

41
ਪੱਥਰ ਨੂੰ ਮੈਂ ਸ਼ੀਸ਼ਾ ਕਿਸਰਾਂ ਲਿਖ ਦੇਵਾਂ।
ਝੂਠੇ ਨੂੰ ਮੈਂ ਸੱਚਾ ਕਿਸਰਾਂ ਲਿਖ ਦੇਵਾਂ।
ਜਿਸ ਦੇ ਕੰਢੇ ਚਿੜੀਆਂ ਦੇ ਸੰਘ ਸੁਕਦੇ ਰਹੇ,
ਉਹਦੇ ਦਿਲ ਨੂੰ ਦਰਿਆ ਕਿਸਰਾਂ ਲਿਖ ਦੇਵਾਂ।
ਪਾਲ ਰਿਹਾ ਵਾਂ ਮਾਂਜ ਕੇ ਲੋਹਾ ਬਾਲਾਂ ਨੂੰ,
ਸ਼ਾਇਰੀ ਨੂੰ ਮੈਂ ਪੇਸ਼ਾ ਕਿਸਰਾਂ ਲਿਖ ਦੇਵਾਂ।
ਜਿਸ ਦੀ ਅੱਖ ਦਾ ਸੁਰਮਾ ਦਿਸਦਾ ਬੁਰਕੇ 'ਚੋਂ,
ਉਹਦਾ ਢੱਕਿਆ ਚਿਹਰਾ ਕਿਸਰਾਂ ਲਿਖ ਦੇਵਾਂ।
ਉਹਦੇ ਸੁਣ ਲਲਕਾਰੇ, ਉਹਦਾ ਭੰਗੜਾ ਵੇਖ,
ਤੇਰੇ ਨਾਲੋਂ ਲਿੱਸਾ ਕਿਸਰਾਂ ਲਿਖ ਦੇਵਾਂ।
ਜਿਸ ਪਰ੍ਹਿਆ ਦੇ ਮੁਨਸਫ ਆਪੇ ਕਾਤਲ ਹੋਣ,
ਆਦਲ ਦੀ ਉਹ ਪਰ੍ਹਿਆ ਕਿਸਰਾਂ ਲਿਖ ਦੇਵਾਂ।
ਚਾਰੇ ਚੱਕ ਜਗੀਰ ਮੈਂ ਕੀਤੇ ਤੇਰੇ ਲਈ,
ਵੱਖਰਾ ਤੈਨੂੰ ਹਿੱਸਾ ਕਿਸਰਾਂ ਲਿਖ ਦੇਵਾਂ।
ਦਿਲ ਮਜਮੂਆ* ਭੈੜੇ ਚੰਗੇ ਕੰਮਾਂ ਦਾ,
ਪਾਈਆ, ਬੂਟੀ ਕਾਹਬਾ ਕਿਸਰਾਂ ਲਿਖ ਦੇਵਾਂ।
ਖੋਰੇ ਕਿੱਥੇ ਕਿੱਥੇ ਹੀਰਾ ਲੁਕਿਆ ਏ,
ਮੈਂ ਆਂ ਜੱਗ ਤੇ 'ਕੱਲਾ ਕਿਸਰਾਂ ਲਿਖ ਦੇਵਾਂ।
ਵੇਖ ਕੇ ਜਿਹਨੂੰ ਬਾਲਾਂ ਦੇ ਸਾਹ ਸੂਤੇ ਜਾਣ,
'ਬਾਬਾ' ਉਹਨੂੰ ਬੰਦਾ ਕਿਸਰਾਂ ਲਿਖ ਦੇਵਾਂ।
(ਮਜਮੂਆ* = ਸੰਗ੍ਰਹਿ)
-0-