ਉਸ ਦੀ ਕਲਪਨਾ ਹੀ ਸਾਰੇ ਕੁਦਰਤੀ ਵਰਤਾਰਿਆਂ ਨੂੰ, ਮਨੁੱਖੀ ਕਿਰਤ ਅਤੇ ਮਨ ਦੀਆਂ ਰਚਨਾਵਾਂ ਨੂੰ ਇਹ ਗੁਣ ਬਖ਼ਸ਼ਦੀ ਹੈ। ਅਜਿਹੇ ਵੀ ਲੋਕ ਹਨ ਜੋ ਇਹ ਸੋਚਦੇ ਹਨ ਕਿ ਮਨੁੱਖੀਕਰਣ ਦੀ ਸਾਹਿਤ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਸਾਹਿਤ ਲਈ ਹਾਨੀਕਾਰਕ ਵੀ ਮੰਨਦੇ ਹਨ, ਪਰ ਇਹੀ ਲੋਕ ਇਹ ਵੀ ਕਹਿੰਦੇ ਹਨ ਕਿ, "ਪਾਲਾ ਕੰਨਾਂ ਨੂੰ ਖਾ ਰਿਹਾ ਹੈ”, “ਸੂਰਜ ਮੁਸਕਰਾਇਆ", "ਮਈ ਆ ਗਈ" ਅਤੇ ਇੱਥੋਂ ਤੱਕ ਕਿ "ਸਨਕੀ ਮੌਸਮ ਦੀਆਂ ਗੱਲਾਂ ਵੀ ਕਰਦੇ ਹਨ, ਭਾਵੇਂ ਕਿ ਮੌਸਮ ਦੇ ਸਬੰਧ ਵਿੱਚ ਨੈਤਿਕ ਮਾਪਦੰਢ ਅਖ਼ਤਿਆਰ ਕਰਨਾ ਅਸੰਭਵ ਹੈ।
ਇੱਕ ਯੂਨਾਨੀ ਦਾਰਸ਼ਨਿਕ ਜ਼ੀਨੋਫੇਨਜ਼ ਨੇ ਕਿਹਾ ਸੀ ਕਿ ਜੇ ਜਾਨਵਰਾਂ ਵਿੱਚ ਕਲਪਨਾ-ਸ਼ਕਤੀ ਹੁੰਦੀ ਤਾਂ ਸ਼ੇਰ ਇਹ ਸੋਚਦੇ ਕਿ ਰੱਬ ਇੱਕ ਬਹੁਤ ਵੱਡਾ ਅਤੇ ਅਜਿੱਤ ਸ਼ੇਰ ਹੈ, ਚੂਹੇ ਉਸ ਦਾ ਚਿਤਰਣ ਇੱਕ ਚੂਹੇ ਵਜੋਂ ਕਰਦੇ, ਵਗੈਰਾ-ਵਗੈਰਾ। ਮੱਛਰਾਂ ਦਾ ਰੱਬ ਸ਼ਾਇਦ ਇੱਕ ਮੱਛਰ ਹੁੰਦਾ ਅਤੇ ਇਸੇ ਤਰ੍ਹਾਂ ਤਪਦਿਕ ਦੇ ਜੀਵਾਣੂ ਦਾ ਰੱਬ ਇੱਕ ਜੀਵਾਣੂ ਹੋਵੇਗਾ। ਮਨੁੱਖ ਨੇ ਆਪਣੇ ਰੱਬ ਨੂੰ ਜਾਣੀ-ਜਾਣ, ਸਰਬ-ਸ਼ਕਤੀਮਾਨ ਅਤੇ ਸਰਬ-ਸਿਰਜਣਹਾਰ ਬਣਾ ਦਿੱਤਾ ਹੈ, ਦੂਸਰੇ ਸ਼ਬਦਾਂ ਵਿੱਚ, ਉਸ ਨੇ ਆਪਣੀਆਂ ਸਰਵੋਤਮ ਅਕਾਂਖਿਆਵਾਂ ਉਸ ਵਿੱਚ ਮੂਰਤੀਮਾਨ ਕਰ ਦਿੱਤੀਆਂ ਹਨ। ਰੱਬ ਹੋਰ ਕੁਝ ਨਹੀਂ ਬਸ ਮਨੁੱਖ ਦੀ ਇੱਕ ਘੜਤ ਹੈ, ਜੋ "ਜ਼ਿੰਦਗੀ ਦੀ ਨੀਰਸ ਕੰਗਾਲੀ ਅਤੇ ਜ਼ਿੰਦਗੀ ਨੂੰ ਵਧੇਰੇ ਖੁਸ਼ਹਾਲ, ਸੁਵਿਧਾਜਨਕ, ਜ਼ਿਆਦਾ ਨਿਆਂਪੂਰਨ ਅਤੇ ਚੰਗੀ ਬਣਾਉਣ ਦੀ ਮਨੁੱਖ ਦੀ ਧੁੰਦਲੀ ਜਿਹੀ ਤਾਂਘ ਵਿੱਚੋਂ ਪੈਦਾ ਹੋਈ ਹੈ। ਰੱਬ ਨੂੰ ਨਿੱਤ-ਦਿਹਾੜੀ ਦੀ ਸਾਧਾਰਨ ਜ਼ਿੰਦਗੀ ਤੋਂ ਉੱਪਰ ਰੱਖਿਆ ਗਿਆ ਹੈ, ਕਿਉਂਕਿ ਮਨੁੱਖਾਂ ਦੇ ਸਭ ਤੋਂ ਵਧੀਆ ਗੁਣਾਂ ਅਤੇ ਇੱਛਾਵਾਂ ਨੂੰ ਜੀਵਨ ਦੇ ਯਥਾਰਥ ਵਿੱਚ ਕੋਈ ਥਾਂ ਨਹੀਂ ਮਿਲਿਆ - ਜੀਵਨ, ਜਿਹੜਾ ਜੀਵਨ-ਨਿਰਬਾਹ ਦੇ ਕਠੋਰ ਸੰਘਰਸ਼ ਦਾ ਮਹਿਜ਼ ਇੱਕ ਦ੍ਰਿਸ਼ ਬਣਿਆ ਹੋਇਆ ਸੀ।
ਅਖ਼ੀਰ, ਅਸੀਂ ਦੇਖਦੇ ਹਾਂ ਕਿ ਜਦੋਂ ਮਜ਼ਦੂਰ ਜਮਾਤ ਦੇ ਹਰਾਵਲਾਂ ਨੇ ਇਹ ਸਮਝ ਲਿਆ ਕਿ ਜੀਵਨ ਦਾ ਪੁਨਰ-ਨਿਰਮਾਣ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਕਿ ਬਿਨਾਂ ਕਿਸੇ ਰੁਕਾਵਟ ਤੋਂ ਬਿਹਤਰੀਨ ਮਨੁੱਖੀ-ਗੁਣਾਂ ਦਾ ਵਿਕਾਸ ਹੋ ਸਕੇ, ਤਾਂ ਰੱਬ ਇੱਕ ਫਾਲਤੂ ਚੀਜ਼ ਬਣ ਗਿਆ, ਜਿਸ ਨੇ ਆਪਣੀ ਪੂਰੀ ਉਮਰ ਭੋਗ ਲਈ ਸੀ। ਹੁਣ ਉਨ੍ਹਾਂ ਵਿਚਲੇ ਸਰਵੋਤਮ ਗੁਣਾਂ ਨੂੰ ਰੱਬ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ ਰਹੀ, ਕਿਉਂਕਿ ਉਸ ਸਰਵੋਤਮ ਨੂੰ ਹੁਣ ਸਜੀਵ ਅਤੇ ਲੌਕਿਕ ਯਥਾਰਥ ਵਿੱਚ ਬਦਲਿਆ ਜਾ ਸਕਦਾ ਸੀ।
ਰੱਬ ਦੀ ਰਚਨਾ ਸਾਹਿਤ ਦੇ "ਟਾਈਪਾਂ" ਵਾਂਗ ਅਮੂਰਤੀਕਰਨ ਅਤੇ ਮੂਰਤੀਕਰਨ ਦੇ ਨਿਯਮਾਂ ਮੁਤਾਬਿਕ ਕੀਤੀ ਗਈ ਹੈ। ਕਈ ਸੂਰਮਿਆਂ ਦੇ ਵਿਸ਼ੇਸ਼ ਕਾਰਨਾਮਿਆਂ ਨੂੰ ਸੰਘਣਾ ਜਾਂ "ਅਮੂਰਤੀਕ੍ਰਿਤ" ਕਰਕੇ ਇੱਕ ਨਾਇਕ ਦੀ ਸਖ਼ਸ਼ੀਅਤ ਵਿੱਚ, ਮੰਨ ਲਓ ਹਰਕਿਉਲਸ ਜਾਂ ਪੌਰਾਣਿਕ ਰੂਸੀ ਕਿਸਾਨ ਨਾਇਕ ਇਲਿਆ ਮੁਰੋਮੇਤ ਦੇ ਰੂਪ ਵਿੱਚ ਮੂਰਤੀਮਾਨ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਠੋਸ ਸ਼ਕਲ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਵਪਾਰੀ, ਕੁਲੀਨ ਪੁਰਸ਼ ਜਾਂ ਕਿਸਾਨ ਦੇ ਵਿਲੱਖਣ ਗੁਣਾਂ ਨੂੰ ਨਿਖੇੜ ਕੇ ਉਨ੍ਹਾਂ ਨਾਲ ਕਿਸੇ ਇੱਕ ਵਪਾਰੀ,