

3
ਮਸਜਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ, ਬਹਿ ਕੇ ਪੜ੍ਹੀਏ, ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ।
ਡੁੱਬੇ ਵਿੱਚ ਸਮੁੰਦਰ ਬੇੜੇ, ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ, ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਏਹੋ ਜਹੀ ਵੀ, ਬੰਦਾ ਹਰਕਤ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ, ਹੋ ਜਾਂਦਾ ਏ ਡੰਗਰ ਨੂੰ।
ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਨੂੰ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।
-0-