ਕੁਝ ਦਿਨ ਲੰਘੇ ਤਾਂ ਫੇਰ ਖਬਰ ਆਈ ਕਿ "ਸਤਿਗੁਰ ਸਲਾਮਤ ਦੀਨੇ ਪੁੱਜ ਗਏ ਹਨ।" ਪਰ ਨਾਲ ਹੀ ਮੁਕਤਸਰ ਦਾ ਸਾਕਾ ਸੁਣਿਆ ਗਿਆ। ਕੀਕੂੰ ਮਾਝੇ ਦੇ ਪਿਆਰੇ ਸਿਖ ਸ਼ਹੀਦ ਹੋ ਗਏ? ਕੀਕੂੰ ਓਹ ਗੁਰੂ ਜੋਤਿ ਪਰ ਨੁਛਾਵਰ ਹੋਕੋ 'ਮੁਕਤਸਰ' ਆਪਣੀ ਨਿਸ਼ਾਨੀ ਜਗਤ ਪਰ ਛੱਡ ਗਏ ਹਨ? ਕੀਕੂੰ ਸਤਿਗੁਰ ਨੇ ਚਮਕੌਰ ਤੋਂ ਲੈਕੇ ਉਥੋਂ ਤਕ ਖੇਦ ਝੱਲੇ ਤੇ ਕੀਕੂੰ ਮਾਲਵੇ ਪੁੱਜੇ ਹਨ? ਹਾਂ ਜੀ, ਏਥੇ ਹੀ ਬੱਸ ਨਹੀਂ, ਨਾਲ ਇਹ ਖਬਰ ਪੁੱਜੀ ਕਿ-ਛੋਟੇ ਦੋਵੇਂ ਲਾਲ ਸਰਹਿੰਦ ਵਿਚ ਕੀਕੂ ਸ਼ਹੀਦ ਹੋਏ ਹਨ ਤੇ ਕੀਕੂੰ ਕਸ਼ਟ ਸਹਿਕੇ ਉਹਨਾਂ ਨੇ ਪ੍ਰਾਣ ਦਿਤੇ ਹਨ ਪਰ ਧਰਮ ਨਹੀਂ ਦਿਤਾ। ਸਾਰੇ ਸਾਕੇ ਵਿਸਥਾਰ ਨਾਲ ਸੁਣੇ, ਸੁਣਕੇ ਇਕ ਚੱਕਰ ਆਇਆ। ਐਸਾ ਚੱਕਰ ਆਇਆ ਕਿ ਆਪਾ ਭੁੱਲ ਗਿਆ। ਮਾਈ ਨੇ ਬੂਹੇ ਮਾਰ ਲਏ, ਮੂਧੜੇ ਮੂੰਹ ਲੰਮੇ ਪੈ ਗਈ ਅਰ ਪਹਿਰ ਰਾਤ ਗਈ ਤਕ ਬੇਸੁਧ ਪਈ ਰਹੀ। ਸੱਜਣ ਸੰਬੰਧੀ ਆਏ, ਬੂਹੇ ਖੜਕਾਏ ਪਰ ਮਾਈ ਨੇ ਨਾ ਸੁਣਿਆ ਨਾ ਆਵਾਜ਼ ਦਿੱਤੀ। ਸਭ ਮੁੜ ਮੁੜ ਗਏ, ਮੁੜ ਮੁੜ ਆਏ ਫੇਰ ਮੁੜ ਮੁੜ ਗਏ।
ਪਹਿਲੇ ਪਹਿਰ ਬੀਤੇ ਤੇ ਮਾਈ ਦੀ ਮੂਰਛਾ ਖੁੱਲ੍ਹੀ। ਲੰਮਾ ਸਾਹ ਆਇਆ: 'ਮਨਾ! ਮੈਂ ਕਿੱਥੇ ਸਾਂ ਤੇ ਕਿੱਥੇ ਹਾਂ? ਕੀਹ ਹੋਇਆ, ਸੰਸਾਰ ਕਾਲਾ ਹੈ, ਕੁਛ ਬਾਕੀ ਹੈ ਹੀ ਨਹੀਂ?? ਪਰ ਪਲ ਮਗਰੋਂ ਅੱਖਾਂ ਅੱਗੇ ਕੰਧ, ਕੰਧ ਵਿਚ ਚਿਣੀਂਦੇ ਦੁਹਿਤੇ, ਜਲਾਦ ਤਲਵਾਰ ਖਿੱਚੀ ਸਿਰ ਤੇ ਖੜੇ ਨਜ਼ਰ ਪਏ, ਮਾਈ ਬੇਤਾਬ ਹੋ ਗਈ। ਫੇਰ ਮਮਤਾ ਨੇ ਜ਼ੋਰ ਦਿੱਤਾ ਤੇ ਨਜ਼ਰ ਸਾਹਿਬਜ਼ਾਦਿਆਂ ਦੇ ਚਿਹਰੇ ਪਰ ਟਿਕੀ, ਹੋਰ ਟਿਕੀ, ਟਿਕਦੀ ਟਿਕਦੀ ਟਿਕ ਗਈ ਤਾਂ ਉਹ ਮਾਸੂਮ, ਨਿਤਾਣੇ ਬੱਚੇ ਜ਼ੋਰਾਵਰਾਂ ਦੇ ਅੱਗੇ ਭੇਡ ਬੱਕਰੀ ਵਾਂਗੂੰ ਕੁਹੀਣ ਲਈ ਪਰਵੱਸ ਬੇਵੱਸ ਖੜੇ ਚਿਨੀਣ ਦਾ ਥਾਂ ਐਉਂ ਦਿੱਸੇ ਜਿਕੂੰ ਤੇਜ ਭਰੇ ਦੇ ਸੂਰਜ ਖੜੇ ਹਨ। ਚਿਹਰੇ ਸਹਿਮ ਵਾਲੇ ਨਹੀਂ, ਤਕੜੇ ਹਨ, ਨੂਰ ਝਰ ਰਿਹਾ ਹੈ। ਡਰ ਨਹੀਂ ਰਹੇ, ਪਰ ਅਭੇ ਹਨ, ਮੌਤ ਨੂੰ ਮਖੌਲ ਨਾਲ ਤੱਕ ਰਹੇ ਹਨ।