

ਅਜਿਹੀ ਕਿਤਾਬ ਜਿਹੜੀ ਮਨੁੱਖ ਦੀ ਰੂਹਾਨੀ ਕੰਗਾਲੀ ਅਤੇ "ਮੈਂ" ਦੇ ਬੇਕਿਰਕ ਸੁੰਗੜਦੇ ਜਾਣ ਦੀ ਨਿਰੰਤਰ ਪ੍ਰਕਿਰਿਆ ਦਾ ਸਾਫ-ਸਪਸ਼ਟ ਚਿਤਰਣ ਕਰਦੀ ਹੋਵੇ।
ਇਸ ਪ੍ਰਕਿਰਿਆ ਵਿੱਚ 19ਵੀਂ ਸਦੀ ਨੇ ਫੈਸਲਾਕੁਨ ਭੂਮਿਕਾ ਨਿਭਾਈ ਹੈ, ਜਿਹੜੀ ਸੰਸਾਰ ਖੂਹ-ਦੇ-ਡੱਡੂਪੁਣੇ ਦੀ ਮਾਨਸਿਕ ਸੰਤੁਲਨ ਦੀ ਕਸਵੱਟੀ ਸੀ ਅਤੇ ਜਿਸਨੇ ਇਸਦੀਆਂ ਰਚਨਾਤਮਕ ਸ਼ਕਤੀਆਂ ਦੀ ਘਾਟ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ ਸੀ।
ਤਕਨੀਕ ਦਾ ਵਿਕਾਸ ? ਯਕੀਨਨ, ਇਹ ਇੱਕ ਮਹਾਨ ਕਾਰਜ ਸੀ। ਫਿਰ ਵੀ ਤਕਨੀਕ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ "ਆਪਣੇ ਆਪ 'ਤੇ ਨਿਰਭਰ" ਸੀ, ਕਿਉਂਕਿ ਇਹ ਵਿਅਕਤੀਗਤ ਨਹੀਂ ਸਮੂਹਿਕ ਯਤਨਾਂ ਦਾ ਸਿੱਟਾ ਸੀ। ਇਹ ਫੈਕਟਰੀਆਂ ਵਿੱਚ ਤੇ ਮਜ਼ਦੂਰਾਂ ਦਰਮਿਆਨ ਵਧੀ-ਫੁੱਲੀ ਅਤੇ ਵਿਕਸਤ ਹੋਈ ਹੈ। ਦਫਤਰਾਂ ਵਿੱਚ ਕੇਵਲ ਸਮੂਹ ਦੁਆਰਾ ਹਾਸਿਲ ਕੀਤੇ ਤੱਥਾਂ ਨੂੰ-ਲੋਕਾਂ ਦੇ ਤਜ਼ਰਬਿਆਂ ਨੂੰ ਇਕੱਠਾ ਕਰਨ ਅਤੇ ਜੱਥੇਬੰਦ ਕਰਨ ਦਾ ਹੀ ਕੰਮ ਹੁੰਦਾ ਹੈ। ਇਹਨਾਂ ਲੋਕਾਂ ਕੋਲ ਆਪਣੇ ਨਿਰੀਖਣ ਅਤੇ ਗਿਆਨ ਨੂੰ ਸਮੇਟ ਕੇ ਉਸਦਾ ਨਿਚੋੜ ਕੱਢਣ ਦਾ ਸਮਾਂ ਨਹੀਂ ਹੁੰਦਾ, ਅਤੇ ਇਸ ਲਈ ਆਪਣੇ ਤਜ਼ਰਬਿਆਂ ਦੀ ਦੌਲਤ ਹੋਰਾਂ ਨੂੰ ਸੌਂਪਣ ਲਈ ਮਜ਼ਬੂਰ ਹੁੰਦੇ ਹਨ। ਕੁਦਰਤ ਵਿਗਿਆਨ ਦੀਆਂ ਲੱਭਤਾਂ, ਜਿਹੜੀਆਂ ਤਕਨੀਕ ਦੇ ਵਿਕਾਸ ਦਾ ਹੀ ਸਾਰ ਹਨ, ਕੇਵਲ ਕਹਿਣ ਨੂੰ ਹੀ ਵਿਅਕਤੀਆਂ ਦੀ ਪ੍ਰਾਪਤੀਆਂ ਹਨ। ਜ਼ਰਾ ਸੋਚੋ, ਪਦਾਰਥ ਦੀ ਸੰਰਚਨਾ ਦੇ ਖੇਤਰ ਵਿੱਚ ਪਿੱਛੇ ਜਿਹੇ ਹੀ ਹੋਈਆਂ ਖੋਜਾਂ ਦਾ ਸਮੂਹਿਕ ਲੱਛਣ ਕਿਵੇਂ ਸਾਕਾਰ ਰੂਪ ਵਿੱਚ ਪ੍ਰਗਟ ਹੋਇਆ ਹੈ ! ਕੁਦਰਤ ਵਿਗਿਆਨ ਦੀਆਂ ਪ੍ਰਾਪਤੀਆਂ ਨੂੰ ਜਮੂਹਰੀਅਤ ਵਿਰੋਧੀ ਰੰਗ-ਰੂਪ ਦੇਣ ਦੀਆਂ ਵਿਅਕਤੀਵਾਦ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁਦਰਤ ਵਿਗਿਆਨ ਅਜੇ ਤੱਕ ਸਮੂਹਿਕ ਰੂਪ ਵਿੱਚ ਰਚੇ ਇਸ ਤੱਤ ਨੂੰ ਵਿਗਾੜਨ ਦੇ ਇਹਨਾਂ ਯਤਨਾਂ ਅੱਗੇ ਝੁਕਿਆ ਨਹੀਂ ਹੈ। ਸਗੋਂ ਇਸਦੇ ਉਲਟ ਇਹ ਅਦਵੈਤਵਾਦੀ ਲਾਈਨ 'ਤੇ ਵਿਕਸਤ ਹੁੰਦਿਆਂ ਹੌਲੀ-ਹੌਲੀ ਸਮਾਜਵਾਦ ਦੀ ਡੂੰਘੀ ਅਤੇ ਬਲਵਾਨ ਨੀਂਹ ਧਰ ਰਿਹਾ ਹੈ। ਇਹ ਇੱਕ ਅਜਿਹਾ ਤੱਥ ਹੈ ਜਿਹੜਾ ਬੁਰਜੂਆਜ਼ੀ ਦੇ ਕੁਦਰਤ ਵਿਗਿਆਨ ਤੋਂ ਅਧਿਆਤਮਵਾਦ ਵੱਲ ਮੁੜਨ ਦੀ ਵਿਆਖਿਆ ਕਰ ਸਕਦਾ ਹੈ।
ਮਾਲਿਕ-ਜਮਾਤਾਂ ਹਮੇਸ਼ਾ ਹੀ ਗਿਆਨ ਦੀ ਅਜਾਰੇਦਾਰੀ ਕਰਨ ਦੇ ਯਤਨ ਕਰਦੀਆਂ ਰਹੀਆਂ ਹਨ, ਅਤੇ ਲੋਕਾਂ ਤੱਕ ਪਹੁੰਚਣ ਤੋਂ ਇਸਨੂੰ ਹਰ ਢੰਗ ਨਾਲ ਰੋਕਦੀਆਂ ਰਹੀਆਂ ਹਨ। ਲੋਕਾਂ ਤੱਕ ਇਹ ਕੇਵਲ ਕੁਝ ਨਿਤਾਰੇ ਹੋਏ ਵਿਚਾਰ ਹੀ ਪਹੁੰਚਣ ਦਿੰਦੀਆਂ ਸਨ, ਤੇ ਉਹ ਵੀ ਉਹਨਾਂ 'ਤੇ ਆਪਣੀ ਸੱਤਾ ਨੂੰ ਪੱਕੇ ਪੈਰੀਂ ਕਰਨ ਦੇ ਔਜ਼ਾਰ ਵਜੋਂ ਹੀ। 19ਵੀਂ ਸਦੀ ਨੇ ਇਸ ਤਬਾਹਕੁਨ ਨੀਤੀ ਦਾ ਪਰਦਾਫਾਸ਼ ਕੀਤਾ ਅਤੇ ਯੂਰਪ ਦੀ ਬੌਧਿਕ ਊਰਜਾ ਦੀ ਕੰਗਾਲੀ ਨੂੰ ਨੰਗਾ ਕੀਤਾ। ਬੁਰਜੂਆਜ਼ੀ ਨੇ ਸਨਅਤ ਅਤੇ ਵਪਾਰ ਦੇ ਵਿਕਾਸ ਲਈ ਬੇਹੱਦ ਯਤਨ ਕੀਤੇ ਸਨ, ਜਿਹਨਾਂ ਵਿੱਚ ਉਹਨਾਂ ਨੇ ਸਪਸ਼ਟ ਤੌਰ 'ਤੇ ਆਪਣੀ ਰੂਹਾਨੀ ਤਾਕਤਾਂ ਦਾ ਸਮੁੱਚਾ ਭੰਡਾਰ ਝੋਕ ਦਿੱਤਾ। ਇਹ ਗੱਲ ਤਾਂ ਹੁਣ ਸਾਫ ਹੈ ਕਿ ਬੁਰਜੂਆਜ਼ੀ ਦੀ ਨੈਤਿਕ ਤੰਦ ਟੁੱਟ ਚੁੱਕੀ ਹੈ।