

ਛੇਵੀਂ ਰਾਤ
ਦਿਨ ਤੋਂ ਮਹੀਨੇ ਵਰਹਾ ਬਣਾਕੇ ਬੀਤ ਗਏ। ਕੁਝ ਹੋਰ ਇਸੇ ਤਰ੍ਹਾਂ ਹੋ ਬੀਤੇ। ਮਾਈ ਸਭਰਾਈ ਆਪਣੇ 'ਵਾਹਿਗੁਰੂ ਸ਼ਰਨ ਪ੍ਰਾਪਤ ਟਿਕਾਉ' ਵਿਚ ਦਿਨ ਬਿਤੀਤ ਕਰਦੀ ਰਹੀ। ਸਿਮਰਨ ਦੇ ਰੰਗ ਲੱਗ ਰਹੇ ਸਨ ਕਿ ਫੇਰ ਇਕ ਖਬਰ ਆਈ। ਉਹ ਖਬਰ ਕਲਗੀਆਂ ਵਾਲੇ ਦੇ ਜਗਤ ਤੋਂ ਟੁਰ ਜਾਣ ਦੀ ਸੀ। ਹਾਂ, ਉਹ ਜੋਤੀ ਜੋਤ ਸਮਾ ਜਾਣ ਦੀ ਸੋਇ ਸੀ। ਅੱਜ ਇਹ ਗੱਲ ਮਾਈ ਨੂੰ ਇਕ ਅਨੋਖੇ ਰੰਗ ਵਿਚ ਪਾ ਗਈ। ਪਹਿਲੇ ਤਾਂ ਇਕ ਹਨੇਰੇ ਤੇ ਨਿਰਾਸਤਾ ਦਾ ਚੱਕਰ ਆਇਆ ਅਰ ਕਲੇਜੇ ਨੂੰ ਮੁੱਠ-ਮੀਟਵੀਂ ਖਿੱਚ ਪਈ, ਪਰ ਫੇਰ ਇਕ ਠੰਢਾ ਸਾਹ ਆਕੇ ਇਕ ਠੰਢੀ ਝਰਨਾਟ ਛਿੜੀ ਤੇ ਅੰਦਰਲੇ ਨੇ ਕਿਹਾ : -
"ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।।
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ। ।”
(ਸੂਹੀ: ਮ: ਪ:-५४)
ਇਹ ਖਬਰ ਉਸ ਵੇਲੇ ਮਿਲੀ ਸੀ ਜਿਸ ਵੇਲੇ ਰਹਿਰਾਸ ਦੇ ਦੀਵਾਨ ਦੀ ਸਮਾਪਤੀ ਹੋਕੇ ਮਾਈ ਘਰ ਪੁੱਜੀ ਸੀ। ਅਸਚਰਜ ਹੋਕੇ ਮਾਈ ਅਰਸ਼ਾਂ ਵਲ ਤੱਕਦੀ ਤੇ ਆਖਦੀ ਹੈ, "ਤੇਰੇ ਚੋਜ, ਤੇਰੇ ਰੰਗ! ਅਸਾਂ ਭੁੱਲਿਆ ਭਟਕਿਆਂ ਨੂੰ ਤਾਰਨ ਆਇਆ। ਕਿਸੇ ਦਾ ਗੁਰੂ ਬਣਿਆਂ, ਕਿਸੇ ਦਾ ਪੁਤ੍ਰ, ਕਿਸੇ ਦਾ ਜੁਆਈ, ਕਿਸੇ ਦਾ ਪਿਤਾ, ਕਿਸੇ ਦਾ ਕੋਈ ਹੋਰ ਸਾਕ, ਕਿਸੇ ਦਾ ਬਾਲ ਸਖਾਈ ਮਿਤ੍ਰ ਤੇ ਕਿਸੇ ਨਾਲ ਉਸਦੀ ਲੜਾਈ ਦੇ ਸਾਹਮਣੇ ਲੜਨ ਵਾਲਾ ਬੀਰ, ਪਰ ਸਭ ਦਾ ਪਾਰ ਉਤਾਰਾ ਕੀਤਾ ਅਰ ਸਭ ਨੂੰ ਕਲਿਆਨ ਬਖਸ਼ੀ। ਹਾਂ, ਉਹ ਅੱਖਾਂ ਦਾ ਅੰਦਰਲਾ ਹਨੇਰਾ ਕੱਟਣ ਆਇਆ ਸੀ, ਸਭਦਾ ਕਟਿਓਸੁ ਸਭ ਨੂੰ ਚਾਨਣ ਕੀਤੋਸੁ ਤੇ ਸਭ ਨੂੰ ਚਾਨਣਾ ਦੇਕੇ, ਰੱਬੀ ਸੁਨੇਹੇ ਪੁਚਾਕੇ, ਰੱਬੀ ਜੀਵਨ ਦਾਨ ਕਰਕੇ ਰੱਬ ਦੇ ਦੇਸ਼ ਟੁਰ ਗਿਆ। ਟੁਰ ਨਹੀਂ ਗਿਆ, ਸਦਾ ਅੰਗ ਸੰਗ ਹੈ। ਸਮੇਂ ਦੇ ਉਰਾਰ ਤੇ ਪਾਰ ਦੇ ਨਗਰ ਵਸਦੇ ਹਨ. ਇੱਕ ਦਿਸਦਾ ਇਕ ਸਾਨੂੰ ਅਨ-ਦਿੱਸਦਾ ਹੈ। ਸਾਨੂੰ ਉਰਾਰ ਦਾ ਦੇਸ਼ ਦਿੱਸਦਾ