ਮਾਈ ਦਾ ਹਿਰਦਾ, ਜੋ ਪ੍ਰਮਾਰਥ ਦੇ ਰਸਤੇ ਦਾ ਪੁਰਾਣਾ ਤਰਾਊ ਹੈ, ਕੀਹ ਵੇਖਦਾ ਹੈ ਕਿ ਅੱਗੇ ਤਾਂ ਵਿਧਵਾ ਹੋਈ ਸਾਂ, ਪਰ ਅੱਜ ਧੀ ਵਿਹੂਣੀ ਹੋ ਗਈ ਹਾਂ! ਜਦ ਇਹ ਖਿਆਲ ਅੱਖਾਂ ਅੱਗੇ ਆਉਂਦਾ ਹੈ ਤਦ ਅੰਦਰ ਪ੍ਰਮਾਰਥ ਦੀ ਸਾਧਨਾ ਸਹਾਈ ਹੈ ਖੜਦੀ ਹੈ ਤੇ ਆਖਦੀ ਹੈ : ਮਨਾ! ਏਹ ਨਾਸ਼ੁਕਰੀ ਦੇ ਦੂਤ ਆਏ ਹਨ। ਦੂਰ ਕਰ ਇਨ੍ਹਾਂ ਨੂੰ ਜੇ ਸਾਬਤ ਲੰਘਣਾ ਹਈ ਇਸ ਵੇਲੇ ਤਾਂ। ਦੁਨੀਆਂ ਦੇ ਸੰਬੰਧ-ਕਿਆ ਪਤੀ ਤੇ ਕਿਆ ਧੀ-ਆਖਰ ਵਿਛੁੜਨੇ ਸੀ, ਮੈਂ ਮਰਦੀ ਚਾਹੇ ਓਹ ਤੁਰਦੇ। ਪਰ ਵਾਹਿਗੁਰੂ ਦਾ ਸੰਬੰਧ ਆਦਿ ਜੁਗਾਦਿ ਤੋਂ ਹੈ, ਜੋ ਅੰਤ ਪ੍ਰਯੰਤ ਟੁੱਟਣ ਵਾਲਾ ਨਹੀਂ ਹੈ, ਸੋ ਉਸ ਨਾਲੋਂ ਨਾ ਟੁੱਟੇ। ਇਹ ਜੇ ਕੁਝ ਹੋਇਆ ਹੈ ਸੇ ਭਾਣਾ ਹੈ, ਉਸ ਪਿਆਰੇ ਦਾ ਅਰ ਸਿਰ ਨਿਹੁੜਾਕੇ ਝੱਲਣਾ ਹੈ। ਝੱਲ, ਹੇ ਮੇਰੇ ਆਤਮਰਾਮ ਇਸਨੂੰ ਝੱਲ! ਝੱਲਣ ਦੇਹ ਮੇਰੇ ਮਨੀ ਰਾਮ। ਮੈਨੂੰ ਪਿਆਰੇ ਦਾ ਭਾਣਾ ਮਿੱਠਾ ਕਰਕੇ। ਤੂੰ ਪੁਨੀਆਂ ਦਿਖਾਲੀਆਂ ਨਾ ਦੇਹ, ਮੇਰੀ ਧੀ ਮਰੀ ਨਹੀਂ, ਸੱਚਖੰਡ ਗਈ ਹੈ। ਗੁਰਮੁਖ ਕਦੇ ਮਰਦੇ ਹਨ? ਗੁਰਮੁਖ ਤਾਂ ਆਪਣੇ ਘਰ ਜਾਂਦੇ ਹਨ। ਕੇਹੀ ਚੰਗੀ ਧੀ ਸੀ, ਸੁਲੱਖਣੀ ਧੀ ਸੀ-ਸੀ ਨਹੀਂ ਪਰ 'ਹੈ', ਧੀ ਸੁਲੱਖਣੀ ਹੈ ਜਿਸ ਦੀ ਤਫੈਲ ਗੁਰੂ ਨਾਲ ਸਾਕ ਹੋਇਆ, ਸ਼ਰਧਾ ਹੋਈ ਤੇ ਕਲਿਆਨ ਦਾ ਰਾਹ ਖੁਲ੍ਹਾ। ਸੱਚ ਮੁਚ ਸ਼ੁਕਰ ਕਰਨ ਅਰ ਖੁਸ਼ ਹੋਣ ਦੀ ਥਾਂ ਹੈ।
ਇਉਂ ਸੋਚਦੀ ਦੇ ਅੱਗੇ ਨਾ-ਉਮੈਦੀ ਇਕ ਹਵਾਈ ਚੱਕਰ ਫੇਰਕੇ ਆਖਦੀ ਹੈ: ਵਾਹ ਤੇਰੇ ਰੰਗ ਨਾ ਸਹੁਰਿਓਂ ਨ ਪੇਕਿਓਂ ਸਭ ਤਰ ਗਏ। ਮੈਂ ਗੁਲਾਬ ਦੀ ਇਕ ਡਡਰ ਕਟੀਲ ਡਾਲੀ ਪਤਝੜੀ ਰੁੱਤ ਵਿਚ ਇਕੱਲੀ ਖੜੀ ਹਾਂ, ਸੁੰਞੀ। ਵਾਹਵਾਹ। ਐਦਾਂ ਸਭ ਨੇ ਤੁਰਨਾ ਸੀ? ਕੌਣ ਜਾਣਦਾ ਸੀ? ਕਦੇ ਪੰਘੂੜੇ ਵਿਚ ਝੂਟਦੀ ਤੇ ਲੋਰੀਆਂ ਲੈਂਦੀ ਸੀ। ਕਦੇ ਬਿੱਦੂ ਖੇਡਦੀ ਤੇ ਗੀਟੇ ਉਲਾਰਦੀ ਸੀ। ਕਦੇ ਤੇਲ ਚੜ੍ਹਦਾ ਤੇ ਲਾਵਾਂ ਲੈ ਰਹੀ ਸਾਂ। ਕਦੇ ਡੋਲੇ