ਲਈ ਪਿਆਰ ਦੀਆਂ ਕਰੂੰਬਲਾਂ ਮੇਰੇ ਅੰਦਰ ਫੁੱਟ ਪਈਆਂ। ਜ਼ਿੰਦਗੀ ਵਧੇਰੇ ਅਸਾਨ ਅਤੇ ਹੋਰ ਖੁਸ਼ੀ ਭਰੀ ਬਣਦੀ ਜਾ ਰਹੀ ਸੀ, ਨਵੇਂ ਅਤੇ ਗੂੜੇ ਅਰਥਾਂ ਨਾਲ ਭਰੀ ਹੋਈ। ਜਿਵੇਂ ਕਿ ਇੱਕ ਅੱਖ ਵਾਲੇ ਮੋਚੀ ਨਾਲ ਹੋਇਆ, ਕਿਤਾਬਾਂ ਨੇ ਮੇਰੇ ਅੰਦਰ ਜ਼ਿੰਦਗੀ ਦੀਆਂ ਸਾਰੀਆਂ ਬੁਰਾਈਆਂ ਲਈ ਨਿੱਜੀ ਜ਼ਿੰਮੇਵਾਰੀ ਦਾ ਅਹਿਸਾਸ ਬਿਠਾ ਦਿੱਤਾ ਅਤੇ ਮਨੁੱਖੀ ਮਨ ਦੀ ਰਚਨਾਤਮਕਤਾ ਲਈ ਸ਼ਰਧਾ-ਭਾਵ ਜਗਾ ਦਿੱਤਾ।
ਆਪਣੀ ਧਾਰਨਾ ਦੀ ਸੱਚਾਈ ਵਿੱਚ ਪੂਰਨ ਭਰੋਸੇ ਨਾਲ ਮੈਂ ਸਾਰਿਆਂ ਨੂੰ ਕਹਿੰਦਾ ਹਾਂ: ਕਿਤਾਬਾਂ ਨੂੰ ਪਿਆਰ ਕਰੋ; ਇਹ ਤੁਹਾਡੀ ਜ਼ਿੰਦਗੀ ਅਸਾਨ ਬਣਾ ਦੇਣਗੀਆਂ। ਵਿਚਾਰਾਂ, ਭਾਵਨਾਵਾਂ ਅਤੇ ਘਟਨਾਵਾਂ ਦੀ ਵੰਨ-ਸੁਵੰਨਤਾ ਅਤੇ ਰੌਲ਼ੇ-ਘਚੌਲ਼ੇ ਵਿੱਚੋਂ ਆਪਣਾ ਰਾਹ ਲੱਭਣ ਵਿੱਚ ਤੁਹਾਡੀ ਦੋਸਤਾਨਾ ਢੰਗ ਨਾਲ ਸੇਵਾ ਕਰਨਗੀਆਂ। ਆਪਣਾ ਅਤੇ ਦੂਜਿਆਂ ਦਾ ਸਤਿਕਾਰ ਕਰਨਾ ਸਿਖਾਉਣਗੀਆਂ, ਅਤੇ ਦਿਲੋ-ਦਿਮਾਗ ਨੂੰ ਸੰਸਾਰ ਅਤੇ ਮਨੁੱਖ ਲਈ ਪਿਆਰ ਨਾਲ ਭਰ ਦੇਣਗੀਆਂ। ਕੋਈ ਵੀ ਕਿਤਾਬ ਜਿਹੜੀ ਇਮਾਨਦਾਰੀ ਨਾਲ, ਲੋਕਾਂ ਲਈ ਪਿਆਰ ਵਜੋਂ ਅਤੇ ਚੰਗੀ ਭਾਵਨਾ ਨਾਲ ਲਿਖੀ ਗਈ ਹੋਵੇ, ਸ਼ਲਾਘਾਯੋਗ ਹੁੰਦੀ ਹੈ।
ਹਰ ਤਰ੍ਹਾਂ ਦਾ ਗਿਆਨ ਲਾਭਦਾਇਕ ਹੁੰਦਾ ਹੈ, ਜਿਵੇਂ ਕਿ ਮਨ ਦੀਆਂ ਭੁੱਲਾਂ ਅਤੇ ਗਲਤ ਭਾਵਨਾਵਾਂ ਦਾ ਗਿਆਨ ਵੀ ਮਾੜਾ ਨਹੀਂ ਹੁੰਦਾ।
ਕਿਤਾਬਾਂ ਨੂੰ ਪਿਆਰ ਕਰੋ, ਜਿਹੜੀਆਂ ਗਿਆਨ ਦੇ ਸੋਮੇ ਹਨ, ਕੇਵਲ ਗਿਆਨ ਹੀ ਫਾਇਦੇਮੰਦ ਹੈ, ਅਤੇ ਸਿਰਫ਼ ਗਿਆਨ ਹੀ ਤੁਹਾਨੂੰ ਆਤਮਿਕ ਤੌਰ 'ਤੇ ਬਲਵਾਨ, ਇਮਾਨਦਾਰ ਅਤੇ ਸਮਝਦਾਰ ਇਨਸਾਨ ਬਣਾ ਸਕਦਾ ਹੈ — ਉਹ ਇਨਸਾਨ ਜਿਹੜਾ ਮਨੁੱਖ ਦੇ ਸੱਚੇ-ਸੁੱਚੇ ਪਿਆਰ ਦਾ ਪਾਲਣ ਕਰੇ, ਉਸਦੀ ਕਿਰਤ ਦਾ ਸਤਿਕਾਰ ਕਰੇ ਅਤੇ ਉਸਦੀਆਂ ਨਿਰੰਤਰ ਅਤੇ ਉੱਚੀਆਂ ਕੋਸ਼ਿਸ਼ਾਂ ਦੇ ਸ਼ਾਨਦਾਰ ਫ਼ਲਾਂ ਦੀ ਪ੍ਰਸੰਸਾ ਕਰਨ ਦੇ ਯੋਗ ਹੋਵੇ।
ਸਭ ਕੁਝ ਜੋ ਇਨਸਾਨ ਨੇ ਕੀਤਾ ਹੈ, ਹਰ ਇੱਕ ਚੀਜ਼ ਜੋ ਵੀ ਮੌਜੂਦ ਹੈ ਉਸ ਵਿੱਚ ਮਨੁੱਖੀ ਆਤਮਾ ਦੇ ਕਿਣਕੇ ਰਮੇ ਹੋਏ ਹਨ। ਇਹ ਨੇਕ ਅਤੇ ਸ਼ੁੱਧ ਆਤਮਾ ਵਿਗਿਆਨ ਅਤੇ ਕਲਾ ਵਿੱਚ ਹੋਰਨਾਂ ਸਭ ਚੀਜ਼ਾਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਅਤੇ ਕਿਤਾਬਾਂ ਰਾਹੀਂ ਇਹ ਸਭ ਤੋਂ ਵੱਧ ਧਾਰਾ-ਪ੍ਰਵਾਹ ਅਤੇ ਸਾਫ਼-ਸਪਸ਼ਟ ਭਾਸ਼ਾ ਵਿੱਚ ਬੋਲਦੀ ਹੈ।
1918