

ਮਾਈ ਕਦੇ ਕੋਈ ਤੁਕ ਪੜ੍ਹਦੀ ਹੈ। ਕਦੀ ਨਾਮ ਜੀਭ ਤੇ ਬੈਠਕੇ ਅੰਦਰਲਾ ਚੱਕਰ ਐਸਾ ਲੈ ਆਉਂਦਾ ਹੈ ਕਿ ਲੂੰ ਲੂੰ ਵਿਚ ਠੰਢ ਪਾਉਂਦਾ ਹੈ, ਕਦੇ ਨਿਰੀ ਧਿਆਨ ਰੂਪ ਆਪਣੇ ਧੇਯ ਰੱਬ ਸਰੂਪ ਵਿਚ ਜੁੜ ਜਾਂਦੀ ਹੈ ਅਰ ਅਡੋਲ ਟਿਕੀ ਰਹਿੰਦੀ ਹੈ। ਇਸ ਤਰ੍ਹਾਂ ਟਿਕਦੀ ਟਿਕਦੀ ਮਾਈ ਦੀ ਰਾਤ ਲੰਘਦੀ ਹੈ। ਦੁੱਖਾਂ ਭਰੀ ਰਾਤ ਹੈ, ਪਰ ਦੁੱਖਾਂ ਭਰੀ ਰਹੀ ਨਹੀਂ, ਕਿਉਂ ਕਿ ਭਰਮ ਉਠ ਗਿਆ ਹੈ, ਭਰੋਸਾ ਬੱਝ ਗਿਆ ਹੈ ਤੇ ਮਨ ਟਿਕ ਗਿਆ ਹੈ। ਨਹੀਂ, ਮਨ ਤੋਂ ਆਪਾ ਉੱਚਾ ਹੋ ਰਿਹਾ ਹੈ। ਜੋ ਆਪੇ ਦੇ ਰਸ ਵਿਚ ਨਿਮਗਨ ਹੈ, ਗੁਰੂ ਦੀ ਸ਼ਰਨ ਦੇ ਰਸ ਵਿਚ ਨਿਮਗਨ ਹੈ, ਲਿਵ ਵਿਚ ਹੈ ਤੇ 'ਪਰਮ- ਆਪੋ ਨੂੰ ਪ੍ਰਾਪਤ ਹੈ।
ਲਿਵ ਤੇ ਤ੍ਰਿਸ਼ਨਾ ਦੇ ਹੀ ਜੀਵ ਦੇ ਬੰਨੇ ਤੀਸਰੇ ਸਤਿਗੁਰਾਂ ਨੇ ਲਿਖੇ ਹਨ। ਜੋ ਲਿਵ ਵਿਚ ਹਨ ਓਹ ਪਰਮੇਸ਼ੁਰ ਨੂੰ ਪ੍ਰਾਪਤ ਹਨ:-
"ਕਹੈ ਨਾਨਕੁ ਗੁਰਪਰਸਾਦੀ ਜਿਨਾ ਲਿਵ
ਲਾਗੀ ਤਿਨੀ ਵਿਚੇ ਮਾਇਆ ਪਾਇਆ।।”
(ਰਾਮ: ਮ:੩-ਅਨਦ-੨੯)
ਪਰ ਜਿਨ੍ਹਾਂ ਲਿਵ ਨਹੀਂ ਲਾਈ, ਓਹ ਤ੍ਰਿਸ਼ਨਾਂ ਵਿਚ ਹਨ, ਜੋ ਤ੍ਰਿਸ਼ਨਾ ਵਿਚ ਹਨ ਸੋ ਮਾਇਆ ਦੇ ਹੁਕਮ ਹੇਠ ਹਨ:-
"ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰੁ ਵਰਤਾਇਆ।।
(ਰਾਮ: ਮ:੩-ਅਨੰਦ-੨੯)
ਤ੍ਰਿਸ਼ਨਾਂ ਨਾਲ ਮਾਇਆ ਦੇ ਵੱਸ ਵਿਚ ਪੈ ਗਿਆ ਮਨ ਕਮਜ਼ੋਰ ਹੋ ਜਾਂਦਾ ਹੈ ਤੇ ਦੇਹ ਨਿਮਾਣੀ ਹੋ ਜਾਂਦੀ ਹੈ :-
"ਸਾਚੀ ਲਿਵੈ ਬਿਨੁ ਦੇਹ ਨਿਮਾਣੀ।।
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ।।
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ।।
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ।।
ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ।।
(ਰਾਮ: ਮ:੩-ਅਨੰਦ-੬)