


ਬਾਲੜੀ ਤੇ ਹੰਸ
ਇਕ ਵਾਰ ਦੀ ਗੱਲ ਹੈ ਕਿ ਇਕ ਕਿਸਾਨ ਤੇ ਉਹਦੀ ਪਤਨੀ ਰਹਿੰਦੇ ਸਨ। ਉਹਨਾਂ ਦੀ ਇਕ ਬਾਲੜੀ ਸੀ ਅਤੇ ਇਕ ਨਿੱਕਾ ਪੁਤਰ ਸੀ।
"ਧੀਏ, " ਮਾਂ ਨੇ ਆਪਣੀ ਬਾਲੜੀ ਨੂੰ ਆਖਿਆ, " ਅਸੀ ਕੰਮ ਕਰਨ ਜਾ ਰਹੇ ਹਾਂ, ਇਸ ਕਰਕੇ ਆਪਣੇ ਛੋਟੇ ਵੀਰ ਦਾ ਖ਼ਿਆਲ ਰੱਖੀ। ਜੇ ਤੂੰ ਬੀਬੀ ਬੱਚੀ ਬਣੀ ਰਹੀ ਤੇ ਬਰੂਹਾਂ ਤੋਂ ਬਾਹਰ ਨਾ ਗਈ, ਤਾਂ ਅਸੀਂ ਤੈਨੂੰ ਇਕ ਨਵਾਂ ਰੁਮਾਲ ਖਰੀਦ ਦਿਆਂਗੇ।"
ਪਿਓ ਅਤੇ ਮਾਂ ਕੰਮ ਉਤੇ ਚਲੇ ਗਏ, ਪਰ ਬਾਲੜੀ ਭੁਲ ਗਈ ਕਿ ਉਹਨੂੰ ਕੀ ਸਮਝਾਇਆ ਗਿਆ ਸੀ। ਉਸ ਨੇ ਛੋਟੇ ਵੀਰ ਨੂੰ ਖਿੜਕੀ ਦੇ ਕੋਲ ਘਾਹ ਉਤੇ ਬਿਠਾਇਆ ਅਤੇ ਆਪਣੀਆਂ ਸਹੇਲੀਆਂ ਨਾਲ ਖੇਡਣ ਦੌੜ ਗਈ।
ਅਚਾਨਕ ਹੰਸਾਂ ਦੀ ਇਕ ਡਾਰ ਝੱਪ ਮਾਰ ਕੇ ਹੇਠਾਂ ਵੱਲ ਆਈ। ਉਹਨਾਂ ਉਸ ਦੇ ਛੋਟੇ ਵੀਰ ਨੂੰ ਚੁੱਕਿਆ ਅਤੇ ਆਪਣੇ ਖੰਭਾਂ ਤੇ ਬਿਠਾ ਕੇ ਲੈ ਗਏ।
ਬਾਲੜੀ ਘਰ ਮੁੜੀ ਤੇ ਹੈਰਾਨ ਪਰੇਸ਼ਾਨ ਛੋਟਾ ਵੀਰ ਉਥੇ ਨਹੀਂ ਸੀ। ਉਹ ਹਟਕੇਰੇ ਭਰਨ ਲਗੀ। ਇਧਰ ਉਧਰ ਦੌੜੀ— ਪਰ ਉਸ ਦਾ ਵੀਰ ਉਥੇ ਕਿਤੇ ਨਹੀਂ ਸੀ।