ਮੱਤਭੇਦ ਜਰੂਰ ਹੀ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਹੋਣੇ ਚਾਹੀਦੇ ਹਨ। ਝੁਕ ਕੇ ਰਹਿਣ ਅਤੇ ਭਾਣਾ ਮੰਨਣ ਦੇ ਸਾਰੇ ਨਿਯਮ ਧਰਮ-ਪੋਥੀਆਂ ਤੋਂ ਹੀ ਆਉਂਦੇ ਹਨ, ਜਦਕਿ ਆਜ਼ਾਦੀ ਦੇ ਸਾਰੇ ਨਿਯਮ ਵਿਗਿਆਨ ਤੋਂ ਆਉਂਦੇ ਹਨ, ਮਤਲਬ ਮਨੁੱਖੀ ਮਨ ਤੋਂ। ਥੋੜਾ ਅੱਗੇ ਵਧੀਏ: ਜੇ ਰੱਬ ਹੈ ਤਾਂ ਮੇਰਾ ਕਿਸੇ ਮਾਮਲੇ ਵਿੱਚ ਕੋਈ ਦਖ਼ਲ ਨਹੀਂ ਹੈ ਅਤੇ ਜੇ ਰੱਬ ਨਹੀਂ ਹੈ ਤਾਂ ਸਭ ਕਾਸੇ ਲਈ ਮੈਂ ਨਿੱਜੀ ਤੌਰ 'ਤੇ ਜ਼ਿੰਮੇਵਾਰ ਹਾਂ— ਆਪਣੇ ਲਈ ਵੀ ਤੇ ਹੋਰਨਾਂ ਲੋਕਾਂ ਲਈ ਵੀ। ਮੈਂ ਜ਼ਿੰਮੇਵਾਰ ਬਣਨਾ ਚਾਹੁੰਦਾ ਹਾਂ, ਚਰਚ ਦੇ ਪਾਦਰੀਆਂ ਦੁਆਰਾ ਪਾਏ ਪੂਰਨਿਆਂ 'ਤੇ ਚੱਲ ਕੇ - ਪਰ ਬਿਲਕੁਲ ਇੱਕ ਵੱਖਰੇ ਢੰਗ ਨਾਲ - ਜ਼ਿੰਦਗੀ ਦੀਆਂ ਬੁਰਾਈਆਂ ਅੱਗੇ ਝੁਕ ਕੇ ਨਹੀਂ ਬਲਕਿ ਇਹਨਾਂ ਨਾਲ ਟਾਕਰਾ ਕਰਕੇ।"
ਉਸਦੀ ਹਥੇਲੀ ਫਿਰ ਕਿਤਾਬ ਉੱਤੇ ਟਿਕ ਗਈ ਅਤੇ ਉਹ ਕੁਝ ਅਜਿਹੇ ਵਿਸ਼ਵਾਸ ਨਾਲ ਬੋਲਦਾ ਗਿਆ ਜਿਸ ਵਿੱਚੋਂ ਦ੍ਰਿੜਤਾ ਝਲਕਦੀ ਸੀ।
"ਹਰ ਤਰ੍ਹਾਂ ਦਾ ਝੁਕਣਾ ਬੁਰਾ ਹੈ ਕਿਉਂਕਿ ਇਸ ਨਾਲ ਬੁਰਾਈ ਹੋਰ ਮਜ਼ਬੂਤ ਹੁੰਦੀ ਹੈ। ਮਾਫ਼ ਕਰਨਾ, ਪਰ ਇਹ ਉਹ ਕਿਤਾਬ ਹੈ ਜਿਸ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ। ਮੇਰੇ ਲਈ ਇਹ ਇੱਕ ਸੰਘਣੇ ਜੰਗਲ 'ਚੋਂ ਬਾਹਰ ਨਿਕਲਣ ਦਾ ਰਾਸਤਾ ਹੈ। ਮੈਂ ਆਪਣਾ ਮਨ ਬਣਾ ਲਿਆ ਹੈ—ਮੈਂ ਖੁਦ ਸਭ ਕਾਸੇ ਲਈ ਜ਼ਿੰਮੇਵਾਰ ਹਾਂ।"
ਸਾਡੀ ਦੋਸਤਾਨਾ ਗੱਲਬਾਤ ਦੇਰ ਰਾਤ ਤੱਕ ਜਾਰੀ ਰਹੀ, ਮੈਂ ਮਹਿਸੂਸ ਕੀਤਾ ਕਿ ਇੱਕ ਦਰਮਿਆਨੇ ਦਰਜੇ ਦੀ ਨਿੱਕੀ ਜਿਹੀ ਕਿਤਾਬ ਨੇ ਪਲੜੇ ਪਲਟ ਦਿੱਤੇ ਹਨ, ਇਸਨੇ ਉਸਦੀਆਂ ਬਾਗੀ ਖੋਜਾਂ ਨੂੰ ਉਤਸ਼ਾਹ-ਭਰਪੂਰ ਵਿਸ਼ਵਾਸ ਵਿੱਚ ਬਦਲ ਦਿੱਤਾ ਹੈ, ਖੂਬਸੂਰਤੀ ਦੀ ਖੁਸ਼ੀ ਭਰੀ ਪੂਜਾ ਅਤੇ ਜਗਤ-ਸੋਚ ਦੀ ਸ਼ਕਤੀ ਵਿੱਚ ਬਦਲ ਦਿੱਤਾ ਹੈ।
ਇਸ ਚੰਗੇ, ਸੂਝਵਾਨ ਆਦਮੀ ਨੇ ਸਚਮੁੱਚ ਹੀ ਜ਼ਿੰਦਗੀ ਦੀਆਂ ਬੁਰਾਈਆਂ ਖਿਲਾਫ ਸੰਘਰਸ਼ ਵਿੱਢ ਦਿੱਤਾ ਅਤੇ 1907 ਵਿੱਚ ਲੜਦਾ ਹੋਇਆ ਬਹਾਦਰੀ ਦੀ ਮੌਤ ਮਰਿਆ।
ਜਿਵੇਂ ਕਿ ਉਹਨਾਂ ਨੇ ਉਦਾਸ-ਗਮਗੀਨ ਰਿਬਾਕੋਵ ਨਾਲ ਕੀਤਾ ਸੀ, ਕਿਤਾਬਾਂ ਨੇ ਮੇਰੇ ਕੰਨ ਵਿੱਚ ਇੱਕ ਦੂਸਰੀ ਦੁਨੀਆਂ ਦੀ ਫੂਕ ਮਾਰ ਦਿੱਤੀ। ਦੁਨੀਆਂ ਜਿਹੜੀ ਉਸ ਦੁਨੀਆਂ ਨਾਲੋਂ ਮਨੁੱਖ ਦੇ ਵਧੇਰੇ ਯੋਗ ਸੀ ਜਿਸ ਵਿੱਚ ਮੈਂ ਰਹਿੰਦਾ ਸਾਂ। ਤੇ ਜਿਵੇਂ ਉਨ੍ਹਾਂ ਇੱਕ ਅੱਖ ਵਾਲ਼ੇ ਮੋਚੀ ਨੂੰ ਦਿਖਾਇਆ, ਕਿਤਾਬਾਂ ਨੇ ਜ਼ਿੰਦਗੀ ਵਿੱਚ ਮੈਨੂੰ ਵੀ ਮੇਰੀ ਜਗ੍ਹਾ ਦਿਖਾ ਦਿੱਤੀ। ਮੇਰੇ ਦਿਲੋ-ਦਿਮਾਗ ਨੂੰ ਟੁੰਬ ਕੇ ਕਿਤਾਬਾਂ ਨੇ ਮੈਨੂੰ ਉਸ ਗੰਦੀ ਦਲਦਲ ਵਿੱਚੋਂ ਬਾਹਰ ਕੱਢ ਲਿਆ ਜਿਸ ਨੇ ਮੈਨੂੰ ਆਪਣੇ ਉਜੱਡਪੁਣੇ ਅਤੇ ਸਿਥਲਤਾ ਵਿੱਚ ਨਿਘਾਰ ਲੈਣਾ ਸੀ। ਮੇਰੇ ਸੰਸਾਰ ਦੀਆਂ ਹੱਦਾਂ ਨੂੰ ਫੈਲਾਉਂਦਿਆਂ ਕਿਤਾਬਾਂ ਨੇ ਮੈਨੂੰ ਇਨਸਾਨ ਦੀ ਇੱਕ ਚੰਗੇਰੀ ਜ਼ਿੰਦਗੀ ਲਈ ਘਾਲਣਾ ਦੀ ਸ਼ੋਭਾ ਅਤੇ ਖੂਬਸੂਰਤੀ ਬਾਰੇ ਦੱਸਿਆ। ਇਹ ਵੀ ਦੱਸਿਆ ਕਿ ਉਸ ਨੇ ਸੰਸਾਰ ਵਿੱਚ ਕੀ ਕੁਝ ਹਾਸਿਲ ਕਰ ਲਿਆ ਸੀ ਅਤੇ ਇਸ ਸਭ ਕਾਸੇ ਲਈ ਉਸ ਨੂੰ ਕਿੰਨੀਆਂ ਭਿਆਨਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਮੇਰੀ ਆਤਮਾ ਦੇ ਧੁਰ ਅੰਦਰ ਇਨਸਾਨ ਲਈ ਸਤਿਕਾਰ ਪੈਦਾ ਹੋ ਗਿਆ । ਹਰ ਇਨਸਾਨ ਲਈ, ਚਾਹੇ ਉਹ ਕੋਈ ਵੀ ਹੋਵੇ। ਉਸ ਦੀ ਕਿਰਤ ਪ੍ਰਤੀ ਸਨਮਾਨ ਅਤੇ ਉਸ ਦੀ ਬੇਚੈਨ ਰੂਹ