

44
ਜਦ ਵੀ ਲਿਸ਼ਕ ਗਵਾਚੀ ਮੈਥੋਂ ਸੱਜਣ ਨੇੜੇ ਲਗਦੇ ਨਈਂ।
ਪਹਿਲਾਂ ਵਾਂਗੂੰ ਹੁਣ ਕਿਉਂ ਮੇਲੇ, ਮੇਰੇ ਵਿਹੜੇ ਲਗਦੇ ਨਈਂ।
ਇੰਝ ਲਗਦਾ ਏ ਮੇਰਾ ਦਿਲ ਵੀ ਭਰਿਆ ਏ ਹੁਣ ਮਿੱਠੇ ਤੋਂ,
ਤਾਹੀਓਂ ਗੰਨੇ ਪੀੜਨ ਦੇ ਲਈ ਮੈਥੋਂ ਗੇੜੇ ਲਗਦੇ ਨਈਂ।
ਸੂਰਜ ਨਾਲੋਂ ਪਹਿਲਾਂ ਉੱਠੋ, ਰੁੱਤ ਸੁਨਹਿਰੀ ਤੱਕਣੀ ਜੇ,
ਆਪਣੇ ਆਪ ਕਦੇ ਵੀ ਕੰਢੇ, ਜਾ ਕੇ ਬੇੜੇ ਲਗਦੇ ਨਈਂ।
ਪੱਕੀ ਫਸਲ ਤੇ ਦੱਸ ਦੇ ਮੈਨੂੰ ਕਿਸਰਾਂ ਟਿੱਡੀ ਪੈ ਗਈ ਏ,
ਇਸ ਕੁੜਤੇ ਦੇ ਟਾਂਕੇ ਮੈਨੂੰ, ਆਪ ਉਧੇੜੇ ਲਗਦੇ ਨਈਂ।
ਕੀ ਹੋਇਆ ਜੇ ਤੂੰ ਤੂੰ ਮੈਂ ਮੈਂ ਹੋ ਗਈ ਵਿੱਚ ਭਰਾਵਾਂ ਦੇ,
ਜਿੱਥੇ ਕਦੇ ਨਾ ਠਹਿਕਣ ਭਾਂਡੇ, ਵੱਸਦੇ ਵਿਹੜੇ ਲਗਦੇ ਨਈਂ।
ਆਪਣੇ ਸ਼ਹਿਰ 'ਚ ਦਾਨਸ਼ਮੰਦੋ ਕੁੰਢਾਂ ਨੂੰ ਵੀ ਰਹਿਣ ਦਿਓ,
ਇਹਨਾਂ ਬਾਝੋਂ ਵੀ ਕੁਝ ਕੰਮ ਨੇ ਬੰਨੇ ਜਿਹੜੇ ਲਗਦੇ ਨਈਂ।
ਮਿਹਨਤ ਬਾਝੋਂ ਫਲ ਪਏ ਮੰਗਣ ਕਿੰਝ ਸਮਝਾਵਾਂ ਉਹਨਾਂ ਨੂੰ,
ਠੰਢੇ ਵਿੱਚ ਤੰਦੂਰ ਦੇ 'ਬਾਬਾ' ਕਦੇ ਵੀ ਪੇੜੇ ਲਗਦੇ ਨਈਂ।
-0-