ਚਉਥੀ ਰਾਤ
ਤੀਸਰੀ ਰਾਤ ਬੀਤ ਗਈ। ਮਾਈ ਦੇ ਹਿਰਦੇ ਮੰਡਲ ਵਿਚ ਜੇ ਰਜਾ ਦੇ ਸੂਰਜ ਨੂੰ ਲੁਕਾ ਲੈਣ ਵਾਲੇ ਬੱਦਲ ਉਮਡੇ ਸਨ, ਹੋ ਹਟੀ ਬਰਖਾ ਮਗਰੋਂ ਨਿੱਤਰੇ ਹੋਏ ਅਕਾਸ਼ ਵਾਂਙੂ, ਮਨ ਦੇ ਅਕਾਸ਼ ਤੋਂ ਲੁਕ ਗਏ ਹਨ। ਪਰ ਜਿਕੂੰ ਕਿਤੇ ਰਿਹਾ ਖਿਹਾ ਬੇਂਦਲ ਦਿੱਸਿਆ ਕਰਦਾ ਹੈ ਤਿੱਕੂ ਏਹ ਇੱਛਾ ਕਿਤੇ ਕਿਤੇ ਲਟਕ ਰਹੀ ਹੈ ਕਿ ਗੁਰੂ ਮਹਾਰਾਜ ਜੀ ਕਿੱਥੇ ਬਿਰਾਜ ਰਹੇ ਹੋਣਗੇ, ਬਰਖੁਰਦਾਰ ਕਿਥੇ ਹੋਣਗੇ, ਪਰਵਾਰ ਸਾਰੇ ਦਾ ਕੀਹ ਹਾਲ ਹੋਇਆ ਹੋਊ। ਸੁਰਤਿ ਨਾਮ ਦੇ ਪਰਵਾਹ ਵਿਚ ਅਖੰਡਾਕਾਰ ਤਾਂ ਚਲ ਰਹੀ ਹੈ, ਪਰ ਅਗਲੀ ਸੁਧ ਜਾਣਨ ਦੀ ਇੱਛਾ ਉਮਡ ਪੈਂਦੀ ਹੈ ਤੇ ਚਿੰਤਾ ਦਾ ਰੰਗ ਲੈਕੇ ਉਮਡਦੀ ਹੈ। ਭਰੰਸਾ ਤੇ ਸਿਦਕ ਕਹਿੰਦੇ ਹਨ ਕਿ ਕੇਤਕਹਾਰ ਮਾਲਕ ਆਪ ਹਨ ਤੇ ਆਪਣੇ ਕੋਤਕਾਂ ਨੂੰ ਓਹ ਆਪ ਜਾਣਦੇ ਹਨ। ਜੋ ਫਕੀਰੀ ਵਿਚ ਬੈਠੇ ਪਾਤਸ਼ਾਹ ਨਾਲ ਟਾਕਰਾ ਕਰਦੇ ਅਰ ਉਨ੍ਹਾਂ ਦੇ ਮੂੰਹ ਮੋੜਦੇ ਹਨ ਓਹ ਹਾਰ ਜਿੱਤ ਵਿਚ ਨਹੀਂ ਹਨ, ਪਰ ਕੋਈ ਪ੍ਰਯੋਜਨ ਹੈ ਜੋ ਵਾਹਿਗੁਰੂ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਪੂਰਨ ਕਰਨਾ ਹੈ। ਉਸਦੇ ਭੇਤ ਦੇ ਓਹ ਆਪ ਜਾਣੂੰ ਹਨ, ਆਪ ਜਨਮ ਮਰਨ ਵਿਚ ਨਹੀਂ ਹਨ, ਅਮਰ ਹਨ, ਇਸ ਕਰਕੇ ਦੁਖ ਸੁਖ ਨੂੰ ਸਮ ਜਾਣਦੇ ਹਨ। ਘਾਬਰਨ ਵਾਲੇ ਜੇ ਹਾਂ ਤਾਂ ਅਸੀਂ ਹਾਂ। ਇਸ ਪ੍ਰਕਾਰ ਦੀਆਂ ਸਿਦਕ ਦੀਆਂ ਵੀਚਾਰਾਂ ਪੰਛ ਦੀ ਪੇਣ ਵਾਂਙੂ ਬੱਦਲਾਂ ਨੂੰ ਉਡਾ ਰਹੀਆਂ ਹਨ, ਪਰ ਅਜੇ ਅੱਠ ਦਸ ਦਿਨ ਹੀ ਬੀਤੇ ਸਨ ਕਿ ਫੇਰ ਪੂਰੇ ਦੀ ਬੁਰੀ ਪੈਣ ਝੁੱਲ ਪਈ। ਹਨੇਰੀ, ਘੱਟਾ ਬੱਦਲ ਤੇ ਕੜਕਾਂ ਨਾਲ ਲੈਕੇ ਆ ਗਈ। ਕਿਸੇ ਰਾਹੀ ਆ ਦੱਸਿਆ ਜੇ ਸ੍ਰੀ ਕਲਗੀਧਰ ਜੀ ਆਨੰਦਪੁਰੇ ਤੋਂ ਨਿਕਲਕੇ ਚਮਕੌਰ ਆਏ, ਓਥੇ ਘੇਰ ਯੁੱਧ ਹੋਇਆ, ਸ੍ਰੀ ਗੁਰੂ ਜੀ ਰਾਤ ਸਮੇਂ ਸਲਾਮਤ ਨਿਕਲ ਗਏ ਹਨ, ਪਰੰਤੂ ਵੱਡੇ ਸਾਹਿਬਜ਼ਾਦੇ ਦੋਨੋਂ ਉਥੇ ਹੀ ਸ਼ਹੀਦ ਹੋ ਗਏ ਅਰ ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ ਵਰਗੇ ਪਿਆਰੇ ਤੇ ਚਾਲੀ ਪਿਆਰੋ ਓਸੇ ਥਾਂ ਉਹਨਾਂ ਦੀ ਰਜ਼ਾ ਪਾਲਦੇ ਜੀਵਨ ਮੁਕਤ ਹੋ ਗਏ ਹਨ।