Back ArrowLogo
Info
Profile

ਮਜ਼ਦੂਰਾਂ ਦੇ ਵਿਸ਼ੇਸ਼ ਜਮਾਤੀ ਲੱਛਣ, ਆਦਤਾਂ, ਸ਼ੌਕ, ਖਾਸ ਹਰਕਤਾਂ, ਵਿਸ਼ਵਾਸ ਅਤੇ ਗੱਲਬਾਤ ਦੇ ਅੰਦਾਜ਼ ਦਾ ਨਿਚੋੜ ਕੱਢਣ ਵਿੱਚ ਅਤੇ ਉਸ ਨੂੰ ਇੱਕ ਦੁਕਾਨਦਾਰ, ਸਰਕਾਰੀ ਅਧਿਕਾਰੀ ਜਾਂ ਮਜ਼ਦੂਰ ਦੀ ਸਖ਼ਸ਼ੀਅਤ ਵਿੱਚ ਕੇਂਦਰਤ ਕਰਨ ਜਾਂ ਸਮੇਟ ਲੈਣ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ ਇੱਕ 'ਟਾਈਪ' ("ਨਮੂਨੇ") ਦੀ ਰਚਨਾ ਕਰਦਾ ਹੈ ਅਤੇ ਇਹੀ ਕਲਾ ਹੈ। ਕਲਾਕਾਰ ਨੂੰ ਉਸ ਦੀ ਨਿਰੀਖਣ-ਯੋਗਤਾ ਦਾ ਦਾਇਰਾ ਅਤੇ ਉਸ ਦਾ ਅਮੀਰ ਤਜ਼ਰਬਾ ਅਕਸਰ ਅਜਿਹੀ ਤਾਕਤ ਪ੍ਰਦਾਨ ਕਰਦੇ ਹਨ ਕਿ ਜੋ ਤੱਥਾਂ ਪ੍ਰਤੀ ਉਸ ਦੇ ਨਿੱਜੀ ਰਵੱਈਏ ਜਾਂ ਦੂਜੇ ਸ਼ਬਦਾਂ ਵਿੱਚ ਉਸ ਦੀ ਅੰਤਰਮੁਖਤਾ ਨਾਲੋਂ ਜ਼ਿਆਦਾ ਭਾਰੀ ਹੁੰਦੀ ਹੈ। ਅੰਤਰਮੁਖੀ ਰੂਪ ਵਿੱਚ ਬਾਲਜ਼ਾਕ ਬੁਰਜੂਆ ਸਮਾਜਿਕ ਪ੍ਰਣਾਲੀ ਦੇ ਹਮਾਇਤੀ ਸਨ, ਪਰ ਆਪਣੀਆਂ ਕ੍ਰਿਤਾਂ ਵਿੱਚ ਉਨ੍ਹਾਂ ਨੇ ਨਿੱਕ ਬੁਰਜੂਆ ਲੋਕਾਂ ਦੇ ਨੀਚ ਅਤੇ ਅਸ਼ਿਸ਼ਟ ਸੁਭਾਅ ਦਾ ਹੈਰਾਨੀਜਨਕ ਅਤੇ ਬੇਕਿਰਕ ਚਿਤਰਣ ਕੀਤਾ ਹੈ। ਅਜਿਹੀਆਂ ਕਈ ਮਿਸਾਲਾਂ ਮਿਲਦੀਆਂ ਹਨ ਜਿਸ ਵਿੱਚ ਲੇਖਕਾਂ ਨੇ ਆਪਣੀ ਜਮਾਤ ਅਤੇ ਆਪਣੇ ਸਮੇਂ ਦੇ ਬਾਹਰਮੁਖੀ ਇਤਿਹਾਸਕਾਰਾਂ ਦੀ ਭੂਮਿਕਾ ਨਿਭਾਈ ਹੈ। ਅਜਿਹੇ ਮਾਮਲਿਆਂ ਵਿੱਚ ਉਨ੍ਹਾਂ ਦੀਆਂ ਕ੍ਰਿਤਾਂ ਅਸਲ ਵਿੱਚ ਪ੍ਰਬੁੱਧ ਪ੍ਰਕਿਰਤੀ-ਵਿਗਿਆਨੀਆਂ ਦੀਆਂ ਕ੍ਰਿਤਾਂ ਦੇ ਬਰਾਬਰ ਹੁੰਦੀਆਂ ਹਨ ਜਿਹੜੇ ਪਸ਼ੂਆਂ ਦੇ ਭੋਜਨ, ਜਿਉਂਦੇ ਰਹਿਣ, ਉਨ੍ਹਾਂ ਦੇ ਪੁਨਰ-ਉਤਪਾਦਨ ਅਤੇ ਪਤਣ ਦੀਆਂ ਹਾਲਤਾਂ ਦਾ ਅਧਿਐਨ ਅਤੇ ਉਨ੍ਹਾਂ ਦੇ ਜਿਉਂਦੇ ਰਹਿਣ ਦੇ ਵਹਿਸ਼ੀ ਸੰਘਰਸ਼ ਦਾ ਵਰਣਨ ਕਰਦੇ ਹਨ।

ਆਪਣੀ ਹੋਂਦ ਬਣਾਈ ਰੱਖਣ ਦੇ ਸੰਘਰਸ਼ ਵਿੱਚ ਮਨੁੱਖ ਦੀ ਸਹਿਜ-ਪ੍ਰਵਿਰਤੀ ਨੇ ਉਸ ਵਿੱਚ ਦੋ ਬਲਵਾਨ ਰਚਨਾਤਮਕ ਸ਼ਕਤੀਆਂ ਵਿਕਸਤ ਕੀਤੀਆਂ ਹਨ—ਗਿਆਨ ਅਤੇ ਕਲਪਨਾ। ਗਿਆਨ, ਸਮਝਣ ਦੀ ਤਾਕਤ, ਦਾ ਅਰਥ ਹੈ ਕੁਦਰਤੀ ਵਰਤਾਰਿਆਂ ਅਤੇ ਸਮਾਜਿਕ ਜੀਵਨ ਦੇ ਤੱਥਾਂ ਦਾ ਨਿਰੀਖਣ, ਤੁਲਨਾ ਅਤੇ ਅਧਿਐਨ ਕਰਨ ਦੀ ਯੋਗਤਾ। ਇੱਕ ਸ਼ਬਦ ਵਿੱਚ ਕਹਿਣਾ ਹੋਵੇ ਤਾਂ ਗਿਆਨ ਦਾ ਅਰਥ ਹੈ ਸੋਚਣਾ। ਆਪਣੇ ਸਾਰਤੱਤ ਵਿੱਚ ਕਲਪਨਾ ਵੀ ਸੰਸਾਰ ਬਾਰੇ ਇੱਕ ਤਰ੍ਹਾਂ ਦੀ ਸੋਚਣ-ਵਿਧੀ ਹੀ ਹੈ ਪਰ ਇਹ ਬਿੰਬਾਂ ਵਿੱਚ ਸੋਚਣਾ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਕਲਪਨਾ ਦਾ ਮਤਲਬ ਚੀਜ਼ਾਂ ਅਤੇ ਕੁਦਰਤ ਦੀਆਂ ਬੁਨਿਆਦੀ ਤਾਕਤਾਂ ਨਾਲ ਮਨੁੱਖੀ ਗੁਣ, ਭਾਵਨਾਵਾਂ ਅਤੇ ਇੱਥੋਂ ਤੱਕ ਕਿ ਇਰਾਦੇ ਵੀ ਜੋੜ ਦੇਣ ਦੀ ਯੋਗਤਾ ਹੁੰਦੀ ਹੈ।

ਅਸੀਂ, ਸੁਣਦੇ ਹਾਂ ਅਤੇ ਬੋਲਦੇ ਹਾਂ ਕਿ 'ਹਵਾ ਚੀਖ਼ ਰਹੀ ਹੈ ਜਾਂ ਹਉਕੇ ਭਰ ਰਹੀ ਹੈ', 'ਚਾਨਣੀ ਸੋਚਾਂ ਵਿੱਚ ਡੁੱਬੀ ਹੈ', 'ਨਦੀ ਅਠਖੇਲੀਆਂ ਕਰਦੀ ਜਾਂ ਗੁਣਗੁਣਾ ਰਹੀ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਗਟਾਅ, ਜਿਨ੍ਹਾਂ ਦਾ ਮਕਸਦ ਕੁਦਰਤੀ ਵਰਤਾਰਿਆਂ ਨੂੰ ਹੋਰ ਵਧੇਰੇ ਸਜੀਵ ਬਣਾ ਕੇ ਪੇਸ਼ ਕਰਨਾ ਹੈ।

ਇਸ ਨੂੰ ਮਨੁੱਖੀਕਰਨ (anthropomorphism) ਕਹਿੰਦੇ ਹਨ। ਇਹ ਦੋ ਯੂਨਾਨੀ ਸ਼ਬਦਾਂ anthropos, ਜਿਸ ਦਾ ਅਰਥ ਹੈ ਮਨੁੱਖ ਅਤੇ morphe, ਜਿਸ ਦਾ ਅਰਥ ਹੈ ਰੂਪ ਜਾਂ ਮੂਰਤ, ਤੋਂ ਬਣਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਨੁੱਖ ਕੋਲ, ਜੋ ਕੁਝ ਵੀ ਉਹ ਦੇਖਦਾ ਹੈ ਉਸ ਨਾਲ ਮਨੁੱਖੀ ਗੁਣ ਜੋੜ ਕੇ ਦੇਖਣ ਦਾ ਇੱਕ ਖਾਸ ਢੰਗ ਹੈ।

26 / 395
Previous
Next