

ਇਕ ਦਿਨ ਵਪਾਰੀ ਕਿਤੇ ਬਾਹਰ ਗਿਆ। ਤੇ ਅਚਾਨਕ ਇਕ ਜਾਦੂਗਰਨੀ ਪਤਾ ਨਹੀਂ ਕਿਥੋ ਆ ਗਈ। ਉਹ ਅਲੀਓਨੁਸ਼ਕਾ ਦੀ ਬਾਰੀ ਦੇ ਹੇਠਾਂ ਆ ਖਲੋਤੀ ਤੇ ਉਹਨੂੰ ਵਰਗਲਾ ਕੇ ਦਰਿਆ ਤੇ ਨਹਾਉਣ ਲੈ ਗਈ।
ਅਲੀਓਨੁਸ਼ਕਾ ਜਾਦੂਗਰਨੀ ਦੇ ਮਗਰ ਦਰਿਆ ਨੂੰ ਤੁਰ ਪਈ। ਤੇ ਜਦੋ ਉਹ ਉਥੇ ਪਹੁੰਚੀਆਂ ਜਾਦੂਗਰਨੀ ਉਹਦੇ ਉਤੇ ਝਪਟ ਪਈ। ਇਕ ਪੱਥਰ ਉਹਦੀ ਧੌਣ ਨਾਲ ਬੰਨ੍ਹ ਦਿੱਤਾ ਤੇ ਉਹਨੂੰ ਦਰਿਆ ਵਿਚ ਧੱਕਾ ਦੇ ਦਿੱਤਾ।
ਫੇਰ ਜਾਦੂਗਰਨੀ ਨੇ ਅਲੀਓਨੁਸਕਾ ਦਾ ਰੂਪ ਬਣਾ ਲਿਆ, ਉਹਦੇ ਕਪੜੇ ਪਾ ਲਏ ਤੇ ਉਹਦੇ ਘਰ ਚਲੀ ਗਈ। ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਜਾਦੂਗਰਨੀ ਹੈ। ਵਪਾਰੀ ਘਰ ਆਇਆ, ਤੇ ਉਹਨੂੰ ਵੀ ਇਸ ਗੱਲ ਦਾ ਪਤਾ ਨਾ ਲਗਿਆ।
ਪਰ ਜੋ ਕੁਝ ਹੋਇਆ ਬੀਤਿਆ ਸੀ ਉਹ ਸਿਰਫ ਮੇਮਣਾ ਹੀ ਜਾਣਦਾ ਸੀ । ਉਹ ਸਿਰ ਸੁਟ ਕੇ ਫਿਰਦਾ ਰਿਹਾ ਤੇ ਉਸ ਨੇ ਨਾ ਕੁਝ ਖਾਧਾ ਨਾ ਪਾਣੀ ਨੂੰ ਮੂੰਹ ਲਾਇਆ। ਰਾਤ ਦਿਨ ਉਹ ਪਾਣੀ ਕੰਢੇ ਤੁਰਿਆ ਫਿਰਦਾ ਤੇ ਵਾਜਾਂ ਮਾਰਦਾ :
"ਭੈਣ ਅਲੀਓਨੁਸ਼ਕਾ ਪਿਆਰੀ ਭੈਣ!
ਤਰ ਕੇ ਬਾਹਰ ਆ ਜਾ, ਤਰ ਕੇ ਮੇਰੇ ਕੋਲ ਆ ਜਾ।"
ਜਾਦੂਗਰਨੀ ਨੂੰ ਇਸ ਗੱਲ ਦਾ ਪਤਾ ਲਗਾ ਤੇ ਉਹ ਆਪਣੇ ਖਾਵੰਦ ਦੇ ਮਗਰ ਪੈ ਗਈ ਕਿ ਨਿਕੇ ਜਿਹੇ ਮੇਮਣੇ ਨੂੰ ਮਾਰ ਸੁਟ।
ਵਪਾਰੀ ਨੂੰ ਮੇਮਣੇ ਤੇ ਬੜਾ ਤਰਸ ਆਇਆ। ਉਹ ਉਸ ਨੂੰ ਪਿਆਰ ਕਰਨ ਲਗ ਪਿਆ ਸੀ। ਪਰ ਜਾਦੂਗਰਨੀ ਵਪਾਰੀ ਦੇ ਖਹਿੜੇ ਪਈ ਰਹੀ, ਉਹਨੂੰ ਵਰਗਲਾਉਂਦੀ ਤੇ ਭੁਚਲਾਉਂਦੀ ਰਹੀ . ਤੇ ਅਖੀਰ ਵਪਾਰੀ ਉਹਦੇ ਅੱਗੇ ਹਾਰ ਗਿਆ।
"ਠੀਕ ਏ, ਮਾਰ ਦੇ." ਉਹਨੇ ਆਖਿਆ।
ਜਾਦੂਗਰਨੀ ਨੇ ਅੱਗਾਂ ਬਾਲ ਲਈਆਂ, ਦੇਗਾਂ ਚਾੜ੍ਹ ਦਿੱਤੀਆਂ ਤੇ ਵੱਡੀਆਂ ਵੱਡੀਆਂ ਛੁਰੀਆਂ ਤਿੱਖੀਆਂ ਕਰ ਲਈਆਂ।
ਮੇਮਣੇ ਨੂੰ ਪਤਾ ਲੱਗ ਗਿਆ, ਕਿ ਉਹਨੂੰ ਮਾਰਨ ਲੱਗੇ ਨੇ। ਸੋ ਉਹਨੇ ਆਪਣੇ ਮਤਰਏ ਪਿਓ ਨੂੰ ਆਖਿਆ:
'ਮੈਨੂੰ ਦਰਿਆ ਤੇ ਜਾ ਲੈਣ ਦਿਓ ਤੇ ਅਖੀਰੀ ਵਾਰ ਘੁਟ ਕੁ ਪਾਣੀ ਪੀ ਲੈਣ ਦਿਓ, ਫੇਰ ਮੈਨੂੰ ਮਾਰ ਸੁਟਿਓ।"