

ਵਜੋਂ ਸਮਾਜਵਾਦੀਆਂ ਵਿੱਚ ਸ਼ਾਮਿਲ ਹੋਣਾ ਚਾਹੁਣਗੇ। ਪ੍ਰੋਲੇਤਾਰੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਉਹ ਹਰ ਹਾਲ ਵਿੱਚ ਸਮਝ ਵੀ ਲਵੇਗਾ ਕਿ, ਮਜ਼ਦੂਰ ਜਮਾਤ ਨਾਲ ਚੱਲਣ ਦੀ ਉਹਨਾਂ ਦੀ ਇਸ ਤਤਪਰਤਾ ਪਿੱਛੇ ਖੂਹ-ਦੇ-ਡੱਡੂ ਦੀ ਆਪਣਾ ਵਿਅਕਤੀਤਵ ਸਥਾਪਤ ਕਰਨ ਦੀ ਸਵਾਰਥੀ ਤਾਂਘ ਕੰਮ ਕਰ ਰਹੀ ਹੈ।
ਰੂਹਾਨੀ ਭੀਖ਼ ਮੰਗਣ ਤੱਕ ਗਰਕਿਆ ਹੋਇਆ, ਵਿਰੋਧਤਾਈਆਂ ਦੇ ਜਾਲ ਵਿੱਚ ਫਸਿਆ, ਅਤੇ ਟੇਕ ਲੈਣ ਲਈ ਕਿਸੇ ਨਿੱਘੇ ਖੋਜੇ ਦੀ ਭਾਲ ਦੇ ਯਤਨਾਂ ਵਿੱਚ ਮਜ਼ਾਕ ਅਤੇ ਤਰਸ ਦਾ ਪਾਤਰ ਬਣਿਆ, ਵਿਅਕਤੀਵਾਦ ਲਗਾਤਾਰ ਟੁੱਟਦਾ ਜਾ ਰਿਹਾ ਹੈ ਅਤੇ ਇਸਦੀ ਮਾਨਸਿਕਤਾ ਵੀ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਇਹ ਗੱਲ ਮਹਿਸੂਸ ਕਰਦਿਆਂ ਅਤੇ ਨਿਰਾਸ਼ਾ ਦੇ ਬੋਝ ਹੇਠਾਂ ਦੱਬਿਆ—ਜਿਸਦਾ ਉਸਨੂੰ ਅਹਿਸਾਸ ਵੀ ਹੈ ਅਤੇ ਇਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰਦਾ ਹੈ—ਵਿਅਕਤੀਵਾਦ ਮੁਕਤੀ ਦੀ ਤਲਾਸ਼ ਵਿੱਚ ਹੜਕੰਪ ਮਚਾਉਂਦਾ ਫਿਰਦਾ ਹੈ, ਅਧਿਆਤਮਵਾਦ ਅਤੇ ਗੁਨਾਹਾਂ ਵਿੱਚ ਡੁੱਬਿਆ ਪਿਆ ਹੈ, ਰੱਬ ਦੀ ਭਾਲ ਕਰਦਾ ਹੋਇਆ ਵੀ ਸ਼ੈਤਾਨ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਹੈ। ਉਸਦੀ ਇਹ ਸਾਰੀ ਤਲਾਸ਼ ਅਤੇ ਖੱਪਖਾਨਾ ਸਿਰ 'ਤੇ ਮੰਡਰਾ ਰਹੀ ਮੌਤ ਦੇ ਕੁਸ਼ਗਨ ਅਤੇ ਭੈਅ ਦਾ ਸੂਚਕ ਹੈ। ਅਜੋਕੇ ਸਮੇਂ ਦਾ ਵਿਅਕਤੀਵਾਦੀ ਬੇਚੈਨ ਗ਼ਮਗੀਨੀ ਦੇ ਪੰਜਿਆਂ ਵਿੱਚ ਫਸਿਆ ਹੋਇਆ ਹੈ। ਉਹ ਆਪਣੀ ਸਹਿਣਸ਼ੀਲਤਾ ਗੁਆ ਚੁੱਕਿਆ ਹੈ, ਜੀਵਨ ਤੇ ਆਪਣੀ ਪਕੜ ਬਣਾਈ ਰੱਖਣ ਦਾ ਹਰ ਯਤਨ ਕਰ ਰਿਹਾ ਹੈ, ਪਰ ਉਸਦੀ ਤਾਕਤ ਜਵਾਬ ਦੇ ਗਈ ਹੈ, ਅਤੇ ਹੁਣ ਉਸ ਕੋਲ ਕੇਵਲ ਇੱਕ ਚੀਜ਼ ਬਚੀ ਹੈ, ਉਹ ਹੈ ਉਸਦੀ ਮੱਕਾਰੀ, ਜਿਸਨੂੰ ਕਿਸੇ ਨੇ "ਮੂਰਖਾਂ ਦੀ ਸਿਆਣਪ" ਆਖਿਆ ਹੈ। ਉਸਦੇ ਪਹਿਲਾਂ ਵਾਲ਼ੇ ਵਜੂਦ ਦਾ ਹੁਣ ਕੇਵਲ ਛਿਲਕਾ ਹੀ ਰਹਿ ਗਿਆ ਹੈ, ਰੂਹ ਦੇ ਹੰਢ ਜਾਣ ਕਾਰਨ ਅਤੇ ਜਿੰਦ ਦੀ ਪਰੇਸ਼ਾਨੀ ਦਾ ਝੰਬਿਆ ਉਹ ਕਦੇ ਸਮਾਜਵਾਦ ਨਾਲ ਕਲੋਲਾਂ ਕਰਦਾ ਹੈ ਤੇ ਕਦੇ ਪੂੰਜੀਵਾਦ ਦਾ ਜੁੱਤੀਚੱਟ ਬਣਦਾ ਹੈ। ਜਦਕਿ ਉਸਨੂੰ ਆਪਣੀ ਸਮਾਜਿਕ ਮੌਤ ਦਾ ਪੁਰਵਾਭਾਸ ਹੋ ਚੁੱਕਿਆ ਹੈ ਅਤੇ ਇਹ ਡਰ ਉਸਦੀ ਤੁੱਛ ਅਤੇ ਬਿਮਾਰ "ਮੈਂ" ਦੇ ਵਿਘਟਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਰਿਹਾ ਹੈ। ਉਸਦੀ ਨਿਰਾਸ਼ਾ ਵਾਰ-ਵਾਰ ਸਨਕੀਪਣੇ ਵਿੱਚ ਤਬਦੀਲ ਹੋ ਰਹੀ ਹੈ, ਅਤੇ ਵਿਅਕਤੀਵਾਦੀ ਨੇ ਮਾਨਸਿਕ ਰੋਗੀ ਵਾਂਗ ਉਹਨਾਂ ਗੱਲਾਂ ਤੋਂ ਮੁਨਕਰ ਹੋਣਾ ਅਤੇ ਉਨ੍ਹਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਹਨਾਂ ਨੂੰ ਉਹ ਹਾਲੇ ਕੱਲ ਤੱਕ ਪੁਜਦਾ ਰਿਹਾ ਹੈ। ਉਸਦੇ ਨਿਰਾਸ਼ਾਵਾਦ ਦਾ ਪੂਰਾ ਅਸਰ ਉਸਨੂੰ ਅਟੱਲ ਤੌਰ 'ਤੇ ਗੁੰਡਾਗਰਦੀ ਦੀ ਮਾਨਸਿਕ ਅਵਸਥਾ ਵੱਲ ਲਿਜਾ ਰਿਹਾ ਹੈ। ਮੈਂ ਇਸ ਸ਼ਬਦ ਦੀ ਵਰਤੋਂ ਉਹਨਾਂ ਦੀ ਬੇਜ਼ਤੀ ਕਰਨ ਲਈ ਨਹੀਂ ਕਰ ਰਿਹਾ ਜਿਹੜੇ ਪਹਿਲਾਂ ਹੀ ਬੇਇਜ਼ਤ ਹੋ ਚੁੱਕੇ ਹਨ ਜਾਂ ਪਹਿਲਾਂ ਹੀ ਹੀਣੇ ਲੋਕਾਂ ਨੂੰ ਹੋਰ ਹੀਣੇ ਕਰਨ ਲਈ ਨਹੀਂ ਕਰ ਰਿਹਾ ਹਾਂ। ਜ਼ਿੰਦਗੀ ਇਹ ਕੰਮ ਮੇਰੇ ਨਾਲ ਕਿਤੇ ਜ਼ਿਆਦਾ ਕਰੜੇ-ਹੱਥੀਂ ਅਤੇ ਸਖ਼ਤੀ ਨਾਲ ਕਰ ਰਹੀ ਹੈ। ਨਹੀਂ, ਗੁੰਡਾਗਰਦੀ ਤਾਂ ਵਿਅਕਤੀਤਵ ਦੇ ਮਾਨਸਿਕ ਅਤੇ ਸਰੀਰਕ ਪਤਨ ਦਾ ਸਿੱਟਾ ਹੈ ਅਤੇ ਇਸ ਨਿਘਾਰ ਦੇ ਦਰਜੇ ਦਾ ਨਿਰਵਿਵਾਦ ਸਬੂਤ ਵੀ ਹੈ। ਇਹ ਸਮਾਜਿਕ ਕੁਪੋਸ਼ਣ ਦੀ ਵਜ੍ਹਾ ਨਾਲ ਪੈਦਾ ਹੋਇਆ ਦਿਮਾਗ ਦਾ ਸ਼ਾਇਦ ਕੋਈ ਪੁਰਾਣਾ ਰੋਗ ਹੈ,