹਨੂੰ ਬਾਹਰ ਲੈ ਜਾ, ਬੁਢਿਆ, " ਉਹਨੇ ਆਪਣੇ ਖਸਮ ਨੂੰ ਆਖਿਆ, " ਮੈਂ ਏਹਦੀ ਸ਼ਕਲ ਨਹੀਂ ਵੇਖ ਸਕਦੀ। ਕੜਾਕੇ ਦੇ ਕੱਕਰ ਵਿਚ ਇਹਨੂੰ ਜੰਗਲ ਵਿਚ ਲੈ ਜਾ ਤੇ ਉਥੇ ਛਡ ਆ।"
ਬੁਢਾ ਰੋਇਆ ਕੁਰਲਾਇਆ ਤੇ ਮਸੋਸਿਆ ਗਿਆ ਪਰ ਉਹਨੂੰ ਪਤਾ ਸੀ ਕਿ ਉਹ ਕੁਝ ਨਹੀਂ ਕਰ ਸਕਦਾ। ਫੈਸਲਾ ਹਮੇਸ਼ ਉਹਦੀ ਵਹੁਟੀ ਦੇ ਹੱਥ ਹੀ ਹੁੰਦਾ ਸੀ। ਸੋ ਉਹਨੇ ਆਪਣਾ ਘੋੜਾ ਜੋੜਿਆ ਤੇ ਆਪਣੀ ਧੀ ਨੂੰ ਵਾਜ ਮਾਰੀ:
"ਆ, ਮੇਰੀ ਬੱਚੀ, ਬੈਠ ਬਰਫ-ਗੱਡੀ ਵਿਚ।"
ਤੇ ਉਹ ਨਿਥਾਵੀਂ ਕੁੜੀ ਨੂੰ ਜੰਗਲ ਵਿਚ ਲੈ ਗਿਆ। ਇਕ ਵੱਡੇ ਸਾਰੇ ਫਰ ਰੁਖ ਦੇ ਹੇਠਾਂ ਉਹਨੂੰ ਬਰਫ ਦੇ ਧੋੜੇ ਤੇ ਸੁਟਿਆ ਤੇ ਮੁੜ ਆਇਆ।
ਠੰਡ ਬਹੁਤ ਸੀ, ਤੇ ਕੁੜੀ ਫਰ ਦੇ ਰੁਖ ਹੇਠ ਬੈਠੀ ਕੰਬੀ ਜਾਂਦੀ ਸੀ। ਅਚਨਚੇਤ ਉਸ ਨੇ ਰੁਖੇ ਰੁਖੀ ਛਾਲਾਂ ਮਾਰਦੇ ਅਤੇ ਟਾਹਣੀਆਂ ਵਿਚਾਲੇ ਤਿੜ ਤਿੜ ਤੜ ਤੜ ਕਰਦੇ ਬਾਪੂ ਕੱਕਰ ਦੀ ਆਵਾਜ਼ ਸੁਣੀ। ਅੱਖ ਪਲਕਾਰੇ ਵਿਚ ਉਹ ਉਸ ਰੁੱਖ ਦੀ ਟੀਸੀ ਤੇ ਆ ਗਿਆ ਜਿਸ ਦੇ ਹੇਠਾਂ ਉਹ ਬੈਠੀ ਸੀ। "
ਤੂੰ ਨਿਘੀ ਐ, ਮੇਰੀ ਲਾਡੋ ?" ਉਹਨੇ ਪੁਛਿਆ।
"ਹਾਂ, ਬਾਪੂ ਕੱਕਰਾ ! ਮੈਂ ਬਹੁਤ ਨਿਘੀ ਆਂ।" ਉਹਨੇ ਆਦਰ ਨਾਲ ਜਵਾਬ ਦਿੱਤਾ।
ਫੇਰ ਬਾਪੂ ਕੱਕਰ ਹੋਰ ਹੇਠਾਂ ਆ ਗਿਆ ਤੇ ਉਹਨੇ ਪਹਿਲਾਂ ਨਾਲੋਂ ਵੀ ਉੱਚੀ ਤਿੜ ਤਿੜ ਤੜ ਤੜ ਕੀਤੀ।
" ਤੂੰ ਨਿਘੀ ਐ, ਮੇਰੀ ਲਾਡੇ ?" ਉਹਨੇ ਫੇਰ ਪੁਛਿਆ। " ਤੂੰ ਨਿਘੀ ਐ, ਮੇਰੀਏ ਮਲੂਕੜੀਏ ? "
ਕੁੜੀ ਮਸਾਂ ਹੀ ਸਾਹ ਲੈ ਰਹੀ ਸੀ, ਪਰ ਉਹਨੇ ਕਿਹਾ-
"ਹਾਂ, ਬਾਪੂ ਕੱਕਰਾ ! ਮੈਂ ਬਹੁਤ ਨਿਘੀ ਆਂ।"
ਤੇ ਬਾਪੂ ਕੱਕਰ ਹੋਰ ਵੀ ਹੇਠਾਂ ਆ ਗਿਆ, ਤੇ ਹੋਰ ਵੀ ਉੱਚੀ ਤਿੜ ਤਿੜ ਤੜ ਤੜ ਕਰਨ ਲਗਾ।
"ਤੂੰ ਨਿਘੀ ਐ. ਮੇਰੀ ਲਾਡੋ ?" ਉਹਨੇ ਪੁਛਿਆ। " ਤੂੰ ਨਿਘੀ ਐ ਮੇਰੀਏ ਸੁਹਣੀਏ ? "