

"ਵਊਂ, ਵਊਂ! ਬੁੱਢੇ ਦੀ ਧੀ
ਰੱਜੀ ਪੁਜੀ ਲਾੜੀ ਸੋਹਣੀ,
ਪਰ ਬੁੱਢੀ ਦੀ ਧੀ ਦੀ ਸ਼ਾਦੀ
ਕਦੇ ਨਾ ਹੋਣੀ !"
ਬੁਢੀ ਨੇ ਕੁੱਤੇ ਅੱਗੇ ਹੋਰ ਪੂੜੇ ਸੁਟੇ ਤੇ ਉਹਨੂੰ ਮਾਰਿਆ, ਪਰ ਕੁੱਤੇ ਨੇ ਤਾਂ ਵੀ ਓਹੋ ਕੁਝ ਹੀ ਕਿਹਾ ਜੇ ਉਹਨੇ ਪਹਿਲਾਂ ਕਿਹਾ ਸੀ।
ਅਚਾਨਕ ਫਾਟਕ ਚੀਕਿਆ, ਬੂਹਾ ਖੁਲ੍ਹਿਆ ਤੇ ਬੁਢੇ ਦੀ ਧੀ ਨੇ ਅੰਦਰ ਕਦਮ ਰਖਿਆ। ਉਹਦੀ ਗੋਟੇ ਕਿਨਾਰੀ ਵਾਲੀ ਪੁਸ਼ਾਕ ਝਮ ਝਮ ਕਰ ਰਹੀ ਸੀ। ਉਹਦੇ ਪਿਛੇ ਪਿਛੇ ਉਹਦਾ ਪਿਓ ਆਇਆ ਜਿਸ ਨੇ ਕੀਮਤੀ ਸੁਗਾਤਾਂ ਨਾਲ ਭਰਿਆ ਹੋਇਆ ਭਾਰਾ ਭਰਕਮ ਸੰਦੂਕ ਚੁੱਕਿਆ ਹੋਇਆ ਸੀ। ਬੁਢੀ ਨੇ ਵੇਖਿਆ ਅਤੇ ਮਾਯੂਸੀ ਵਿਚ ਬਾਹਾਂ ਲਮਕਾ ਲਈਆਂ। "
ਘੋੜਾ ਜੋੜ, ਬੁਢਿਆ ਖੋਸੜਾ!" ਉਹਨੇ ਆਪਣੇ ਖਸਮ ਨੂੰ ਆਖਿਆ।" ਮੇਰੀ ਧੀ ਨੂੰ ਜੰਗਲ ਵਿਚ ਲੈ ਜਾ ਤੇ ਓਸੇ ਥਾਂ ਛੱਡ ਆ ਜਿਥੇ ਆਪਣੀ ਨੂੰ ਛੱਡ ਕੇ ਆਇਆ ਸੈ।"
ਬੁਢੇ ਨੇ ਬੁਢੀ ਦੀ ਧੀ ਨੂੰ ਬਰਫ-ਗੱਡੀ ਵਿਚ ਬਿਠਾਇਆ। ਉਹਨੂੰ ਜੰਗਲ ਵਿਚ ਉਸੇ ਥਾਂ ਲੈ ਗਿਆ, ਲੰਮੇ ਉੱਚੇ ਫਰ ਦੇ ਰੁੱਖ ਦੇ ਹੇਠਾਂ ਉਹਨੂੰ ਬਰਫ ਦੇ ਧੋੜੇ ਤੇ ਸੁਟਿਆ ਤੇ ਵਾਪਸ ਮੁੜ ਆਇਆ।
ਬੁਢੀ ਦੀ ਧੀ ਉਥੇ ਬੈਠੀ ਸੀ ਤੇ ਪਾਲਾ ਏਨਾ ਸੀ ਕਿ ਉਹਦਾ ਦੰਦੋੜਿਕਾ ਵੱਜ ਰਿਹਾ ਸੀ।
ਥੋੜਾ ਚਿਰ ਬੀਤਿਆ ਤਾਂ ਬਾਪੂ ਕੱਕਰ ਰੁੱਖ ਰੁਖੀ ਛਾਲਾਂ ਮਾਰਦਾ, ਟਹਿਣੀਆਂ ਵਿਚਾਲੇ ੜਿੜ ਤਿੜ ਤੜ ਤੜ ਕਰਦਾ ਆ ਗਿਆ ਤੇ ਉਥੇ ਅਟਕ ਕੇ ਵਿੱਚ ਵਿੱਚ ਬੁਢੀ ਦੀ ਧੀ ਵੱਲ ਵੇਖਣ ਲਗਾ।
"ਤੂੰ ਨਿਘੀ ਐ, ਮੇਰੀ ਲਾਡੋ ?" ਉਹਨੇ ਪੁਛਿਆ।
ਜਵਾਬ ਵਿੱਚ ਉਹਨੇ ਆਖਿਆ: "ਹਾਏ, ਨਹੀਂ, ਮੈਨੂੰ ਤਾਂ ਬਹੁਤ ਪਾਲਾ ਲਗਦਾ ਏ। ਐਨਾ ਨਾ ਕੜਕਾ ਤਿੜਕਾ, ਕੱਕਰਾ !
"ਫੇਰ ਬਾਪੂ ਕੱਕਰ ਹੇਠਾਂ ਆ ਗਿਆ. ਤੇ ਹੋਰ ਉੱਚੀ ਆਵਾਜ਼ ਵਿਚ ਤਿੜ ਤਿੜ ਕੜ ਕੜ ਕਰਨ ਲੱਗਾ।
"ਤੂੰ ਨਿਘੀ ਐ, ਮੇਰੀ ਲਾਡੋ ?" ਉਸ ਨੇ ਪੁਛਿਆ, " ਤੂੰ ਨਿਘੀ ਏਂ. ਮੇਰੀਏ ਮਲੂਕੜੀਏ ?"