

12
ਹੱਕ ਜਦੋਂ ਮੈਂ ਜੀਣ ਦਾ ਮੰਗਾਂ, ਪੱਥਰ ਮਾਰੇ ਜਾਂਦੇ ਨੇ।
ਮਰ ਜਾਵਾਂ ਤੇ ਮੇਰੇ ਉੱਤੇ, ਫੁੱਲ ਖਿਲਾਰੇ ਜਾਂਦੇ ਨੇ।
ਕੋਈ ਨਈਂ ਜਾਂਦਾ ਮੈਂ ਤੇ ਜਾਨਾ, ਪੁੱਛਣ ਸ਼ਹਿਰ ਦੇ ਹਾਕਮ ਨੂੰ,
ਤੇਰੇ ਸਿਰ ਦੇ ਉੱਤੋਂ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ।
ਤੇਰੇ ਦਿਲ ਨੂੰ ਹੱਥ ਨਈਂ ਪੈਂਦਾ, ਸਾਰੇ ਪਿੰਡ ਦੇ ਚੌਧਰੀਆ,
ਤੇਰੇ ਘਰ 'ਚੋਂ ਖਾਲੀ ਹੱਥੀਂ ਜਦੋਂ ਮੁਜ਼ਾਰੇ ਜਾਂਦੇ ਨੇ।
ਜਿੱਧਰ ਮੇਰੀ ਸੋਚ ਕਵ੍ਹੇਗੀ, ਓਧਰ ਵਾਗਾਂ ਮੋੜਾਂਗਾ,
ਡੰਗਰ ਤੇ ਨਈਂ ਓਧਰ ਜਾਵਾਂ, ਜਿਧਰ ਸਾਰੇ ਜਾਂਦੇ ਨੇ।
ਜਰ ਕੇ ਖਾਵੀਂ ਲੱਗ ਗਿਆ ਜੇ ਫਲ ਵਧੇਰਾ ਬੂਟੇ ਨੂੰ,
ਬਹੁਤੀ ਨਾਲ ਹਵਾ ਦੇ ਯਾਰਾ, ਪਾਟ ਗੁਬਾਰੇ ਜਾਂਦੇ ਨੇ।
ਰੰਗ ਬਰੰਗੀਆਂ ਜ਼ਹਿਰਾਂ ਭਰੀਆਂ, ਸੋਚਾਂ ਜੰਮਣ ਖੌਰੇ ਕਿਉਂ,
ਮਹਿਲਾਂ ਵਿੱਚੋਂ ਝੁੱਗੀਆਂ ਵੱਲੇ ਜਦ ਲਿਸ਼ਕਾਰੇ ਜਾਂਦੇ ਨੇ।
ਗੂੜ੍ਹਾ ਰੰਗ ਵੀ ਉਦੋਂ 'ਬਾਬਾ' ਫਿੱਕਾ ਜਿਹਾ ਪੈ ਜਾਂਦਾ ਏ,
ਸੱਜਣ ਵੀ ਜਦ ਸੱਜਣਾਂ ਕੋਲੋਂ ਲੈਣ ਸਹਾਰੇ ਜਾਂਦੇ ਨੇ।
-0-