ਹੈ। ਜੋ ਹੋ ਰਿਹਾ ਹੈ ਸੌ ਰਜ਼ਾ ਹੈ ਤੇ ਅਸਾਂ ਅੰਦਰਲੇ ਦਾ ਰੁਖ ਵਾਹਿਗੁਰੂ ਦੀ ਚਰਨ ਸ਼ਰਨ ਵੱਲ ਰੱਖਣਾ ਹੈ। ਹਾਂ, ਤਰਲਾ ਇਹ ਹੈ ਕਿ ਸ਼ਰਨ ਤੋਂ ਨਾ ਉਖੜੀਏ। ਸੋ ਹੁਣ ਮਾਈ ਇਸ ਰੋਗ ਵਿਚ ਆਕੇ ਉੱਠੀ, ਅੰਮ੍ਰਿਤ ਵੇਲੇ ਦਾ ਕੁਛ ਹਿਸਾ ਲੰਘ ਚੁਕਾ ਸੀ, ਫਿਰ ਵੀ ਹਿੰਮਤ ਕਰਕੇ ਗੁਰਦਵਾਰੇ ਅੱਪੜ ਗਈ। ਗੁਰਦਵਾਰੇ ਸੰਗਤ ਘੱਟ ਸੀ, ਕਿਉਂਕਿ ਕਈ ਅਤਿ ਪ੍ਰੇਮੀ ਸਤਿਗੁਰ ਦੇ ਚਮਕੌਰ ਵਾਲੇ ਸਾਕੇ ਦੇ ਹਾਲ ਸੁਣਕੇ ਟੁਰ ਗਏ ਸਨ, ਕਿ ਕਿਤੇ ਪੁੱਜਕੇ ਕੋਈ ਸੇਵਾ ਕਰ ਸਕੀਏ! ਅੱਜ ਭੀ ਦੇ ਚਾਰ ਸੱਜਣ ਟੁਰੇ ਸਨ, ਕਿਉਂਕਿ ਹੁਣ ਮਹਾਰਾਜ ਜੀ ਦੇ ਮਾਲਵੇ ਪੁੱਜਣ ਦੀ ਖਬਰ ਮਿਲ ਗਈ ਸੀ। ਸੋ ਭਾਵੇਂ ਪ੍ਰੇਮੀ ਥੋੜੇ ਸਨ ਤਦ ਵੀ ਸ਼ਬਦ ਰੰਗਣ ਗੁਰਦੁਆਰੇ ਵਿਚ ਸ਼ਾਂਤੀ ਦਾ ਪ੍ਰਭਾਵ ਕਾਫ਼ੀ ਪ੍ਰਕਾਸ਼ ਕਰ ਰਹੀ ਸੀ। ਇਥੇ ਆਕੇ ਕੀਰਤਨ ਦੇ ਰੰਗ ਵਿਚ ਚਿਤ ਹੋਰ ਜੁੜ ਗਿਆ। ਸ਼ਬਦਾਂ ਦੀ ਧੁਨੀ ਏਕਾਗ੍ਰਤਾ ਭਰਨ ਵਾਲੀ ਸੀ ਤੇ ਸ਼ਬਦਾਂ ਦਾ ਭਾਵ ਮਨ ਵਿਚ ਰਜ਼ਾ ਦੀ ਸਿਖਯਾ ਦੇਣ ਵਾਲਾ ਸੀ। ਇਸੇ ਰੰਗ ਵਿਚ ਰਾਤ ਬੀਤ ਗਈ ਅਰ ਬੀਤ ਗਈ ਮਾਤਾ ਦੀ ਪੰਜਵੀਂ ਔਖੀ ਰਾਤ।