ਗੁਰਮੁਖੀ ਤੇ ਸੁਹਾਵਣੇ ਦਾੜ੍ਹੇ
ਇਸ ਟ੍ਰੈਕਟ ਵਿਚ ਭਾਈ ਸਾਹਿਬ ਨੇ ‘ਦਾੜ੍ਹੇ’ ਸਬੰਧੀ ਸਿੱਖੀ ਰਹਿਤ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਹੈ ਤੇ ਦਸਿਆ ਹੈ ਕਿ ਗੁਰੂ ਘਰ ਵਿਚ "ਸੱਚੀ ਦਾੜ੍ਹੀ" ਕਿਸ ਨੂੰ ਕਿਹਾ ਜਾਂਦਾ ਹੈ । "ਦਾੜ੍ਹਾ" ਪੁਰਸ਼ ਦੀ ਸ਼ਾਨ, ਸਨਮਾਨ ਤੇ ਸਤਿਕਾਰ ਦਾ ਸੂਚਕ ਹੈ । ਅਜ ਕਲ੍ਹ ਦੇ ਜ਼ਮਾਨੇ ਵਿਚ ਫੈਸ਼ਨ-ਪ੍ਰਸਤੀ ਬਹੁਤ ਵਧ ਰਹੀ ਹੈ, ਜਿਸ ਲਈ ਸਿਖਾਂ ਵਿਚ ਵੀ ‘ਦਾੜ੍ਹਾ’ ਚੜਾਉਣ ਤੇ ਇਸ ਨੂੰ ਫਿਕਸੋ ਆਦਿ ਲਾਉਣ ਦੀ ਐਸੀ ਪਰਪਾਟੀ ਚਲ ਪਈ ਹੈ, ਜਿਸ ਨਾਲ ਖ਼ਾਹ-ਮ-ਖ਼ਾਹ ਨੌਜਵਾਨ ਆਪਣੇ ਆਪ ਨੂੰ ਅਉਖਾ ਕਰਦੇ ਹਨ । ਸਿਖ ਦੀ ਰਹਿਣੀ ਬਹਿਣੀ ਸਾਦਗੀ ਤੇ ਸੁਸ਼ੀਲ ਹੋਣ ਦਾ ਪ੍ਰਭਾਵ ਪਾਉਂਦੀ ਹੈ । ਪਰ ਜ਼ਮਾਨੇ ਦੇ ਹੇਰ ਫੇਰ ਨਾਲ ਇਹ ਸਾਦਗੀ ਚਟਪਟੀ ਰੰਗੀਨੀ ਦੀ ਸ਼ਕਲ ਧਾਰਨ ਕਰ ਗਈ ਹੈ । ਜਿਥੇ ਦਾੜ੍ਹੇ ਨੂੰ ਅਉਖਾ ਹੋ ਕੇ ਚੜ੍ਹਾਉਣ ਦਾ ਕਸੂਤਾ ਰਿਵਾਜ ਕਾਲਜਾਂ ਤੇ ਹੋਰ ਸਿਵਲੀਅਨ ਸਿੱਖਾਂ ਵਿਚ ਚਲ ਪਿਆ ਹੈ, ਉਸੇ ਤਰ੍ਹਾਂ ਦਸਤਾਰੇ ਸਜਾਉਣ ਦਾ ਰਿਵਾਜ ਵੀ ਅਵੈੜਾ ਹੀ ਸ਼ੁਰੂ ਹੋ ਗਿਆ ਹੈ । ਪੱਗਾਂ ਦੇ ਕਈ ਬੰਧੇਜ ਤੁਰ ਪਏ ਹਨ-ਜਿਹਾ ਕਿ ਟੋਕਰਾ ਪੱਗ, ਛੱਜਾ ਪੱਗ, ਟੂਟੀ ਪੱਗ, ਟੋਪੀ ਪੱਗ, ਆਦਿ । ਇਹਨਾਂ ਪੱਗਾਂ ਨੂੰ ਮਾਵਾ ਲਾ ਕੇ ਤੇ ਮੇਖਾਂ ਠੋਕ ਕੇ ਐਸਾ ਪੱਕਾ ਕੀਤਾ ਜਾਂਦਾ ਹੈ ਕਿ ਇਕ ਵਾਰ ਬੱਧੀ ਪੱਗ ਕਈ ਦਿਨ ਖੋਲ੍ਹਣੀ ਨਹੀਂ ਪੈਂਦੀ । ਨਿੱਤ ਪੱਗ ਬੰਨ੍ਹਣ ਤੋਂ ਵੀ ਅਜ ਕਲ ਦੇ ਨੌਜਵਾਨ ਕੰਨੀ ਕਤਰਾਉਂਦੇ ਤੇ ਘਬਰਾਉਂਦੇ ਹਨ । ਦਾੜਿਆਂ ਦਾ ਚੜ੍ਹਾਉਣਾ ਤੇ ਪੱਗਾਂ ਦਾ ਇਹ ਨਵਾਂ ਫੈਸ਼ਨ ਸਭ Simple living and high thinking (ਸਾਦਾ ਜੀਵਨ, ਮਤ ਉਚੀ ਤੇ ਮਨ ਨੀਵੇਂ) ਦੇ ਅਸੂਲ ਤੋਂ ਉਲਟ ਹੈ । ਫ਼ੌਜਾਂ ਵਿਚ ਤਾਂ ਸਿੰਘ ਮਜਬੂਰਨ ਦਾੜ੍ਹੇ ਚਾੜ੍ਹਦੇ ਸਨ; ਪਰ ਸਿਵਲ ਦੇ ਸਭ ਪੁਰਾਣੇ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ । ਪਰ ਹੁਣ ਸਿਵਲ ਵਿਚ ਵੀ ਇਹ ਨਵੀਂ ਪਰਪਾਟੀ ਚਲ ਪਈ ਹੈ ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਫ਼ੌਜੀ, ਸਿਵਲ ਤੇ ਹੋਰ ਕਾਰ ਵਿਹਾਰੀ ਸਭ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ, ਪਰ ਜਦੋਂ ਮਹਾਰਾਜਾ ਸ਼ੇਰ ਸਿੰਘ ਤਖ਼ਤ ਪਰ ਬੈਠੇ ਤਦ ਉਨ੍ਹਾਂ ਨੇ ਦਾੜ੍ਹਾ ਚੜ੍ਹਾਉਣ ਦਾ ਰਿਵਾਜ ਸ਼ੁਰੂ ਕੀਤਾ।
ਭਾਈ ਸਾਹਿਬ ਨੇ ਦਾੜ੍ਹੇ ਸਬੰਧੀ ਸਭ ਪਹਿਲੂਆਂ ਤੋਂ ਇਸ ਟ੍ਰੈਕਟ ਵਿਚ ਵਿਚਾਰ ਕੀਤੀ ਤੇ ਦਸਿਆ ਹੈ ਕਿ 'ਸੱਚੀ ਦਾੜ੍ਹੀ' ਕਿਸ ਨੂੰ ਕਹਿੰਦੇ ਹਨ ਤੇ ‘ਪਖੰਡ ਦਾੜ੍ਹੇ' ਦਾ ਵੀ ਨਿਰਣਾ ਕਰ ਦਿਤਾ ਹੈ ।
ਸਾਰ ਸਿੱਟਾ ਇਹ ਹੈ ਕਿ ਸਿਧੇ ਦਾੜ੍ਹੇ ਰਖਣਾ ਹੀ ਪੁਰਾਤਨ ਗੁਰਮੁਖੀ ਰਹੁਰੀਤ ਹੈ, ਸਿਧੇ ਦਾੜ੍ਹਿਆਂ ਨੂੰ ਹੀ ਗੁਰਮੁਖੀ ਤੇ ਸੁਹਾਵਣੇ ਦਾੜ੍ਹੇ ਕਿਹਾ ਜਾ ਸਕਦਾ ਹੈ । ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਸਿਧੇ ਦਾੜ੍ਹੇ ਦੀ ਰਹਿਤ ਬਾਰੇ ਇਸ ਤਰ੍ਹਾਂ ਲਿਖਿਆ ਹੈ :-
“ਕੱਛਾਂ ਗੋਡਿਆਂ ਤਕ ਸੂਸੀ ਕੀ ਸੂਧੀ ਪਗੜੀ ਦਾੜ੍ਹੀ,
ਰਖਤੇ ਤਾੜ ਮੁਛਹਿਰੇ ਕੁੰਢੇ, ਦਾੜ੍ਹੀ ਕਦੇ ਨਾ ਚਾੜ੍ਹੀ ।"
੧ ਫਰਵਰੀ, ੧੯੬੫, ਨਾਹਰ ਸਿੰਘ ਗ੍ਯਾਨੀ, ਗੁਜਰਵਾਲ (ਲੁਧਿਆਣਾ)
ੴ ਸਤਿਗੁਰ ਪ੍ਰਸਾਦਿ ॥
ਸੱਚੀਆਂ ਦਾੜ੍ਹੀਆਂ
**************************
৭
ਦਾੜ੍ਹੀਆਂ ਦੀ ਮਹੱਤਤਾ
ਸਲੋਕ ਮਹਲਾ ੩॥
ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨਿ ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥੫੨॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਹਿ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੈ ਜਾਂਹਿ ॥੫੩॥
[ਸਲੋਕ ਮ: ੩, ਪੰਨਾ ੧੪੧੯]
ਇਸ ਗੁਰਵਾਕ ਦੀ ਪਹਿਲੀ ਪੰਗਤੀ ਦਾ ਸਪੱਸ਼ਟ ਭਾਵ ਇਹ ਹੈ ਕਿ ਸੇਈ ਬੀਬੀਆਂ ਗੁਰਮੁਖ ਸਚੀਆਂ ਦਾੜ੍ਹੀਆਂ ਸਚੀਆਂ ਅਤੇ ਸੁਚੀਆਂ ਦਾੜ੍ਹੀਆਂ ਹਨ ਜੋ ਗੁਰੂ ਕੀ ਚਰਨੀ ਲਗਦੀਆਂ ਹਨ। ਸੇਈ ਸਿਧੀਆਂ ਦਾੜ੍ਹੀਆਂ ਵਾਲੇ ਗੁਰਮੁਖ ਜਨ, ਸਚੇ ਗੁਰਮੁਖ ਜਨ ਹਨ, ਗੁਰ ਚਰਨੀ ਲਗਣ ਸਮੇਂ ਜਿਨ੍ਹਾਂ ਦੀਆਂ ਗੁਰਮੁਖੀ ਸਿਧੀਆਂ ਦਾੜ੍ਹੀਆਂ ਹੀ ਸੁਤੇ ਸੁਭਾ ਗੁਰ ਚਰਨੀ ਆਣ ਲਗਦੀਆਂ ਹਨ।
ਦਿਲੋਂ ਤਾਂ ਇਹੋ ਚਾਹੁੰਦੇ ਹਨ ਕਿ ਦਾੜ੍ਹੀਆਂ ਕਿਉਂ ਆ ਗਈਆਂ? ਪਰ ਆਈਆਂ ਦਾੜ੍ਹੀਆਂ ਦੀ ਲਾਜ ਜ਼ਰੂਰ ਰਖਣੀ ਪੈਂਦੀ ਹੈ, ਸਿਖ ਭੀ ਕਹਾਉਂਦੇ ਰਹਿਣ ਤੇ ਆਪੋ ਆਪਣੇ ਡੀਪਾਰਟਮੈਂਟਾਂ ਦੇ ਅਫ਼ਸਰਾਂ ਨੂੰ ਭੀ ਖ਼ੁਸ਼ ਰਖਦੇ ਰਹਿਣ, ਪਰ ਉਹ ਖ਼ੁਸ਼ ਫੇਰ ਭੀ ਨਹੀਂ ਹੁੰਦੇ । ਉਹ ਆਨਮਤੀ ਲੋਗ ਤਾਂ ਏਸ ਗੱਲ ਵਿਚ ਖ਼ੁਸ਼ ਹਨ ਕਿ ਸਿਖ ਭੀ ਸਾਰੇ ਓਹਨਾਂ ਵਾਂਗ ਮੋਨੇ ਹੋ ਜਾਣ। ਸਵਾਰਥੀ ਸਿਖ ਚਾਹੇ ਹਿੰਦੂਆਂ ਵਾਲੀ ਦਾੜ੍ਹੀ ਮੁੰਨਣ ਵਾਲੀ ਵਾਦੀ ਵਿਚ ਤਾਂ ਨਹੀਂ ਪੈ ਸਕਦੇ, ਪਰ ਦਾੜ੍ਹੀ ਮੁੜਚੁੰਨ ਕੇ, ਮਰੋੜ ਤੋੜ ਕੇ ਚੜ੍ਹਾਉਣ ਵਿਚ ਹੀ ਹਿੰਦੂਆਂ ਦੀ ਸਵਾਰਥ - ਪਸਿੰਦੀ ਖ਼ੁਸ਼ਨੂਦੀ ਲੈਂਦੇ ਹਨ। ਇਹ ਸਵਾਰਥ-ਪਸਿੰਦੀ ਸਿਖਾਂ ਦੇ ਕਿਸੇ ਕੰਮ ਭੀ ਨਹੀਂ ਆਉਣੀ, ਸਗੋਂ ਆਪਣਾ ਹੀ ਪਰਮਾਰਥ ਵਿਗਾੜ ਬੈਠਣਗੇ ।
ਸਵਾਰਥ-ਪਸਿੰਦ ਵਿਗੜੇ ਹੋਏ ਸਿਖ ਅਗੋਂ ਇਹ ਹੁੱਜਤ ਭੇੜਦੇ ਹਨ ਕਿ ਦਾੜ੍ਹੀ ਚੜ੍ਹਾਉਣ ਵਿਚ ਪਰਮਾਰਥ ਕਿਵੇਂ ਵਿਗੜ ਜਾਂਦਾ ਹੈ, ਪਰਮਾਰਥ ਦਾ ਸਨਬੰਧ ਤਾਂ ਮਨ ਦੇ ਨਾਲ ਹੈ। ਇਹੋ ਦਾੜ੍ਹੀ-ਮੁੰਨੇ ਭੇੜਿਆ ਕਰਦੇ ਹਨ ਤਾਂ ਅਸੀਂ ਓਹਨਾਂ ਦਾੜ੍ਹੀ ਮੁੰਨਿਆਂ ਨੂੰ ਤਾਂ ਇਹ ਜਵਾਬ ਦੇ ਦਿਆ ਕਰਦੇ ਹਾਂ ਕਿ:-
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
ਤਿਸ ਪਰ ਮੂੰਹ ਸਿਰ ਮੁੰਨਣ-ਹਾਰਿਆਂ ਨੂੰ ਹੋਰ ਤਾਂ ਉਤਰ ਫੁਰਦਾ ਨਹੀਂ, ਪਰੰਤੂ ਅਗਲੇਰੇ ਵਾਕ ਦਾ ਆਸਰਾ ਲੈਂਦੇ ਹਨ-
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (੧੩੬੫)
ਇਸ ਗੁਰਵਾਕ ਪੰਗਤੀ ਦਾ ਅਸਲ ਭਾਵ ਉਹ ਜਾਣਦੇ ਹੀ ਨਹੀਂ । ਤਤ ਭਾਵ ਇਹ ਹੈ ਕਿ ਲਾਂਬੇ ਕੇਸ ਕਰਨ ਦਾ ਜੋ ਜਟਾਧਾਰੀ ਅਨਮਤੀ ਲੋਗ ਕੁਦਰਤੀ ਕੇਸਾਂ ਵਿਚ ਭਸਮ ਰੁਮਾ ਰੁਮਾ ਕੇ ਮਸਨੂਈ (ਬਨਾਵਟੀ) ਤੌਰ ਪਰ ਜਟਾਂ ਵਧਾਉਂਦੇ ਹਨ
ਪਰ ਅਸਾਡੇ ਦਾੜ੍ਹੀ ਚਾੜ੍ਹਨ ਵਾਲੇ ਭਰਾ ਖ਼ਾਸ ਕਰ ਠੋਡੀ ਦੀ ਗਲੂੰਡੀ ਕਰ ਕੇ ਰਖਣਹਾਰੇ, ਮਨਹੁਜਤੀ ਸਿਖ ਭਾਈ ਕੇਵਲ ਇਹੋ ਹੁਜਤ ਅਗੋਂ ਡਾਹਿਆ ਕਰਦੇ ਹਨ ਕਿ ਦੇਖੋ ਸੀਸ ਦੇ ਕੇਸਾਂ ਦਾ ਭੀ ਜੂੜਾ ਕੀਤਾ ਜਾਂਦਾ ਹੈ, ਅਸੀਂ ਜੇ ਦਾੜ੍ਹੀ ਦੇ ਹੇਠਾਂ ਜੂੜਾ ਕਰ ਲਿਆ ਜਾਂ ਦਾੜ੍ਹੀ ਚੜ੍ਹਾ ਲਈ ਤਾਂ ਕਿਹੜਾ ਲੋਹੜਾ ਆ ਗਿਆ । ਇਸ ਦਾ ਉਤਰ ਏਤਨਾ ਕਾਫ਼ੀ ਹੈ ਕਿ ਗੁਰਸਿਖਾਂ ਨੇ ਦਸਮੇਸ਼ ਜੀ ਦੀ ਦ੍ਰਿੜਾਈ ਰਹਿਤ ਬਹਿਤ ਨੂੰ ਪਹਿਲੋਂ ਮੁਖ ਰਖਣਾ ਹੈ ਤੇ ਉਹਨਾਂ ਦੇ ਸਮੱਗਰ ਹੁਕਮ ਭੀ ਪਾਲਣੇ ਹਨ। ਜੈਸਾ ਕਿ-
'ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ’ ।
ਸੀਸ ਉਤੇ ਚੁਣ ਕੇ ਦਸਤਾਰ ਤਦੇ ਸਜਾਈ ਜਾ ਸਕਦੀ ਹੈ ਜੇ ਕਰ ਸੀਸ ਦੇ ਕੇਸਾ ਨੂੰ ਬਿਖਰਨੋਂ ਸੰਭਾਲ ਕੇ ਕੇਸਾਂ ਦਾ ਸੀਸ ਉਤੇ ਜੂੜਾ ਕੀਤਾ ਜਾਵੇ, ਪਰੰਤੂ ਦਾੜ੍ਹੀ ਚਪਕੌਣ ਮਰੋੜਨ ਮਚਕੋੜਨ-ਹਾਰਿਆਂ ਨੂੰ ਇਸ ਪਰਕਾਰ ਦੀ ਕੋਈ ਲੋੜ ਹੀ ਨਹੀਂ ਪੈਂਦੀ । ਦਾੜ੍ਹੀ ਤੇ ਠਾਠੀ ਬੰਨ੍ਹ ਕੇ ਜਾਂ ਜਾਲੀ ਬੰਨ੍ਹ ਕੇ ਦੀਵਾਨ ਵਿਚ ਆਉਣਾ ਹੋਰ ਭੀ ਭੈੜੀ ਮਨਮਤਿ ਹੈ । ਫ਼ੌਜ ਵਿਚ ਭੀ ਪੱਕੀ ਰਹਿਤ ਰਹਿਣੀ ਰਹਿਣ ਵਾਲੇ ਕਈ ਇਕ ਸ਼ਰਧਾਲੂ ਸਿਖ ਵੇਖਣ ਵਿਚ ਆਏ ਹਨ ਕਿ ਉਹ ਸਾਰੀ ਸਾਰੀ ਉਮਰ ਫ਼ੌਜ ਵਿਚ ਰਹਿੰਦਿਆਂ ਹੋਇਆਂ ਦਾੜ੍ਹੀ ਚਾੜ੍ਹਦੇ ਹੀ ਨਹੀਂ । ਫ਼ੌਜੀ ਸਿੰਘਾਂ ਲਈ ਇਹ ਕਾਨੂੰਨ ਮੰਨ ਲੈਣਾ ਭੀ ਮਹਾਂ ਮਨਮਤਿ ਹੈ ਕਿ ਫ਼ੌਜੀ ਸਿੰਘਾਂ ਲਈ ਦਾੜ੍ਹੀ ਚਾੜ੍ਹਨੀ ਜ਼ਰੂਰੀ ਹੈ । ਐਸਾ ਮੰਨ ਲੈਣਾ ਮਹਾਂ ਕਮਜ਼ੋਰੀ ਹੈ। ਕਮਜ਼ੋਰੀ ਐਸੀ ਵਾਪਰ ਗਈ ਹੈ ਕਿ ਫ਼ੌਜੀ ਸਿੰਘਾਂ ਦੀ ਵੇਖੋ ਵੇਖੀ ਦੂਜੇ ਮਹਿਕਮਿਆਂ ਦੇ ਸਿਖ ਭੀ ਬੇਦਰੇਗ਼ ਦਾੜ੍ਹੀਆਂ ਚਾੜਨ ਲਗ ਪਏ ਹਨ । ਐਥੋਂ ਤਕ ਕਿ ਨਿਝੱਕ ਹੋ ਕੇ ਅਜ ਸਮੂਹ ਮਹਿਕਮਿਆਂ ਦੇ ਅਜਿਹੇ ਸਮੂਹ ਮੁਲਾਜ਼ਮ ਸਿਖ ਗੁਰੂ ਕੇ ਦੀਵਾਨਾਂ ਵਿਚ ਭੀ ਦਾੜ੍ਹੀਆਂ ਨਰੜ ਕੇ ਆਉਂਦੇ ਹਨ । ਦਾੜ੍ਹੀਆਂ ਨਰੜ ਕੇ ਦੀਵਾਨਾਂ ਵਿਚ ਆਉਣ ਨੂੰ ਫ਼ਖਰ ਸਮਝਿਆ ਜਾਂਦਾ ਹੈ । ਤੁਸੀਂ ਅਜ ਕਲ ਗੁਰੂ ਕੇ ਦੀਵਾਨਾਂ ਵਿਚ ਵੇਖੋਗੇ ਕਿ ਕੋਈ ਅਜਿਹੇ ਵਿਰਲੇ ਵਾਂਝੇ ਸਿਖ ਹੀ ਹੁੰਦੇ ਹਨ ਜਿਨ੍ਹਾਂ ਦੇ ਗੁਰਮੁਖੀ ਦਾੜ੍ਹੇ ਹੁੰਦੇ ਹਨ। ਨਹੀਂ ਤੇ ਸਾਰਿਆਂ ਨੂੰ ਹੀ ਇਹ ਵਾਦੀ ਵਗੀ ਹੋਈ ਹੈ ਕਿ ਦਾੜ੍ਹੇ ਨਰੜ ਕੇ ਦੀਵਾਨਾਂ ਵਿਚ ਆਉਣਗੇ, ਦਾੜ੍ਹੀ ਨਰੜ ਕੇ ਦੀਵਾਨਾਂ ਵਿਚ ਆਉਣ ਤੋਂ ਕਦੇ ਭੀ ਨਹੀਂ ਝਿਜਕਣਗੇ ।
ਅਸਾਡਾ ਇਹ ਹੲਗਿਜ ਯਕੀਨ ਨਹੀਂ ਕਿ ਹਰ ਪਰਕਾਰ ਦੇ ਦਾੜ੍ਹੀ ਚਾੜ੍ਹਨਹਾਰੇ ਸਿਖਾਂ ਦਾ ਸੁਪਨ ਮਾਤਰ ਵਿਚ ਵੀ ਐਸਾ ਖ਼ਿਆਲ ਹੈ। ਬਲਕਿ ਓਹਨਾਂ ਨੂੰ ਦਾੜੀ ਕੇਸਾਂ ਦੀ ਰਖਿਆ ਦਾ ਪੱਕਾ ਯਕੀਨ ਹੈ, ਓਹਨਾਂ ਨੂੰ ਦਾੜ੍ਹੀ ਮਰੋੜਨ ਮਚਕੋੜਨ ਦਾ ਦੇਖਾ ਦੇਖੀ ਰਿਵਾਜ ਪਿਆ ਹੋਇਆ ਹੈ। ਪਰੰਤੂ ਇਹ ਐਸਾ ਭੈੜਾ ਰਿਵਾਜ ਪਿਆ ਹੈ ਕਿ ਦਿਨੋ ਦਿਨ ਵਧਦਾ ਹੀ ਜਾਂਦਾ ਹੈ । ਏਥੋਂ ਤਾਈਂ ਕਿ ਕਿਸੇ ਭੀ ਮਹਿਕਮੇ ਦਾ ਕੋਈ ਸਿੱਖ ਐਸਾ ਨਜ਼ਰ ਨਹੀਂ ਆਉਂਦਾ ਕਿ ਜੋ ਦਾੜੀ ਨਾ ਨਰੜਦਾ ਹੋਵੇ । ਸਾਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਕਈ ਇਕ ਐਸੇ ਸਿਖ ਭੀ ਹਨ ਜਿਨ੍ਹਾਂ ਦੀਆਂ ਜਨਾਨੀਆਂ ਨੂੰ ਆਪਣੇ ਪਤੀਆਂ ਦੀਆਂ ਚਾੜ੍ਹੀਆਂ ਦਾੜ੍ਹੀਆਂ ਹੀ ਚੰਗੀਆਂ ਲਗਦੀਆਂ ਹਨ।
ਜੱਥੇ ਵਿਚ ਐਸ ਕੇਸ ਭੀ ਪੇਜ਼ ਹੋਏ ਹਨ ਕਿ ਸਿੰਘਾਂ ਨੂੰ ਜਦੋਂ ਪੁਛਿਆ ਗਿਆ ਕਿ ਤੁਸੀਂ ਆਪਣੀਆਂ ਜ਼ਨਾਨੀਆਂ ਨੂੰ ਘਰ ਕਿਉਂ ਨਹੀਂ ਵਸਾਉਂਦੇ । ਤਾਂ ਓਹਨਾਂ ਨੇ ਸਪੱਸ਼ਟ ਉਤਰ ਦਿਤਾ ਕਿ ਉਹਨਾਂ ਦੀਆਂ ਜ਼ਨਾਨੀਆਂ ਇਹ ਚਾਹੁੰਦੀਆਂ ਹਨ ਕਿ ਕਾਲੇ ਵਾਲਾਂ ਨੂੰ ਘਰੜ ਮੁਨਾ ਦੇਣ, ਤਾਂ ਅਸੀਂ ਓਹਨਾਂ ਦੇ ਵਸਾਂਗੀਆਂ । ਪਰੰਤੂ ਤਿਨ੍ਹਾਂ ਸਿਦਕੀ ਸਿੰਘਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਆਪਣੀਆਂ ਕੁਵੱਲ-ਬੇਧੀਆਂ ਇਸਤ੍ਰੀਆਂ ਦੇ ਗੁਰਮਤਿ-ਹੀਣੇ ਤੇ ਮਨਮਤਿ-ਭਰੇ ਇਸ ਹੁਕਮ ਨੂੰ ਮੰਨਣ, ਤਾਂ ਤੇ ਤਿਨ੍ਹਾਂ ਦਾ ਤਿਆਗ ਹੀ ਓਹਨਾਂ ਨੂੰ ਭਲਾ ਜਾਪਿਆ । ਪੜਤਾਲ ਕਰਨ ਤੋਂ ਪਤਾ ਲਗਾ ਕਿ ਕਈਆਂ ਨੇ ਆਪਣੇ ਕਾਲੇ ਵਾਲ ਪੁਟ ਕੇ ਸਾਫ਼ ਕਰ ਛਡੇ ਸਨ । ਕਈ ਨਾਮ-ਧਰੀਕ ਸਿਖ ਸਿਖਣੀਆਂ ਇੰਦਰ ਬਾਗ ਵਾਲੇ ਰੋਮਾਂ ਨੂੰ ਉਡਾ ਦੇਣਾ ਅਤੇ ਘਰੜ ਮੁਨਾ ਦੇਣਾ ਮਨਮਤਿ ਹੀ ਨਹੀਂ ਸਮਝਦੇ । ਜੋ ਕੱਚ-ਘਰੜ ਸਿਖ ਕੇਵਲ ਮਨ-ਮੰਨੀ ਸਰੀਰਕ ਸੁਹੱਪਣ ਖ਼ਾਤਰ ਦਾੜ੍ਹੀਆਂ ਦੀ ਬੇਅਦਬੀ ਕਰਦੇ ਹਨ, ਉਹ ਮਹਾਂ ਮਨਮਤੀਏ ਹਨ। ਦਾੜੀਆਂ ਸੋਹਣੀਆਂ ਲਗਣ ਲਈ ਚੜ੍ਹਾਉਣਾ, ਮਰੋੜਨਾ ਮਚਕੋੜਨਾ ਭਾਰੀ ਮਨਮਤਿ ਹੈ।
ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (੬੦੧)
ਗੁਰਵਾਕ ਦੇ ਭਾਵ ਅਨੁਸਾਰ ਨਿਤ ਨਵੇਂ ਦਿਨ ਅਤੇ ਨਵੇਂ ਸਿਰੇ ਦਾੜ੍ਹੀਆਂ ਮੁੰਨਣ ਵਾਲੇ ਪ੍ਰਾਣੀ ਵਾਹਿਗੁਰੂ ਦਾ ਭਾਣਾ ਛਡ ਕੇ ਨਿਰਾ ਆਪਣੇ ਮਨ ਦਾ ਮਤਾ ਮੰਨ ਕੇ ਚਲਣਹਾਰੇ ਮਨਮੁਖ ਵਿਛੁੜਿ ਚੋਟਾਂ ਖਾਵਣਹਾਰ ਪ੍ਰਾਣੀ ਹਨ । ਜੋ ਸਚਿਆਰ ਸਿਖ ਗੁਰੂ ਵਾਹਿਗੁਰੂ ਦਾ ਭਾਣਾ ਸਤਿ ਸਤਿ ਕਰਕੇ ਮੰਨਦੇ ਹਨ ਉਹ ਕਦੇ ਭੀ ਵਾਹਿਗੁਰੂ ਦੇ ਭਾਣੇ ਤੋਂ ਉਲਟ ਦਾੜ੍ਹੀਆਂ ਕੇਸਾਂ ਦਾ ਮੁੰਡਣ ਨਹੀਂ ਕਰਾਉਂਦੇ ।
ਓਹੀ ਗੁਰੂ ਕੇ ਸੇਵਕ ਸਿਖ ਹਨ ਜੋ ਗੁਰਬਾਣੀ ਰਾਹੀਂ ਆਇਆ ਹਰ ਇਕ ਹੁਕਮ ਸਤਿ ਸਤਿ ਕਰ ਮੰਨਦੇ ਹਨ । ਖਿਨ ਖਿਨ ਸੁਆਸਿ ਸੁਆਸਿ ਨਾਮ ਅਭਿਆਸ ਸਿਮਰਨ ਕਰਨਾ, ਖ਼ਾਸ ਮਖ਼ਸੂਸੀ ਗੁਰੂ ਵਾਹਿਗੁਰੂ ਨੂੰ ਦਿਨੇ ਰਾਤ ਸੇਵਨਾ ਹੈ। ਇਸ ਪ੍ਰਕਾਰ ਸੇਵਨਹਾਰ ਗੁਰੂ ਕੇ ਸਿਖ ਦਿਨੇ ਰਾਤ ਅਨੰਦ ਵਿਗਾਸ ਵਿਚ ਹੀ ਰਹਿੰਦੇ ਹਨ। ਸੱਦੀਆਂ ਗੁਰਮੁਖੀ ਦਾੜ੍ਹੀਆਂ ਵਾਲੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਾਲ ਹੀ ਸੋਹਣੇ ਮੁਖੜੇ ਵਾਲੇ ਹਨ, ਅਜਿਹੇ ਗੁਰੂ ਕੇ ਲਾਲ ਸਚੇ ਵਾਹਿਗੁਰੂ ਦੀ ਦਰਗਾਹ ਵਿਖੇ ਪ੍ਰਗਟ ਪਹਾਰੇ ਗੁਰਮੁਖ ਜਾਪਦੇ ਹਨ। ਓਹਨਾਂ ਦੇ ਚਿਹਰੇ ਉਤੇ ਸਚੀਆਂ ਗੁਰਮੁਖੀ ਦਾੜ੍ਹੀਆਂ ਸੋਹੰਦੀਆਂ ਹਨ ਅਤੇ ਮੁਖੋਂ ਸਚੇ ਵਾਹਿਗੁਰੂ ਦਾ ਸਚਾ ਨਾਮੁ ਖਿਨੁ ਖਿਨੁ ਉਚਾਰਨ ਕਰਦੇ ਰਹਿੰਦੇ ਹਨ। ਤਿਨ੍ਹਾਂ ਦੇ ਗੁਰਮੁਖੀ ਮੁਖਾਰਬਿੰਦ ਵਿਚੋਂ ਸਚ ਨਾਮ ਦਾ ਅਕਸੀਰ ਰਸੈਣੀ ਸਿਮਰਨ ਵੀ ਸ੍ਵਾਸਿ ਸ੍ਵਾਸਿ ਉਚਾਰਨ ਹੁੰਦਾ ਰਹਿੰਦਾ ਹੈ । ਉਹ ਹਰ-ਦਮ ਸਚੇ ਨਾਮ ਦੀਆਂ ਅਭਿਆਸ ਕਮਾਈਆਂ ਕਰਦੇ ਰਹਿੰਦੇ ਹਨ । ਓਹਨਾਂ ਦੇ ਹਿਰਦੇ ਅੰਦਰ ਗੁਰਮਤਿ ਰੂਪੀ ਸਚਾ 'ਵਾਹਿਗੁਰੂ' ਸ਼ਬਦ ਹੀ ਵਸਿਆ ਰਹਿੰਦਾ ਹੈ, ਜਿਸ ਸ਼ਬਦ ਗੁਰਮੰਤਰ ਦੇ ਖਿਨ ਖਿਨ ਅੰਦਰਿ ਰਸੇ ਰਹਿਣ ਕਰਕੇ ਉਹ ਸਦਾ ਸਤਿਗੁਰੂ ਗੁਰੂ ਵਾਹਿਗੁਰੂ ਦੇ ਸਚੇ ਸਰੂਪ ਵਿਖੇ ਹੀ ਸਮਾਏ ਰਹਿੰਦੇ ਹਨ। ਸਚੇ ਨਾਮ ਦੀ ਪੂੰਜੀ ਦੇ ਸਚੇ ਗਾਹਕ ਹੋਣ ਕਰਕੇ ਉਹ ਸਚੀ ਰਾਸੀ ਵਾਲੇ ਸਦਾਉਂਦੇ ਹਨ, ਸਚਾ ਨਾਮ ਰੂਪੀ ਧਨ ਹੀ ਓਹਨਾਂ ਦੇ ਪਲੇ ਪਿਆ ਰਹਿੰਦਾ ਹੈ । ਇਸ ਕਰਕੇ ਗੁਰੂ ਘਰ ਦੇ ਗੁਰਮੁਖੀ ਦਾੜ੍ਹੀਆਂ ਵਾਲੇ ਗੁਰਮੁਖ ਜਨ ਉਤਮ ਪਦਵੀ ਪਾਉਣ ਵਾਲੇ ਹਨ। ਓਹਨਾਂ ਦੇ ਸਰਵਣਾਂ (ਕੰਨਾਂ) ਅੰਦਰ ਸਚੇ ਨਾਮ ਦੀ ਧੁਨੀ ਹੀ ਖਿਨ ਖਿਨ ਪੈਂਦੀ ਸੁਣਾਈ ਦੇਂਦੀ ਹੈ, ਕਿਉਂਕਿ ਮਨ ਬਚਨ ਕਰਮ ਕਰਕੇ ਓਹਨਾਂ ਦੀ ਸਰਧਾ, ਅੰਤਰੀਵੀ ਸਿਦਕ ਭਾਵਣੀ ਨਾਮ ਸਿਮਰਨ ਵਿਖੇ ਹੀ ਜੰਮੀ ਰਹਿੰਦੀ ਹੈ। ਇਸ ਕਰਕੇ ਓਹ ਨਾਮ ਜਪਣ ਵਾਲੀ ਹੀ ਸਚੀ ਕਾਰ ਕਮਾਉਂਦੇ ਰਹਿੰਦੇ ਹਨ। ਤਿਨ੍ਹਾਂ ਗੁਰਮੁਖ ਜਨਾਂ ਦਾ ਹੀ ਵਾਹਿਗੁਰੂ ਦੀ ਸਚੀ ਦਰਗਾਹ ਵਿਚ ਸਸ਼ੋਭਤ ਹੋਣਾ ਸੋਹੰਦਾ ਹੈ ਅਤੇ ਸਚੇ ਵਾਹਿਗੁਰੂ ਦੇ ਸਰੂਪ ਵਿਚ ਕੇਵਲ ਤਿਨ੍ਹਾਂ ਗੁਰਮੁਖ ਜਨਾਂ ਦੀ ਹੀ ਸਮਾਈ ਹੁੰਦੀ ਹੈ । ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਸਚੇ ਸਤਿਗੁਰੂ ਬਾਝੋਂ ਅਜਿਹਾ ਸਚਾ ਨਾਮ ਵਾਹਿਗੁਰੂ ਕਦੇ ਭੀ ਪ੍ਰਾਪਤ ਨਹੀਂ ਹੁੰਦਾ । ਜੋ ਮਨਮੁਖ ਲੋਗ ਗੁਰੂ ਵਾਹਿਗੁਰੂ ਦੇ ਗੁਰਬਾਣੀ ਅੰਦਰ ਵਿਦਤਾਏ ਹੁਕਮਾਂ ਤੋਂ ਮੁਨਹਰਫ (ਮਨੁਕਰ) ਰਹਿੰਦੇ ਹਨ, ਉਹ ਸਦਾ ਹੀ ਭਰਮ-ਜਾਲ ਵਿਚ ਫਸੇ ਹੋਏ ਭੁਲੇ ਹੀ ਰਹਿੰਦੇ ਹਨ ਅਤੇ ਭਰਮ- ਭੁਲੇ ਹੀ ਚਲੇ ਜਾਂਦੇ ਹਨ।
ਇਹ ਲਿਖਤ ਉਪਰਲੇ ਮੁਢ ਵਿਚ ਦਿਤੇ ਗੁਰ ਸ਼ਬਦ ਦੀ ਤੱਤ ਵਿਆਖਿਆ ਹੈ । ਸਾਰੇ ਸ਼ਬਦ ਦਾ ਭਾਵ ਇਹੋ ਹੀ ਹੈ ਕਿ ਗੁਰਮੁਖੀ ਖੁਲ੍ਹੀਆਂ ਦਾੜ੍ਹੀਆਂ ਵਾਲੇ ਗੁਰਮੁਖਾਂ ਦੀ ਕੀਤੀ ਕਮਾਈ ਹੀ ਸਫਲ ਹੁੰਦੀ ਹੈ। ਓਹੀ ਲੋਕ ਪਰਲੋਕ ਵਿਚ ਸੁਰਖ਼ਰੂ ਹੋ ਸਕਦੇ ਹਨ ।
२
ਦਾੜ੍ਹੇ ਦੀ ਬੇਅਦਬੀ ਦੇ ਕਾਰਨ
ਤੱਤ ਗੁਰਮਤਿ ਤੋਂ ਗੁਮਰਾਹ ਜੋ ਸੁਆਰਥੀ ਕਾਰਜ ਦੀ ਕਨੌਡ ਕਰਕੇ ਆਪਣੀਆਂ ਦਾੜ੍ਹੀਆਂ ਮਰੋੜਦੇ ਮਚਕੋੜਦੇ ਹਨ, ਓਹਨਾਂ ਬਾਰੇ ਭਾਰੀ ਖ਼ਤਰਾ ਹੈ ਕਿ ਕਿਸੇ ਦਿਨ ਚੱਟਮ ਦਾੜ੍ਹੀਆਂ ਕਰ ਕੇ ਗੁਰਸਿੱਖੀ ਤੋਂ ਪਤਿਤ ਅਤੇ ਮੁਨਹਰਫ਼ (ਮਨੁਕਰ) ਹੀ ਨਾ ਹੋ ਬੈਠਣ । ਅਜਿਹੇ ਸੁਆਰਥੀ ਕੰਮ-ਕੱਢੂ ਦਾੜ੍ਹੀ-ਮਰੋੜਾਂ ਮਚਕੋੜਾਂ ਨੂੰ ਨੰਬਰਵਾਰ ਹੇਠ ਲਿਖੇ ਅਨੁਸਾਰ ਵਖੋ ਵਖ ਸ਼ਰੇਣੀਆਂ ਵਿਚ ਵਰਨਣ ਕੀਤਾ ਜਾਂਦਾ ਹੈ:-
(੧) ਸਭ ਤੋਂ ਪਹਿਲੇ ਉਹਨਾਂ ਭੇਖੀਆਂ ਦਾ ਜ਼ਿਕਰ ਕਰਨਾ ਅਹੱਮ ਜ਼ਰੂਰੀ ਹੈ ਜੋ ਵਿਆਹ (ਸ਼ਾਦੀ) ਕਰਾਉਣ ਦੀ ਖ਼ਾਤਰ ਦਾੜ੍ਹੀਆਂ ਚਾੜ੍ਹਦੇ ਹਨ। ਉਹਨਾਂ ਦੇ ਖ਼ਿਆਲ ਵਿਚ ਇਹ ਗੱਲ ਜੰਮੀ ਹੋਈ ਹੈ। ਕਿ ਦਾੜ੍ਹੀ ਚਾੜ੍ਹੇ ਬਿਨਾਂ ਵਿਆਹ ਮੰਗਣੀ ਹੁੰਦੀ ਹੀ ਨਹੀਂ । ਕਈ ਇਕ ਐਸੇ ਭੇਖੀ ਦੇਖੇ ਗਏ ਹਨ ਜਿਨ੍ਹਾਂ ਨੂੰ ਏਸੇ ਵਿਆਹ ਵਾਲੀ ਕਨੌਡ ਨਮਿਤ ਦਾੜ੍ਹੀ ਚਾੜ੍ਹਦਿਆਂ ਸਾਲਾਂ ਦੇ ਸਾਲ ਗੁਜ਼ਰ ਗਏ, ਪਰ ਮੰਗਣੀ ਵਿਆਹ ਉਹਨਾਂ ਦਾ ਫੇਰ ਭੀ ਨਾ ਹੋਇਆ। ਏਸ ਲੰਮੇ ਅਰਸੇ ਵਿਚ ਉਹਨਾਂ ਦੀਆਂ ਬੰਨ੍ਹੀਆਂ ਦਾੜ੍ਹੀਆਂ ਹੋਰ ਭੀ ਲੰਬੀਆਂ ਹੋ ਗਈਆਂ। ਉਹ ਵਿਚਾਰੇ ਕਰਨ ਤਾਂ ਕੀ ਕਰਨ! ਜਿਥੇ ਲੰਬੀ ਦਾੜ੍ਹੀ ਹੋਣ ਦੇ ਖ਼ਤਰੇ ਕਰਕੇ ਉਹਨਾਂ ਦਾੜੀਆਂ ਚਾੜ੍ਹਨੀਆਂ ਸ਼ੁਰੂ ਕੀਤੀਆਂ ਸੀ ਉਹ ਖ਼ਤਰਾ ਉਹਨਾਂ ਦੇ ਐਸਾ ਦਰਪੇਸ਼ ਆਇਆ ਕਿ ਦਾੜ੍ਹੀਆਂ ਉਹਨਾਂ ਦੀਆਂ ਅਗੇ ਨਾਲੋਂ ਭੀ ਲੰਮੀਆਂ ਹੋ ਗਈਆਂ, ਕਿਉਂਕਿ ਸੰਵਰਨ ਸ਼ਿੰਗਾਰਨ ਦੀ ਕੁਮੱਤੜੀ ਵਿਚ ਹੀ ਪਏ ਰਹਿੰਦੇ ਹਨ । ਕਈਆਂ ਦੇ ਹੀਰੇ (ਧੋਲੇ) ਵੀ ਦਾਹੜੀ ਵਿਚ ਆ ਜਾਂਦੇ ਹਨ, ਜਿਨ੍ਹਾਂ ਨੂੰ ਚੁਗਣ ਚੁਣਨ ਤੋਂ ਭੀ ਉਹ ਭੈ ਨਹੀਂ ਖਾਂਦੇ । ਕਈ ਤਾਂ ਮੂੰਹ ਉਤੇ ਗੋਹਾ (ਵਸਮਾ) ਲਾ ਲੈਂਦੇ ਹਨ, ਤਾਂਕਿ ਉਹ ਮੁੰਡੇ ਹੀ ਪ੍ਰਤੀਤ ਹੋਣ ਤੇ ਕਿਸੇ ਦੀ ਕੁੜੀ ਉਹਨਾਂ ਦੇ ਜਾਲ ਵਿਚ ਫਸ ਜਾਵੇ । ਜਿਨ੍ਹਾਂ ਨੂੰ ਸਤਿਗੁਰੂ ਨੇ ਸਰਧਾ ਸਿਦਕ ਭਾਵਨੀ ਦਿਤੀ ਹੋਈ ਹੈ, ਉਹ ਕਦੇ ਵੀ ਇਹਨਾਂ ਕੁਬਧਿਤਾਂ ਵਿਚ ਨਹੀਂ ਪੈਂਦੇ ।
ਸਾਨੂੰ ਇਥੇ ਇਕ ਸਿਦਕੀ ਸਰਧਾਵਾਨ ਸਿੰਘ ਦੀ ਉਦਾਹਰਨ ਚੇਤੇ ਆਈ ਹੈ, ਜਿਸ ਦਾ ਇੰਨ ਬਿੰਨ ਏਥੇ ਲਿਖਣਾ ਪਰਮ ਜ਼ਰੂਰੀ ਭਾਸਦਾ ਹੈ। ਇਕ ਗੁਰੂ ਕੀ ਰਹਿਤ ਰਹਿਣੀ ਬਹਿਣੀ ਵਾਲੇ ਸਿਦਕੀ ਸਿੰਘ ਪਰਮ ਸ਼ਰਧਾਵਾਨ ਦੇ ਘਰੋਂ ਸਿੰਘਣੀ ਗੁਜ਼ਰ ਗਈ । ਉਸ ਨੂੰ ਉਸ ਦੇ ਸਬੰਧੀਆਂ ਨੇ ਪਰੇਰ ਕੇ ਦੂਜੀ ਸ਼ਾਦੀ ਲਈ ਉਭਾਰ ਲਿਆ ਅਤੇ ਨਾਤਾ ਭੀ ਕਿਤੋਂ ਲਿਆ ਦਿਤਾ । ਜਦ ਨਾਤਾ ਹੋ ਚੁਕਿਆ ਤਾਂ ਨਿਕਟਵਰਤੀ ਸੰਸਾਰੀ ਲੋਕ ਉਸ ਸਿਦਕਵਾਨ ਸਿੰਘ ਨੂੰ ਐਉਂ ਪਰੇਰਨ ਲਗੇ ਕਿ ਯਾ ਤਾਂ ਦਾੜ੍ਹੀ ਤੇ ਵਸਮਾ ਲਾ ਲਵੋ ਯਾ ਧੌਲੇ ਚੁਗਾ ਲਵੋ । ਉਸ ਸਰਧਾਵਾਨ ਸਿੰਘ ਨੇ ਇਹ ਉਤਰ ਦੇ ਕੇ ਸਭ ਦੇ ਮੂੰਹ ਤੇ ਚਪੇੜ ਲਾਈ ਕਿ ਮੈਨੂੰ ਐਸਾ ਨਾਤਾ ਲੈਣ ਦੀ ਕੋਈ ਲੋੜ ਨਹੀਂ, ਜਿਸ ਦੇ ਕਾਰਨ ਮੈਨੂੰ ਮੂੰਹ ਕਾਲਾ ਕਰਨਾ ਪਵੇ । ਮੂੰਹ ਕਾਲਾ ਕਰਾ ਕੇ (ਵਸਮਾ ਲਵਾ ਕੇ) ਫੇਰ ਤੁਸੀਂ ਦਾੜ੍ਹੀ ਨਰੜਨ ਲਈ ਕਹੋਗੇ । ਦੂਜੀ ਗੱਲ ਤੁਸੀਂ ਜੋ ਧੌਲੇ ਚੁਗਉਣ ਵਾਲੀ ਆਖੀ ਹੈ, ਇਹ ਨਿਰੀ ਗੁਰਮਤਿ ਤੋਂ ਹੀਣੀ ਮਨਮਤਿ ਵਾਲੀ ਗੱਲ ਹੈ ।
(੨) ਦੂਜੇ ਦਾੜ੍ਹੀ ਨਰੜਣ ਵਾਲੇ ਸੁਆਰਥੀ ਪੁਰਸ਼ ਉਹ ਹਨ ਜੋ ਸਿਰਫ਼ ਨੌਕਰੀ ਦੀ ਕਨੌਡ ਕਰਕੇ ਦਾੜ੍ਹੀ ਨਰੜਦੇ ਹਨ । ਅਜਿਹੇ ਨੌਕਰੀ- ਕਨੌਡੀਆਂ ਦੀ ਸ਼ਰਧਾ ਸਿਦਕ ਭਰੀ ਸਿੱਖੀ ਭੀ ਬੜੇ ਖ਼ਤਰੇ ਵਿਚ ਹੈ।
(੩) ਤੀਜੀ ਸ਼ਰੇਣੀ ਦੇ ਅਜਿਹੇ ਕਮਜ਼ੋਰ ਖ਼ਿਆਲਾਂ ਵਾਲੇ ਸਿਖੜੇ ਭੀ ਹਨ ਜੋ ਕੇਵਲ ਲਾਜ ਦੇ ਕਾਰਨ ਜਦੋਂ ਆਪੋ ਆਪਣੇ ਮਹਿਕਮਿਆਂ ਵਿਚ ਜਾਂਦੇ ਹਨ ਓਦੋਂ ਤਾਂ ਦਾੜ੍ਹੀ ਚੀਰ ਕੇ, ਦੋ ਫਾੜ ਕਰਕੇ ਚਾੜ੍ਹ ਲੈਂਦੇ ਹਨ, ਪਰ ਜਦੋਂ ਗੁਰੂ ਦੀਆਂ ਸੰਗਤਾਂ ਵਿਚ ਆਉਂਦੇ ਹਨ ਓਦੋਂ ਦਾੜ੍ਹਾ ਸਿਧਾ ਗੁਰਮੁਖੀ ਕਰ ਲੈਂਦੇ ਹਨ । ਇਕ ਪ੍ਰੋਫੈਸਰ ਪੇਸ਼ੇ ਵਾਲਾ ਸਿੰਘ ਦਾੜ੍ਹੀ ਚਾੜ੍ਹ ਕੇ ਕੀਰਤਨ ਕਰਨ ਲੱਗਾ, ਪਰ ਅਸੀਂ ਉਸ ਨੂੰ ਵਾਜੇ ਉਤੇ ਨਾ ਬੈਠਣ ਦਿਤਾ ਕਿ ਦਾੜ੍ਹੀ ਖੋਲ੍ਹ ਕੇ ਬੈਠ । ਉਸ ਨੇ ਬੜੀ ਘਿਗਿਆ ਕੇ ਬੇਨਤੀ ਕੀਤੀ ਕਿ ਘਟ ਤੋਂ ਘਟ ਇਸ ਸ਼ਹਿਰ ਵਿਖੇ, ਜਿਥੇ ਕਿ ਮੈਂ ਪ੍ਰੋਫੈਸਰ ਹਾਂ, ਮੈਨੂੰ ਚੜ੍ਹੇ ਦਾੜ੍ਹੇ ਸਮੇਤ ਕੀਰਤਨ ਕਰਨ ਦੀ ਆਗਿਆ ਮਿਲ ਜਾਵੇ । ਅਸੀਂ ਬਿਲਕੁਲ ਨਾ-ਮਨਜ਼ੂਰ ਕੀਤਾ। ਵਿਚੋਂ, ਇਹ ਗੱਲ ਨਿਕਲੀ ਕਿ ਉਸ ਕਾਲਜ ਦੇ ਮੁੰਡੇ, ਜਿਥੇ ਉਹ ਪ੍ਰੋਫੈਸਰ ਲਗਾ ਹੋਇਆ ਸੀ, ਉਸ ਨੂੰ ਮੁਲਾਂ ਮੁਲਾਣਾਂ ਆਖ ਕੇ ਮਿਹਣਾ ਮਾਰਦੇ, ਜਦੋਂ ਕਦੇ ਕਿਤੇ ਉਹ ਦਾੜ੍ਹਾ ਖੋਲ੍ਹ ਲੈਂਦਾ ਸੀ । ਜਿਨ੍ਹਾਂ ਗੁਰੂ ਕੇ ਤਾਰਿਆਂ ਸਿਖਾਂ ਨੂੰ ਗੁਰਮਤਿ ਨਾਲ ਸੱਚੀ ਸਿਦਕ ਭਾਵਨੀ ਹੈ ਉਹ ਬਰਸਾਂ ਬੱਧੀ ਸਕੂਲਾਂ ਦੇ ਹੈਡਮਾਸਟਰ ਤੇ ਕਾਲਜਾਂ ਦੇ ਪ੍ਰਿੰਸੀਪਲ ਭੀ ਰਹੇ, ਪ੍ਰੰਤੂ ਉਹਨਾਂ ਦੇ ਦਾੜ੍ਹੇ ਗੁਰਮੁਖੀ ਹੀ ਸਜੇ ਰਹੇ । ਮਜਾਲ ਹੈ ਕਿ ਰੰਚਕ ਮਾਤਰ ਭੀ ਲਰਜ਼ਿਸ਼ (ਕਾਂਪ) ਆਈ ਹੋਵੇ ।
(੪) ਚੌਥੀ ਸ਼ਰੇਣੀ ਦੇ ਅਜਿਹੇ ਨਾਮ-ਧਰੀਕ ਸਿਖ ਹਨ ਜੋ ਕੇਵਲ ਸ਼ੁਕੀਨ ਬਣਨ ਦੀ ਖ਼ਾਤਰ ਦਾੜ੍ਹੀਆਂ ਚਾੜ੍ਹਦੇ ਹਨ ਤੇ ਮੁੱਛਾਂ ਮਰੋੜ ਕੇ ਰਖਦੇ ਹਨ । ਦਸਤਾਰੇ ਦੇ ਉਪਰ ਤੁਰਲਾ ਭੀ ਰਖਦੇ ਹਨ । ਉਹਨਾਂ ਦਾ ਸ਼ੌਕ ਇਹੋ ਹੀ ਹੈ ਕਿ ਅਸੀਂ ਜਵਾਨ ਹੀ ਪ੍ਰਤੀਤ ਹੋਈਏ। ਏਸ ਜਵਾਨੀ ਨੇ ਸਦਾ ਰਹਿਣਾ ਨਹੀਂ । ਓੜਕ ਬੁਢੇਪਾ ਆ ਹੀ ਜਾਣਾ ਹੈ ਤੇ ਇਹਨਾਂ ਸ਼ੁਕੀਨਾਂ ਦਾ ਸ਼ੁਕੀਨੀ ਪਾਜ ਭੀ ਜ਼ਰੂਰ ਲਹਿਣਾ ਹੈ।
(੫) ਪੰਜਵੀਂ ਸ਼ਰੇਣੀ ਦੇ ਅਜਿਹੇ ਕਾਮ-ਵਿਆਪਕ ਕੁਬੁਧ ਨਰ ਭੀ ਹਨ ਜੋ ਆਪਣੇ ਘਰ ਦੀਆਂ ਜੋਰੂਆਂ (ਜ਼ਨਾਨੀਆਂ) ਦੇ ਕਹੇ ਤੇ ਦਾੜ੍ਹੀਆਂ ਚੜ੍ਹਾਂਦੇ ਹਨ ਕਿ ਅਸੀਂ ਸੋਹਣੇ ਲੱਗੀਏ । ਅਜਿਹੀਆਂ ਜ਼ਨਾਨੀਆਂ ਨੂੰ ਤਾਂ ਉਹ ਸੋਹਣੇ ਤਾਂ ਹੀ ਲਗਣਗੇ ਕਿ ਮੂੰਹ ਤੇ ਦਾੜ੍ਹੀ ਦਾ ਨਮੂਦ ਹੀ ਨ ਰਹੇ ।
ਕੈਸੀ ਸ਼ਰਮਨਾਕ ਹਾਲਤ ਹੈ, ਸ਼ਰਮਨਾਕ ਹੀ ਨਹੀਂ, ਖ਼ਤਰਨਾਕ ਹੈ, ਉਪਰ ਅੰਕਤਾਏ ਪੰਜਾਂ ਨੰਬਰਾਂ ਵਿਚ ਆਏ ਦਾੜ੍ਹੀ-ਨਰੜ ਭੇਖੀ ਸਿਖਾਂ ਦੀ ਜੋ ਦੋਹੀਂ ਸਰਾਈਂ ਨਿਰੇ ਝੂਠੇ ਤੇ ਪਾਜਲ ਸਿਖ ਹੀ ਰਹਿਣਗੇ । ਖ਼ਾਸ ਕਰ ਗੁਰੂ ਨਾਨਕ ਦਸਮੇਸ਼ ਜੀ ਦੀ ਸੱਚੀ ਦਰਗਾਹ ਵਿਚ ਉਹਨਾਂ ਨੂੰ ਕਦੇ ਭੀ ਢੋਈ ਨਹੀਂ ਮਿਲਣੀ । ਇਹ ਗੱਲ ਅਛੀ ਤਰ੍ਹਾਂ ਯਾਦ ਰਹੇ ਕਿ ਅਸਾਡੀਆਂ ਦਸੇ ਗੁਰੂ ਪਾਤਸ਼ਾਹੀਆਂ ਸਿਧੀਆਂ ਗੁਰਮੁਖੀ ਦਾੜ੍ਹੀਆਂ ਸਮੇਤ ਹੀ ਰਹੀਆਂ, ਬਲਕਿ ਸਾਰੇ ਗੁਰੂ ਪਾਤਸ਼ਾਹੀਆਂ ਦੇ ਸਮੇਂ ਦੇ ਗੁਰਸਿਖ ਭੀ ਗੁਰਮੁਖੀ ਦਾੜ੍ਹੀਆਂ ਵਾਲੇ ਸਚੇ ਸਿੰਘ ਸੁਅਜਨ ਹੀ ਗੁਰੂ ਕੇ ਸਚਿਆਰ ਸਿੰਘ ਸੋਭਦੇ ਹਨ । ਇਹ ਦਾੜ੍ਹੀ ਨਰੜਨ ਦੀ ਕੁਬਿਧਤ ਕੇਵਲ ਦੇਖਾ ਦੇਖੀ ਹੀ ਪਈ ਹੋਈ ਹੈ । ਅਤੇ ਬਹੁਤੀ ਸੁਆਰਥ ਅਧੀਨ ਨੌਕਰਾਂ ਚਾਕਰਾਂ ਨੂੰ ਹੀ ਪਈ ਹੋਈ ਹੈ, ਜਿਨ੍ਹਾਂ ਦਾ ਸਿਖੀ ਸਿਦਕ ਹਰਦਮ ਖ਼ਤਰੇ ਵਿਚ ਹੈ।
३
ਫ਼ੌਜੀ ਦਾੜ੍ਹੀਆਂ ਨਰੜਨ ਵਾਲਿਆਂ ਦੇ ਢੋਲ ਦਾ ਪੋਲ
ਇਹ ਗੱਲ ਨਿਸਚਤ ਕਰਕੇ ਸਚੀ ਜਾਨਣੀ ਕਿ ਫ਼ੌਜੀਆਂ ਲਈ ਏਸ ਕਰਕੇ ਦਾੜ੍ਹੀ ਨਰੜਨ ਦਾ ਸਰਕਾਰੀ ਹੁਕਮ ਨਹੀਂ ਹੋਇਆ ਕਿ ਓਹਨਾਂ ਦਾ ਦਾੜ੍ਹਾ ਬੰਦੂਕ ਚਲਾਉਣ ਲਗਿਆਂ ਕੁੰਦੇ ਦੇ ਹੇਠਾਂ ਆ ਜਾਂਦਾ ਸੀ ਅਤੇ ਦਾੜ੍ਹੀ ਦੇ ਰੋਮਾਂ ਦੀ ਬੇਅਦਬੀ ਹੋਂਦੀ ਸੀ । ਸਾਨੂੰ ਇਹ ਗੱਲ ਸਾਡੇ ਇਕ ਨਿਕਟਵਰਤੀ ਸੂਬੇਦਾਰ ਸ਼ਾਮ ਸਿੰਘ ਨੇ, ਜੋ ਸਾਡੇ ਭਤੀਜੇ ਸਜਣ ਸਿੰਘ ਦੇ ਪਿਤਾ ਸਨ, ਸਚੋ ਸਚ ਦਸੀ ਕਿ ਅਸੀਂ ਜਦੋਂ ਸਿਪਾਹੀ ਨਾਵੇਂ ਹੁੰਦੇ ਸਾਂ ਤਾਂ ਅਸੀਂ ਬੰਦੂਕ ਚਲਾਉਂਦੇ ਰਹੇ ਹਾਂ, ਸਾਡਾ ਦਾੜ੍ਹਾ ਕਦੇ ਕੁੰਦੇ ਹੇਠ ਨਹੀਂ ਆਇਆ ਅਤੇ ਨਾ ਹੀ ਕੁੰਦਾ ਦਾੜ੍ਹੇ ਦੇ ਰੋਮਾਂ ਨੂੰ ਕੋਈ ਨੁਕਸਾਨ ਪੁਚਾ ਸਕਦਾ ਹੈ। ਉਨ੍ਹਾਂ ਨੇ ਇਹ ਗੱਲ ਸਚੋ ਸਚ ਦਸੀ ਕਿ ਉਸ ਵੇਲੇ ਦੇ ਪੰਥ-ਭੂਸ਼ਨਾਂ ਨੇ ਹੀ ਅੰਗਰੇਜ਼ ਗੌਰਮੈਂਟ ਨੂੰ ਪ੍ਰੇਰ ਕੇ ਦਾੜ੍ਹੀਆਂ ਚੜ੍ਹਵਾਈਆਂ । ਕੇਵਲ ਦਾੜੀਆਂ ਹੀ ਨਹੀਂ ਚੜ੍ਹਵਾਈਆਂ ਬਲਕਿ ਫ਼ੌਜੀ ਸਿਖਾਂ ਲਈ ਸ਼ਰਾਬ ਪੀਣ ਦਾ ਭੀ ਹੁਕਮ ਦਿਵਾਇਆ। ਓਰੀਐਂਟਲ ਕਾਲਜ ਵਿਚ ਸਰਕਾਰੀ ਮੁਲਾਜ਼ਮ ਉਸ ਵੱਲੇ ਦੇ ਪ੍ਰਸਿਧ ਗਿਆਨੀ ਨੇ ਤਾਂ ਫ਼ੌਜੀਆਂ ਨੂੰ ਦਾੜ੍ਹੀ ਚਾੜ੍ਹਣ ਦਾ ਪ੍ਰੇਰ ਕੇ ਹੁਕਮ, ਉਸ ਵਕਤ ਦੀ ਸਰਕਾਰ ਵਲੋਂ ਦਿਵਾਇਆ। ਉਹ ਦਸਦੇ ਸਨ ਕਿ ਸਾਡੀ ਹੈਰਾਨੀ ਦੀ ਹਦ ਨਾ ਰਹੀ ਜਦੋਂ ਉਸ ਵੇਲੇ ਦੇ ਮੁਖੀ ਭੂਸ਼ਨ ਨੇ ਸਾਡੀ ਫ਼ੌਜ ਵਿਚ ਆ ਕੇ ਬਰਾਂਡੀ ਦਾ ਪਿਆਲਾ ਸਾਥੋਂ ਮੰਗਵਾਇਆ ਅਤੇ ਵੰਗਾਰ ਕੇ ਇਉਂ ਆਖਿਆ ਕਿ ਅਸੀਂ ਹੀ ਬਰਾਂਡੀ ਸ਼ਰਾਬ ਫ਼ੌਜੀ ਸਿਖਾਂ ਲਈ ਜਾਇਜ਼ ਕਰਾਰ ਦਿਵਾਈ ਹੈ। ਦਾਸ ਨੇ ਓਹਨਾਂ ਪਾਸੋਂ ਇਹ ਗੱਲ ਸੁਣ ਕੇ ਪਹਿਲਾਂ ਤਾਂ ਓਰੀਐਂਟਲ ਕਾਲਜ ਵਾਲੇ ਗਿਆਨੀ ਜੀ ਪਾਸ ਜਾ ਕੇ ਮੁਲਾਕਾਤ ਕੀਤੀ । ਜਦੋਂ ਅਸੀਂ ਗਿਆਨੀ ਜੀ ਨੂੰ ਜਾ ਕੇ ਵੇਖਿਆ ਕਿ ਉਹਨਾਂ ਦੀ ਦਾੜ੍ਹੀ ਚੜ੍ਹੀ ਹੋਈ ਹੈ ਤਾਂ ਬੜੀ ਹੀ ਹੈਰਾਨੀ ਹੋਈ। ਉਹ ਬ੍ਰਿਧ ਗਿਆਨੀ ਸਨ, ਦਾੜ੍ਹੀ ਵਿਚ ਹੀਰੇ ਵੀ ਆਏ ਹੋਏ ਸਨ । ਅਸੀਂ ਨਿਝਕ ਹੋ ਕੇ ਗਿਆਨੀ ਜੀ ਨੂੰ ਪੁਛਿਆ ਕਿ ਪ੍ਰਸਿਧ ਗਿਆਨੀ ਜੀ ! ਕੀ ਆਪ ਨੇ ਨਵਾਂ ਵਿਆਹ ਤਾਂ ਨਹੀਂ ਕਰਾਉਣਾ ਜਾਂ ਫ਼ੌਜ ਵਿਚ ਭਰਤੀ ਤਾਂ ਨਹੀਂ ਹੋਣਾ ? ਆਪ ਨੇ ਬੁਢੇਪੇ ਸਮੇਂ ਦਾੜ੍ਹੀ ਕਿਉਂ ਨਰੜੀ ਹੈ ? ਜਿਸ ਦਾ ਗਿਆਨੀ ਜੀ ਨੂੰ ਕੋਈ ਉਤਰ ਨ ਔੜਿਆ । ਅਸੀਂ ਓਹਨਾਂ ਨੂੰ ਖਿਝ ਕੇ ਆਖਿਆ ਕਿ ਫ਼ੌਜਾਂ ਵਿਚ ਸਿੰਘਾਂ ਦੀ ਦਾੜ੍ਹੀ ਚੜ੍ਹਾਉਣ ਦਾ ਸਰਕਾਰੀ ਹੁਕਮ ਕਰਾਉਣ ਵਾਲੇ ਤੁਸੀਂ ਹੋ । ਆਪਣੇ ਐਬ ਨੂੰ ਢਕਣ ਵਾਸਤੇ ਤੁਸੀਂ ਨਾ ਸਿਰਫ਼ ਅਜ ਫ਼ੌਜੀ ਸਿੰਘਾਂ ਦੀ ਦਾੜ੍ਹੀ ਨਰੜਵਾਈ ਹੈ ਬਲਕਿ ਤੁਹਾਡੀ ਰੀਸ ਨਾਲ ਹੋਰ ਬਹੁਤ ਸਾਰੇ ਸਿਖ ਬੁੱਢੜ ਹਰੇਕ ਮਹਿਕਮੇ ਦੇ ਹੀ ਦਾੜ੍ਹੀ ਚੜ੍ਹਾਇਆ ਕਰਨਗੇ ਅਤੇ ਤੁਹਾਡਾ ਫ਼ਤੂਰ ਪਾਇਆ ਤੁਹਾਨੂੰ ਹੀ ਭੁਗਤਣਾ ਪਵੇਗਾ । ਜਿਸਦਾ ਸਚਮੁਚ ਪਿਛੋਂ ਜਾ ਕੇ ਨਤੀਜਾ ਨਿਕਲਿਆ ਕਿ ਪ੍ਰਸਿਧ ਗਿਆਨੀ ਜੀ ਦੀ ਸੰਤਾਨ, ਜੋ ਗਿਆਨੀ ਜੀ ਦੀ ਰੀਸੇ ਦਾੜ੍ਹੀ ਚੜਾਉਣ ਲਗ ਪਈ ਸੀ, ਉਹਨਾਂ ਨੇ ਵਲਾਇਤ ਜਾ ਕੇ ਦਾੜ੍ਹੀ ਉਕੀ ਹੀ ਘਰੜ ਮੁਨਾ ਛਡੀ ਅਤੇ ਸੀਸ ਦੇ ਕੇਸ ਭੀ ਚਟਮ ਕਰਾ ਛਡੇ। ਦੂਜੇ ਪ੍ਰਸਿਧ ਪੰਥ ਭੂਸ਼ਨ ਜੋ ਉਸ ਵਕਤ ਦੇ ਪੰਥਕ ਲੀਡਰ ਕਹਾਉਂਦੇ ਸਨ, ਅਸੀਂ ਖ਼ੁਦ ਸ਼ਰਾਬ ਪੀਂਦੇ ਦੇਖੇ ।
ਦੋਹਾਂ ਉਦਾਹਰਣਾਂ ਦਾ ਸਚਾ ਪਰਤਾਵਾ ਲੈ ਕੇ ਅਸੀਂ ਮੁੜ ਆਪਣੇ ਸੂਬੇਦਾਰ ਵੀਰ ਪਾਸ ਪਹੁੰਚੇ ਅਤੇ ਉਹਨਾਂ ਨੂੰ ਆਖਿਆ ਕਿ ਤੁਹਾਡਾ ਕਹਿਣਾ ਸੋਲ੍ਹਾਂ ਆਨੇ ਸਚ ਹੈ। ਓਹਨਾਂ ਨੇ ਵੰਗਾਰ ਕੇ ਆਖਿਆ ਕਿ ਅੰਗਰੇਜ਼ੀ ਸਰਕਾਰ ਦੇ ਫ਼ੌਜੀ ਅਫ਼ਸਰਾਂ ਨੂੰ ਇਹ ਪੱਕਾ ਯਕੀਨ ਸੀ ਕਿ ਸਿੰਘਾਂ ਵਿਚ (ਮਾਰਸ਼ਲ) ਫ਼ੌਜੀ ਸਪਿਰਟ ਖੰਡੇ ਦੇ ਅੰਮ੍ਰਿਤ ਛਕਣ ਕਰਕੇ ਹੈ, ਨਾ ਕਿ ਸ਼ਰਾਬ ਪੀਣ ਦੇ ਢੋਂਗ ਕਰਕੇ। ਦਾੜ੍ਹੀ ਨਰੜਨਾ ਭੀ ਫ਼ੌਜੀ ਸਿੰਘਾਂ ਲਈ ਇਕ ਫ਼ਾਲਤੂ ਬਹਿਦਤ (ਬਿਦਤ) ਚਮੋੜੀ ਗਈ ਹੈ । ਚਾਹੇ ਮੈਂ ਸੂਬੇਦਾਰ ਹੁੰਦਾ ਹੋਇਆ ਫ਼ੌਜੀ ਹੁਕਮ ਨੂੰ ਮੰਨ ਕੇ ਇਹਨਾਂ ਦੋਹਾਂ ਕੁਬਹਿਦਤਾਂ ਵਿਚ ਪ੍ਰਵਿਰਤ ਹੋ ਗਿਆ ਹਾਂ, ਪਰੰਤੂ ਹਿਰਦਿਓਂ ਮੈਂ ਇਨ੍ਹਾਂ ਦੋਹਾਂ ਕੁਬਹਿਦਤਾਂ ਨੂੰ ਗੁਰਮਤਿ ਹੁਕਮ ਦੇ ਉਕਾ ਹੀ ਉਲਟ ਸਮਝਦਾ ਹਾਂ । ਮੈਂ ਆਪਣੀ ਸੰਤਾਨ ਨੂੰ ਖ਼ਾਸ ਤੌਰ ਤੇ ਇਨ੍ਹਾਂ ਦੋਹਾਂ ਕੁਬਹਿਦਤਾਂ ਤੋਂ ਬਚਣ ਲਈ ਖ਼ਾਸ ਨਸੀਹਤ ਕਰ ਜਾਵਾਂਗਾ। ਤੇ ਉਹਨਾਂ ਦੀ ਇਹ ਪ੍ਰਤਿਗਿਆ ਬਿਲਕੁਲ ਸਚੀ ਨਿਕਲੀ । ਉਨ੍ਹਾਂ ਦੇ ਸਪੁਤਰ ਭਾਈ ਸਜਣ ਸਿੰਘ ਅਤੇ ਸਜਣ ਸਿੰਘ ਦੇ ਵਡੇ ਵੀਰ ਸਰਦਾਰ ਕਿਸ਼ਨ ਸਿੰਘ ਜੀ ਨੇ ਅਜੇ ਤਾਈਂ ਦਾੜ੍ਹਾ ਕਦੇ ਨਹੀਂ ਨਰੜਿਆ, ਸਿਧਾ ਹੀ ਰਖਿਆ ਹੈ ਅਤੇ ਨਾ ਹੀ ਕਦੇ ਸ਼ਰਾਬ ਮਾਸ ਨੂੰ ਹੱਥ ਲਾਇਆ ਹੈ। ਏਸ ਵਿਚ ਰੰਚਕ ਸੰਦੇਹ ਨਹੀਂ ਕਿ ਅਜ ਕਲ ਦੇ ਦਾੜ੍ਹਾ-ਨਰੜੂ ਹਰ ਮਹਿਕਮੇ ਦੇ ਕਹਾਉਤੀ ਸਿਖ ਐਵੇਂ ਦੇਖਾ ਦੇਖੀ ਹੀ ਦਾੜ੍ਹਾ ਨਰੜਨ ਲਗ ਪਏ ਹਨ, ਜੋ ਓਹਨਾਂ ਨੂੰ ਅਤੀ ਹੀ ਮਹਿੰਗਾ ਪਵੇਗਾ ਅਤੇ ਪੈ ਰਿਹਾ ਹੈ। ਇਹ ਗੱਲ ਅਜ ਕਲ ਸਿਖ ਸ਼ਰੇਣੀ ਦੇ ਨਵ-ਯੁਵਕਾਂ ਅੰਦਰ ਪਰਗਟ ਪਹਾਰੇ ਪ੍ਰਚਲਤ ਹੋ ਗਈ ਹੈ ਕਿ ਉਹ ਦਾੜ੍ਹਾ ਚੜ੍ਹਾਉਂਦੇ ਚੜ੍ਹਾਉਂਦੇ ਦਾੜ੍ਹੀ ਦੀ ਬੇਅਦਬੀ ਭੀ ਕਰਨ ਲਗ ਪੈਂਦੇ ਹਨ, ਜੈਸੇ ਕਿ ਪਹਿਲੇ ਅੰਕਾਂ ਵਿਚ ਸਾਬਤ ਹੋ ਚੁਕਾ ਹੈ । ਇਹ ਅਜੇ ਫਿਟਕ ਵਗੀ ਹੋਈ ਹੈ ਅਤੇ ਦਿਨ ਬਦਿਨ ਵਗੀ ਹੀ ਤੁਰੀ ਜਾਂਦੀ ਹੈ, ਤਦੇ ਹੀ ਹਟੇਗੀ ਜਦੋਂ ਦਾੜ੍ਹੀ ਨਰੜਨ ਦਾ ਫੋਕਾ ਚਸਕਾ ਉਕਾ ਹੀ ਮਿਟ ਮਿਟਾ ਜਾਏਗਾ । ਬਹੁਤ ਸਾਰੇ ਆਪਣੇ ਜਾਣੇ ਅਣਜਾਣੇ ਨਵ- ਯੁਵਕ ਕਹਾਵਤੀ ਭੁਝੰਗੀ ਭਾਵੇਂ ਦਾੜ੍ਹੀ ਦੀ ਬੇਅਦਬੀ ਉਸਤਰੇ ਕੈਂਚੀ ਨਾਲ ਨਹੀਂ ਕਰਦੇ, ਨਾ ਹੀ ਚੜਾਉਣ ਨਰੜਾਉਣ ਦੀ ਕੁਬਹਿਦਤ ਵਿਚ ਪੈਂਦੇ ਹਨ, ਪਰੰਤੂ ਉਹ ਕੰਬਲਾਂ (ਬੁਰਸ਼ਾਂ) ਨਾਲ ਦਾੜ੍ਹਾ ਘਸਾ ਕੇ ਵਧਣ ਨਹੀਂ ਦੇਂਦੇ । ਇਹ ਲੋਕ ਬੜੀ ਭਾਰੀ ਮਨਮਤਿ ਕਰ ਰਹੇ ਹਨ, ਜੋ ਦਾੜ੍ਹੀ- ਨਰੜਾਂ ਤੋਂ ਵੀ ਵਧ ਕੇ ਗੁਰੂ ਦੇ ਦੇਣਹਾਰ ਹੋਣਗੇ । ਆਮ ਸਿਖਾਂ ਦੀ ਘੜੀਸ ਨਾਲ ਚਲਣਾ ਬਹੁਤ ਹੀ ਪ੍ਰਵੇਸ਼ ਹੋ ਗਿਆ ਹੈ। ਕਈ ਸਿਖ ਇਤਿਹਾਸਕਾਰਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਸੇਲ੍ਹੀ ਟੋਪੀ ਪਹਿਨਾ ਕੇ ਨਿਰੀ ਹਿੰਦਵਾਇਣ ਦੇ ਪਿਛੇ ਲਗ ਕੇ ਇਹ ਸਿਧ ਕਰ ਦਿਤਾ ਹੈ ਕਿ ਗੁਰੂ ਸਾਹਿਬਾਨ ਨੂੰ ਸੀਸ ਦੇ ਕੇਸਾਂ ਦੀ ਲੋੜ ਹੀ ਨਹੀਂ ਸੀ । ਮਨ-ਘੜਤ ਫੋਟੋਆਂ, ਖ਼ਾਸ ਕਰ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਆਪਣੇ ਮਨ ਦੇ ਮਨਸੂਬੇ ਅਨੁਸਾਰ ਐਸੀ ਖਿਚਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ-ਨਿਰੇ ਸਿੰਧੀ ਸੇਠ ਹੀ ਪ੍ਰਤੀਤ ਹੁੰਦੇ ਹਨ । ਉਨ੍ਹਾਂ ਮਨ-ਘੜਤ ਤਸਵੀਰਾਂ ਵਿਚ ਗੁਰੂ ਸਾਹਿਬ ਦਾ ਦਾੜ੍ਹਾ ਵੀ ਕੁੱਚ ਵਰਗਾ ਕੀਤਾ ਹੋਇਆ ਹੁੰਦਾ ਹੈ । ਇਹ ਨਿਰੀ ਹੀ ਉਨ੍ਹਾਂ ਦੀ ਮਨੋਂ ਮੰਨੀ ਦੀ ਹੀ ਮਨਮਤ ਹੈ। ਸਾਡੇ ਸਾਹਮਣੇ ਇਕ ਹੱਥ ਦੀ ਖਿੱਚੀ ਹੋਈ ਮੁਸੱਵਰ ਦੀ ਤਸਵੀਰ ਸਨਮੁਖ ਪਈ ਸਸ਼ੋਭਤ ਹੈ, ਜੋ ਡੇਹਰਾ ਬਾਬਾ ਨਾਨਕ ਦੇ ਬੇਦੀਆਂ ਪਾਸੋਂ ਲੈ ਕੇ ਅਖ਼ਬਾਰਾਂ ਵਿਚ ਇਕ ਦੋ ਵਾਰ ਛਪੀ ਹੈ, ਜੋ ਕਿਸੇ ਮੁਸੱਵਰ ਨੇ ਆਪਣੀ ਹੱਥੀਂ ਖਿਚ ਕੇ ਹੂਬਹੂ ਗੁਰੂ ਨਾਨਕ ਸਾਹਿਬ ਦੀ ਜੋ ਸ਼ਬੀਹ ਉਤਾਰੀ ਹੈ, ਉਹ ਅਜ ਕਲ ਦੇ ਫ਼ੋਟੋ ਗਰਾਫ਼ਰਾਂ ਤੋਂ ਕਦੀ ਨਹੀਂ ਉਤਰ ਸਕਦੀ । ਗੁਰੂ ਨਾਨਕ ਸਾਹਿਬ ਦੇ ਸੀਸ ਉਤੇ ਸਾਧਾਰਣ ਦਮਾਲਾ ਸਜਿਆ ਹੋਇਆ ਅਤੇ ਸੀਸ ਦਾੜ੍ਹੇ ਦੇ ਕੇਸ ਐਸੀ ਖੂਬੀ ਨਾਲ ਨਜ਼ਰ ਆਂਵਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ।
੪
ਭੇਖੀ ਸਿਖ ਤੇ ਸੱਚੀ ਦਾੜ੍ਹੀ ਵਾਲੇ ਸਿਖ
ਇਹ ਵੀ ਕੋਈ ਗਰੰਟੀ ਨਹੀਂ ਕਿ ਲੰਮੀਆਂ ਦਾੜ੍ਹੀਆਂ ਰਖਣ ਵਾਲੇ ਆਪਣੇ ਸਵਾਰਥ ਹਿਤ ਕੁਫਰ ਕਰਮ ਨਹੀਂ ਕਮਾਉਂਦੇ। ਗੁਰੂ ਦਸਮੇਸ਼ ਜੀ ਨੂੰ ਜਦੋਂ ਪਤਾ ਲਗਿਆ ਕਿ ਮਸੰਦ ਲੰਮੀਆਂ ਦਾੜ੍ਹੀਆਂ ਵਾਲਿਆਂ ਨੇ ਕੁਫ਼ਰ ਕਰਤੂਤਾਂ ਪੁਜ ਕੇ ਕਪਟ ਭਰੀਆਂ ਕੀਤੀਆਂ ਹਨ ਅਤੇ ਲੰਮੀਆਂ ਦਾੜ੍ਹੀਆਂ ਰਖ ਕੇ ਬੜਾ ਹੀ ਅਨਰਥ ਕਮਾਉਂਦੇ ਹਨ ਤਾਂ ਓਹਨਾਂ ਭੇਖੀ ਕਪਟੀ ਲੰਮੀਆਂ ਦਾੜ੍ਹੀਆਂ ਵਾਲਿਆਂ ਮਸੰਦਾਂ ਨੂੰ ਓਹ ਸਜਾਵਾਂ ਦਿਤੀਆਂ ਜਿਸ ਤੋਂ ਕਿ ਸਾਰਾ ਜ਼ਮਾਨਾ ਜਾਣੂ ਹੈ । ਗੁਰਮਤਿ ਅੰਦਰ ਲਿਹਾਜ਼ ਕਿਸੇ ਦਾ ਨਹੀਂ ਕੀਤਾ ਜਾਂਦਾ । ਮੁਖ ਧਰਮ ਤਾਂ ਗੁਰਮਤਿ ਅੰਦਰ ਹਿਰਦਾ ਸੁਧ ਰਖਣ ਦਾ ਹੈ । ਪਰੰਤੂ ਪੂਰਾ ਸਿਖ ਸੋਈ ਹੈ ਜੋ ਗੁਰੂ ਸਾਹਿਬਾਨ ਦੇ ਸਮਗਰ ਅਸੂਲਾਂ ਉਤੇ ਅਮਲ ਪੂਰਾ ਪੂਰਾ ਕਰਦਾ ਹੈ। ਕਪਟੀ ਹਿਰਦੇ ਵਾਲੇ ਸਿਖਾਂ ਦੇ ਕਰਮ ਕੁਕਰਮ ਕਦੇ ਭੀ ਨੇਪਰੇ ਨਹੀਂ ਚੜ੍ਹਦੇ । ਜਿਨ੍ਹਾਂ ਦੇ ਮਨ ਅੰਦਰ ਕੁਛ ਹੋਰ ਹੁੰਦਾ ਹੈ, ਮੁਖ ਵਿਖੇ ਕੁਛ ਹੋਰ, ਉਪਰੋਂ ਉਪਰੋਂ ਚਾਹੇ ਕਿਤਨਾ ਹੀ ਆਪਣੇ ਆਪ ਨੂੰ ਮੋਮਨ ਬਣਾ ਕੇ ਦਿਖਾਉਂਦੇ ਹਨ, ਓਹ ਕਚ-ਘਰੜ ਕਰਮੀ ਸਿਖ ਹੀ ਅਖਾਉਂਦੇ ਹਨ । ਯਥਾ ਗੁਰਵਾਕ-
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ (੪੮੮)
ਅਜਿਹੇ ਕਚੜੇ ਕਪਟੀ ਫ਼ਰੇਬੀ ਪੁਰਖ ਨਾਲੋਂ ਤੁਟੜੀ ਭਲੀ ਹੈ। ਜੋ ਗੁਰੂ ਕੇ ਲਾਲ ਗੁਰੂ ਨੂੰ ਰੀਝਾਵਣ ਖ਼ਾਤਰ ਹਿਤੋਂ ਚਿਤੋਂ ਸਤਿਗੁਰੂ ਦਾ ਹਰੇਕ ਹੁਕਮ ਸਤਿ ਸਤਿ ਮੰਨ ਕੇ ਕਮਾਂਵਦੇ ਹਨ, ਉਹ ਸਦਾ ਹੀ ਲੋਕ ਪਰਲੋਕ ਵਿਖ ਸੁਹੇਲੇ ਹਨ। ਜੋ ਕੋਈ ਸਿਖ ਸਦਾਉਣ ਵਾਲਾ ਪੁਰਸ਼ ਕੇਵਲ ਆਪਣੇ ਸੁਆਰਥ ਲਈ ਕਪਟ ਕਰਮੀ ਬਣਦਾ ਹੈ, ਓਹ ਨਾ ਸਿਰਫ਼ ਆਪਣੇ ਪੈਰ ਤੇ ਆਪ ਕੁਹਾੜਾ ਮਾਰਦਾ ਹੈ, ਬਲਕਿ ਉਸ ਦਾ ਪਾਜ ਓੜਕ ਨੂੰ ਉਘੜ ਜਾਂਦਾ ਹੈ । ਗੁਰੂ ਅੰਤਰਜਾਮੀ ਨੂੰ ਤਾਂ ਓਹ ਕਦੇ ਭੀ ਧੋਖਾ ਨਹੀਂ ਦੇ ਸਕਦਾ। ਜੋ ਕਪਟ ਕੁਚਾਲੀ ਪੁਰਸ਼ ਸਤਿਗੁਰ ਅੰਤਰਜਾਮੀ ਨੂੰ ਧੋਖਾ ਦੇਣੋਂ ਬਾਜ਼ ਨਹੀਂ ਆਵਦਾ, ਓਸਦਾ ਕੋਈ ਭੀ ਕਰਮ ਸਿਰੇ ਨਹੀਂ ਚੜ੍ਹਦਾ। ਕਪਟ ਕੁਚਾਲੀ ਭੇਖਧਾਰੀ ਸਿਖ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਨ, ਪਰ ਅੰਤਰਜਾਮੀ ਨੂੰ ਕੋਈ ਫ਼ਰੇਬੀ ਧੋਖਾ ਨਹੀਂ ਦੇ ਸਕਦਾ । ਸਤਿਗੁਰੂ ਦੇ ਦਰਬਾਰ ਅੰਦਰ ਸਚੋ ਸਚ ਨਿਬੜਦਾ ਹੈ। ਜਦੋਂ ਸਤਿਗੁਰੂ ਦਸਮੇਸ਼ ਜੀ ਨੂੰ ਯਕੀਨ ਹੋ ਗਿਆ ਕਿ ਇਹ ਕੁਫ਼ਰ ਕਰਤੁਤੀਏ ਮਸੰਦ ਭੇਖ ਦਿਖਾਇ ਕੇ ਕਫ਼ਰ ਕਮਾਉਂਦੇ ਹਨ, ਤਾਂ ਸਤਿਗੁਰੂ ਨੇ ਤਿਨ੍ਹਾਂ ਕੁਫਰ-ਕਰਤੂਤੀਆਂ ਦੀ ਕਪਟ-ਚਾਲ ਨੂੰ ਭੀ ਉਘੇੜ ਦਿਤਾ ਅਤੇ ਐਸਾ ਉਘੜਿਆ ਕਿ ਮੁੜ ਕਿਸੇ ਨੂੰ ਜੁਰਅਤ ਨਹੀਂ ਪਈ ਕਿ ਅਜਿਹਾ ਕੁਫ਼ਰ-ਕੁਕਰਮ ਕਰ ਸਕੇ । ਜਿਨ੍ਹਾਂ ਕਪਟੀਆਂ ਕੁਫ਼ਰ-ਕਰਤੂਤੀਆਂ ਨੇ ਲੰਮੇ ਦਾੜ੍ਹੇ ਰਖੇ ਹੋਏ ਸਨ, ਪਰ ਅੰਦਰੋਂ ਘੋਰ ਕੁਫ਼ਰ-ਕੁਕਰਮ ਕਮਾਉਂਦੇ ਸਨ, ਓਹਨਾਂ ਮਸੰਦਾਂ ਨੂੰ ਤੇਲ ਵਿਚ ਜੀਉਂਦੇ ਜੀ ਸਾੜਨ ਲਈ ਇਹ ਹੁਕਮਨਾਮੇ ਥਾਉਂ ਥਾਈਂ ਭੇਜ ਦਿਤੇ ਕਿ ਇਹਨਾਂ ਕੁਫਰ-ਕਰਤੂਤੀਆਂ ਲੰਮੀਆਂ ਦਾੜੀਆਂ ਵਾਲ ਮਸੰਦਾਂ ਨੂੰ ਦਾੜ੍ਹੀਓਂ ਫੜ ਕੇ ਹਜ਼ੂਰੀ ਵਿਚ ਲਿਆਂਦਾ ਜਾਵੇ । ਤਾਂ ਸ੍ਰੀ ਗੁਰੂ ਕਲਗੀਧਰ ਜੀ ਦੇ ਖ਼ਾਸ ਮਖ਼ਸੂਸੀ ਸਿੰਘਾਂ ਨੇ ਜਿਨ੍ਹਾਂ ਨੂੰ ਮਸੰਦਾਂ ਦੇ ਫੜਨ ਲਈ ਭੇਜਿਆ ਸੀ, ਕੇਵਲ ਦੁਰਗੰਧਤ ਕੁਕਰਮੀ ਮਸੰਦਾਂ ਨੂੰ ਹੀ ਦਾੜ੍ਹਿਓਂ ਫੜ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਲਿਆਂਦਾ। ਇਹਨਾਂ ਲੰਮ-ਦਾੜ੍ਹੀਏ ਕੁਫ਼ਰ-ਕੁਕਰਮੀ ਮਸੰਦਾਂ ਦੀ ਦੁਰਗੰਧ ਸਾਰ ਹੀ ਇਲਾਕਿਆਂ ਵਿਚ ਅਜਿਹੀ ਫੈਲੀ ਹੋਈ ਸੀ ਕਿ ਬਦਕਿਰਦਾਰ ਕੁਕਰਮੀ ਮਸੰਦ ਭੀ ਆਪਣੀ ਬਦਬੂ ਪਹਾਇਣ ਹੀ ਦੁਰਗੰਧੀ ਤੋਂ ਮਜਬੂਹ ਹੋ ਕੇ ਆਪਣੇ ਆਪ ਹੀ ਦਾੜ੍ਹਿਓਂ ਫੜਨ ਆਏ ਮਵੜੇ ਸਿੰਘਾਂ ਦੇ ਸਪੁਰਦ ਹੋ ਗਏ। ਗੁਰੂ ਸਾਹਿਬ ਦੀ ਹਜ਼ੂਰੀ ਵਿਚ ਜਾ ਕੇ ਭੀ ਉਹ ਆਪਣੀ ਕਜ਼ਬ ਕੁਕਰਮੀ ਤੋਂ ਮੁਨਕਰ ਨਾ ਹੋ ਸਕੇ ।