Landstrykere (ਧਰਤੀ ਦਾ ਵਿਕਾਸ) ਮੈਨੂੰ Odessey ਵਾਂਗ ਹੀ ਹੈਰਾਨ ਕਰ ਦਿੰਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪੋਤੇ-ਪੋਤੀਆਂ ਜਦ ਰੋਮਾਂ ਰੋਲਾਂ ਦੀ 'ਜੀਨ ਕ੍ਰਿਸਟੋਫ ਪੜ੍ਹਨਗੇ ਤਾਂ ਲੇਖਕ ਦੇ ਦਿਲੋ-ਦਿਮਾਗ ਦੀ ਮਹਾਨਤਾ ਅਤੇ ਮਨੁੱਖਤਾ ਲਈ ਅਮਿੱਟ ਪਿਆਰ ਦਾ ਦਿਲੋਂ ਸਤਿਕਾਰ ਕਰਨਗੇ।
ਮੈਂ ਇਸ ਗੱਲੋਂ ਵੀ ਪੂਰੀ ਤਰ੍ਹਾਂ ਚੇਤੰਨ ਹਾਂ ਕਿ ਇਸ ਤਰਾਂ ਦੇ ਪਿਆਰ ਦਾ ਅੱਜਕਲ ਰਿਵਾਜ ਨਹੀਂ ਹੈ। ਪਰ ਇਸ ਨਾਲ ਕੀ ਫਰਕ ਪੈਂਦਾ ਹੈ ? ਇਹ ਮੁਰਝਾਏ ਬਿਨਾਂ ਜਿਊਂਦਾ ਹੈ ਅਤੇ ਅਸੀਂ ਇਸਦੀਆਂ ਖੁਸ਼ੀਆਂ ਤੇ ਗ਼ਮ ਮਾਣਦੇ ਚਲੇ ਜਾਂਦੇ ਹਾਂ।
ਮੈਂ ਤਾਂ ਸਗੋਂ ਇਹ ਵੀ ਸੋਚਦਾ ਹਾਂ ਕਿ ਇਹ ਪਿਆਰ ਜ਼ਿਆਦਾ ਤੀਬਰ ਅਤੇ ਚੇਤਨ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਇਸਦਾ ਪ੍ਰਗਟਾਅ ਕੁਝ ਸੀਮਤ ਅਤੇ ਪਰਿਣਾਮਵਾਦੀ ਜਿਹਾ ਹੋ ਗਿਆ ਹੈ, ਫਿਰ ਵੀ ਸਾਡੇ ਸਮੇਂ ਵਿੱਚ ਇਸ ਜਜ਼ਬੇ ਦੀ ਤਰਕਹੀਣਤਾ ਕਿਸੇ ਵੀ ਤਰਾਂ ਘੱਟ ਨਹੀਂ ਹੋਈ, ਜਦੋਂ ਕਿ ਜ਼ਿੰਦਗੀ ਲਈ ਸੰਘਰਸ਼ ਏਨਾ ਤਲਖ਼ ਹੋ ਗਿਆ ਹੈ।
ਮਨੁੱਖ ਤੋਂ ਸਿਵਾ ਹੋਰ ਕਿਸੇ ਚੀਜ਼ ਬਾਰੇ ਜਾਨਣ ਦੀ ਮੇਰੀ ਕੋਈ ਇੱਛਾ ਨਹੀਂ ਹੈ, ਉਸ ਤੱਕ ਪਹੁੰਚਣ ਲਈ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਅਤੇ ਦਿਆਲੂ ਰਹਿਨੁਮਾ ਹਨ। ਮੇਰੇ ਮਨ ਵਿੱਚ ਉਹਨਾਂ ਹਲੀਮੀ-ਭਰੇ ਯੋਧਿਆਂ ਲਈ ਦਿਨੋ-ਦਿਨ ਵਧਦਾ ਜਾਂਦਾ ਸਤਿਕਾਰ ਵਸਿਆ ਹੋਇਆ ਹੈ ਜਿਹਨਾਂ ਨੇ ਹਰ ਇੱਕ ਖੂਬਸੂਰਤ ਅਤੇ ਮਹਾਨ ਚੀਜ਼ ਦੀ ਸਿਰਜਣਾ ਕੀਤੀ ਹੈ।
1925