Back ArrowLogo
Info
Profile

ਮੈਂ ਸਹੁੰ ਖਾਧੀ ਕਿ ਵੱਡਾ ਹੋ ਕੇ ਮੈਂ ਲੋਕਾਈ ਦੀ ਸਹਾਇਤਾ ਕਰਾਂਗਾ ਅਤੇ ਪੂਰੀ ਇਮਾਨਦਾਰੀ ਨਾਲ ਇਸਦੀ ਸੇਵਾ ਕਰਾਂਗਾ।

ਪਰੀ ਕਹਾਣੀਆਂ ਦੇ ਅਨੋਖੇ ਪੰਛੀਆਂ ਵਾਂਗ ਕਿਤਾਬਾਂ ਮੈਨੂੰ ਗੀਤ ਸੁਣਾਉਂਦੀਆਂ ਸਨ ਅਤੇ ਮੇਰੇ ਨਾਲ ਅਜਿਹੀ ਭਾਸ਼ਾ ਵਿੱਚ ਵਿਵਹਾਰ ਕਰਦੀਆਂ ਸਨ ਜਿਵੇਂ ਕਿਸੇ ਕੈਦੀ ਨਾਲ ਕੀਤਾ ਜਾਂਦਾ ਹੈ। ਕਿਤਾਬਾਂ ਜ਼ਿੰਦਗੀ ਦੀ ਅਮੀਰੀ ਅਤੇ ਵੰਨ-ਸੁਵੰਨਤਾ ਦੇ ਗੀਤ ਗਾਉਂਦੀਆਂ ਸਨ, ਇਨਸਾਨ ਦੀ ਚੰਗਿਆਈ ਤੇ ਖੂਬਸੂਰਤੀ ਪ੍ਰਤੀ ਤਾਂਘ ਵਿਚਲੀ ਦਲੇਰੀ ਦੇ ਗੀਤ ਗਾਉਂਦੀਆਂ ਸਨ। ਜਿੰਨਾ ਜ਼ਿਆਦਾ ਮੈਂ ਪੜ੍ਹਦਾ ਮੇਰਾ ਦਿਲ ਉਨਾ ਹੀ ਸਿਹਤਮੰਦ ਅਤੇ ਸੁਹਾਵਣੇ ਉਤਸ਼ਾਹ ਨਾਲ ਭਰ ਜਾਂਦਾ। ਹੌਲ਼ੀ-ਹੌਲ਼ੀ ਮੈਂ ਠਰੰਮੇ ਵਾਲਾ ਹੁੰਦਾ ਗਿਆ, ਮੇਰਾ ਆਤਮ-ਵਿਸ਼ਵਾਸ ਵਿਕਸਤ ਹੁੰਦਾ ਗਿਆ, ਮੇਰਾ ਕੰਮ ਉੱਨਤੀ ਕਰਦਾ ਗਿਆ ਅਤੇ ਮੈਂ ਜ਼ਿੰਦਗੀ ਦੀਆਂ ਅਣਗਿਣਤ ਠੋਕਰਾਂ ਵੱਲ ਧਿਆਨ ਦੇਣਾ ਬਿਲਕੁਲ ਘਟਾ ਦਿੱਤਾ।

ਹਰ ਕਿਤਾਬ ਮੇਰੇ ਲਈ ਉਸ ਪੌੜੀ ਦਾ ਇੱਕ ਡੰਡਾ ਸੀ ਜੋ ਮੈਨੂੰ ਪਸ਼ੂਪੁਣੇ ਤੋਂ ਮਨੁੱਖਤਾ ਵੱਲ ਲਿਜਾ ਰਹੀ ਸੀ, ਚੰਗੇਰੇ ਜੀਵਨ ਦੀ ਸਮਝ ਅਤੇ ਇਸ ਜੀਵਨ ਲਈ ਪਿਆਸ ਵੱਲ ਲਿਜਾ ਰਹੀ ਸੀ। ਜੋ ਕੁਝ ਵੀ ਮੈਂ ਪੜ੍ਹਿਆ ਸੀ ਉਸਦੇ ਗਿਆਨ ਨਾਲ ਸ਼ਰਾਬ ਦੇ ਜਾਮ ਵਾਂਗ ਨੱਕੋ-ਨੱਕ ਭਰਿਆ ਤੇ ਉੱਛਲਦਾ ਹੋਇਆ ਮੈਂ ਅਫ਼ਸਰਾਂ ਦੇ ਨੌਕਰਾਂ ਅਤੇ ਬੇਲਦਾਰਾਂ ਕੋਲ ਚਲਾ ਜਾਂਦਾ ਅਤੇ ਉਹਨਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਂਦਾ ਹੋਇਆ ਕਈ ਦ੍ਰਿਸ਼ਾਂ ਦੀ ਨਾਟਕਾਂ ਵਾਂਗ ਪੇਸ਼ਕਾਰੀ ਕਰਦਾ।

ਇਸ ਨਾਲ ਮੇਰੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਹੁੰਦਾ।

"ਠੱਗ ਐ ਪੂਰਾ!” ਉਹ ਮਸਤੀ ਨਾਲ ਬੋਲਦੇ, "ਪੱਕਾ ਭੰਡ ਐ! ਤੈਨੂੰ ਤਾਂ ਨਾਟ-ਮੰਡਲੀਆਂ ਨਾਲ ਰਲ ਜਾਣਾ ਚਾਹੀਦੈ ਜਾਂ ਫਿਰ ਮੇਲਿਆਂ 'ਤੇ ਮਜਮੇ ਲਾਇਆ ਕਰ!"

ਬੇਸ਼ੱਕ, ਮੈਨੂੰ ਉਹਨਾਂ ਤੋਂ ਅਜਿਹੇ ਫਿਕਰਿਆਂ ਦੀ ਉਮੀਦ ਨਹੀਂ ਸੀ ਹੁੰਦੀ ਪਰ ਫਿਰ ਵੀ ਮੈਂ ਖੁਸ਼ ਹੁੰਦਾ ਸਾਂ।

ਕੁਝ ਵੀ ਹੋਵੇ, ਕਈ ਵਾਰੀ, ਭਾਵੇਂ ਬਹੁਤੀ ਵਾਰੀ ਨਹੀਂ, ਮੈਂ ਇਸ ਕਾਬਿਲ ਹੋ ਜਾਂਦਾ ਕਿ ਵਲਾਦੀਮੀਰ ਕਿਸਾਨ ਮੇਰੀ ਗੱਲ ਸਾਹ ਰੋਕ ਕੇ ਸੁਣਦੇ ਅਤੇ ਕਦੇ-ਕਦੇ ਤਾਂ ਮੈਂ ਉਹਨਾਂ ਨੂੰ ਖੁਸ਼ੀ ਨਾਲ ਹੈਰਾਨ ਕਰ ਦਿੰਦਾ ਅਤੇ ਕਦੇ-ਕਦੇ ਉਹ ਰੋ ਵੀ ਪੈਂਦੇ। ਅਜਿਹੀਆਂ ਗੱਲਾਂ ਮੇਰਾ ਇਹ ਵਿਸ਼ਵਾਸ ਹੋਰ ਵੀ ਪੱਕਾ ਕਰ ਦਿੰਦੀਆਂ ਕਿ ਕਿਤਾਬਾਂ ਵਿੱਚ ਇੱਕ ਜਿਉਂਦੀ-ਜਾਗਦੀ ਪ੍ਰੇਰਕ ਸ਼ਕਤੀ ਹੁੰਦੀ ਹੈ।

ਉਹਨਾਂ ਵਿੱਚੋਂ ਇੱਕ ਵਾਸਿਲੀ ਰਿਬਾਕੋਵ ਨਾਮ ਦਾ ਉਦਾਸ ਅਤੇ ਚੁੱਪ-ਗਰੁੱਪ ਜਿਹਾ ਬੰਦਾ ਸੀ। ਸਰੀਰਕ ਪੱਖੋਂ ਉਹ ਕਾਫੀ ਤਕੜਾ ਸੀ, ਅਤੇ ਲੋਕਾਂ ਨੂੰ ਧੱਕਾ ਮਾਰ ਕੇ ਹਵਾ ਵਿੱਚ ਉਛਾਲ ਦੇਣਾ ਉਸਦਾ ਮਨਭਾਉਂਦਾ ਸ਼ੁਗਲ ਸੀ । ਇੱਕ ਵਾਰੀ ਉਹ ਮੈਨੂੰ ਤਬੇਲੇ ਦੇ ਪਿੱਛੇ ਲੈ ਗਿਆ ਅਤੇ ਕਹਿਣ ਲੱਗਾ: "ਸੁਣ, ਅਲੈਕਸੀ, ਮੈਨੂੰ ਵੀ ਕਿਤਾਬਾਂ ਪੜ੍ਹਨਾ ਸਿਖਾ ਦੇ, ਮੈਂ ਤੈਨੂੰ ਪੰਜਾਹ ਕੋਪੇਕ ਦਿਆਂਗਾ, ਅਤੇ ਜੇ ਤੂੰ ਨਾ ਸਿਖਾਇਆ ਤਾਂ ਤੇਰਾ ਸਿਰ ਟੋਟੇ-ਟੋਟੇ ਕਰ ਦਿਆਂਗਾ, ਮੈਂ ਸਹੁੰ ਖਾ ਕੇ ਕਹਿੰਨਾਂ।" ਅਤੇ ਨਾਲ ਹੀ ਉਸਨੇ ਤੌਬਾ ਕਰ ਲਈ।

13 / 395
Previous
Next