

ਸੋ ਇਸ ਤ੍ਰਿਸਨਾ ਵਾਲੇ ਮਨ ਦਾ ਦਾਰੂ ਸਤਿਗੁਰ ਦਾ ਸ਼ਬਦ (ਉਸ ਦਾ ਬਖਸ਼ਿਆ ਨਾਮ) ਹੈ। ਸਤਿਗੁਰ ਦੇ ਸ਼ਬਦ ਦਾ ਭਾਵ ਹੈ, ਮਨ ਨੇ ਅਕਾਲ ਪੁਰਖ ਨੂੰ ਆਪਣੀ ਯਾਦ ਵਿਚ ਐਸਾ ਰੱਖਣਾ ਕਿ ਉਸ ਦੇ ਧਿਆਨ ਵਿਚ ਵਾਹਿਗੁਰੂ ਪਿਆ ਵੱਸੇ। ਜਦੋਂ ਲਗਾਤਾਰ ਵਾਹਿਗੁਰੂ 'ਯਾਦ' ਵਿਚ ਵੱਸ ਜਾਂਦਾ ਹੈ ਤਾਂ ਲਿਵ ਲੱਗ ਜਾਂਦੀ ਹੈ। ਇਸ ਲਿਵ ਵਾਲਾ ਪਰਮੇਸ਼ੁਰ ਦਾ ਪਿਆਰਾ ਬੰਦਾ ਫੇਰ ਕਿਸੇ ਉੱਚੇ ਸੁਖ ਵਿਚ ਰਹਿੰਦਾ ਹੈ। ਕਲੇਸ਼ ਤੇ ਕਸ਼ਟ ਇਸ ਦੇ ਮਿਟ ਜਾਂਦੇ ਹਨ, ਆਸਾਂ ਤੇ ਅੰਦੇਸ਼ੇ (ਫ਼ਿਕਰ) ਤੋਂ ਪਰੇ ਹੋ ਜਾਂਦਾ ਹੈ : "ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ।" (ਆਸਾ: ਵਾਰ-੯) ਮੌਤ ਤੋਂ ਪਾਰ ਦ੍ਰਿਸ਼ਟੀ ਚਲੀ ਜਾਂਦੀ ਹੈ, ਆਪਾ ਆਪਣੇ ਟਿਕਾਉ ਦੇ ਸੁਖ ਨੂੰ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁਖ ਨੂੰ ਮਾਣਦਾ ਹੈ ਤੇ ਮਨ. ਜੋ ਤ੍ਰਿਸਨਾ ਦਾ ਮੂਲ ਹੈ, ਇਸ ਤੋਂ ਆਪਾ ਉੱਚਾ ਉੱਚਾ ਵੱਸਦਾ ਹੈ।
ਮਾਈ ਸਭਰਾਈ ਸੱਚੇ ਸਤਿਗੁਰੂ ਦੀ ਸ਼ਰਨ ਵੱਸਦੀ, ਉੱਚੀ ਹੁੰਦੀ ਹੁੰਦੀ ਹੁਣ ਏਨੀ ਉੱਚੀ ਹੋ ਗਈ ਕਿ ਕਲਗੀਧਰ ਦੇ ਵਿਛੋੜੇ ਦੇ ਅਸਹਿ ਖੇਦ ਨੂੰ ਸੁਣਕੇ ਪੰਘਰੀ ਪਸੀਜੀ ਤਾਂ ਹੈ, ਬਿਰਹਾ ਬੀ ਆਇਆ ਹੈ, ਪਰ ਕਿਸੇ ਘਬਰਾ ਵਿਚ ਨਹੀਂ ਗਈ। ਸ਼ਾਂਤਿ, ਠੰਢ, ਰਸ ਤੇ ਸਿਦਕ ਵਿਚ ਹੈ, ਕੇਮਲਤਾ ਤੇ ਦ੍ਰਵਣਤਾ ਨਾਲ ਹੈ। ਇਹ ਨਹੀਂ ਕਿ ਉਹਨਾਂ ਦੇ ਉਪਕਾਰ, ਪਿਆਰ, ਜੋਤਿ ਵੱਲ ਪ੍ਰੇਮੀ ਦੀ ਰੋ ਨਹੀਂ, ਪ੍ਰੇਮ ਦੀ ਰੋ ਹੈ, ਸੱਚੀ ਰੋ ਹੈ, ਸੁੱਚੀ ਪ੍ਰੇਮ ਦੀ ਰੋ ਹੈ, ਪਰ ਹੁਣ ਜੋ ਪ੍ਰੇਮ ਹੈ ਸੋ ਸੁਜਾਖਾ ਹੈ। ਹਾਂ ਰਸੀਆ ਭੀ ਹੈ ਤੇ ਸੁਜਾਖਾ ਭੀ ਹੈ। ਇਸ ਲਈ ਭਾਵੇਂ ਅੱਖ ਦੇ ਫੋਰ ਜਿੰਨੇ ਚੱਕਰ ਆਏ ਭੀ ਪਰ ਮਾਈ ਸਭਰਾਈ ਦਾ ਅਡੋਲ ਮਨ ਆਪਣੇ ਸਿਦਕ ਰਸ ਵਿਚ, ਲਿਵ ਵਿਚ ਵੱਸਦਾ ਰਿਹਾ ਤੇ ਰਾਤ ਦੀ ਇਕ ਇਕ ਛਿਨ ਕਿਸੇ ਉੱਚੇ ਰੰਗ ਵਿਚ ਬੀਤੀ। ਰਾਤ ਅਤਿ ਕਸ਼ਟ-ਦਾਇਕ ਹੋਣੀ ਚਾਹੀਦੀ ਸੀ, ਪਰ ਲਿਵ ਨੇ ਤ੍ਰਿਸ਼ਨਾ ਦੇ ਬੰਧਨ ਕੱਟ ਦਿਤੇ ਹੋਏ ਹਨ ਤੇ ਮਨ ਪ੍ਰੇਮ ਦੀਆਂ ਤਣੀਆਂ ਨਾਲ ਸਾਂਈਂ ਸ਼ਰਨ ਬਨ੍ਹ ਦਿੱਤਾ ਹੋਇਆ ਹੈ, ਸਰਨ ਸਮਾਈ ਮਾਈ ਮਨ ਦੇ ਸਾਰੇ ਹੱਲਿਆਂ ਤੋਂ ਬਚ ਰਹੀ ਹੈ। ਇਸੇ ਤਰ੍ਹਾਂ ਤਿੰਨ ਪਹਿਰੇ ਦਾ ਵੇਲਾ ਹੋ ਆਇਆ ਪਰ ਮਾਈ ਤੋਂ ਉਸ ਰਸ ਵਿਚ ਉੱਠਿਆ ਨਹੀਂ ਜਾਂਦਾ। ਤ੍ਰਿਪਹਿਰੇ ਵਿਚੋਂ ਭੀ ਕੁਛ ਸਮਾਂ ਬੀਤ ਗਿਆ ਪਰ ਅਜੇ ਉਹ ਦੇਵੀ ਰੰਗ ਆਪਣੇ ਵਿਚ ਸਮਾ ਰਿਹਾ ਹੈ। ਜਦ ਤ੍ਰੈ ਕੁ ਘੜੀ ਰਾਤ ਰਹੀ ਤਾਂ ਮਾਈ ਦੇ ਨੈਣ ਖੁੱਲ੍ਹੇ, ਉਹ ਨੈਣ ਜੇ ਸਾਰੀ ਰਾਤ ਸੁੱਤੇ ਨਹੀਂ ਪਰ ਅਚਰਜ ਰੰਗ ਰੰਗੀਜੇ ਰਹੇ ਹਨ। ਇਕ ਨੂਰ ਅੱਖਾਂ ਵਿਚੋਂ ਬਰਸਦਾ ਸੀ, ਇਕ ਸਰੂਰ ਸਿਰ ਵਿਚੋਂ ਝਰਦਾ ਸੀ, ਇਕ ਸੁੰਦਰਤਾ ਦਾ ਮੀਂਹ ਦ੍ਰਿਸ਼ਟਮਾਨ ਨੂੰ ਘੇਰੇ ਹੋਏ ਵਿਸਮਾਦ ਦਾ ਨਕਸ਼ਾ ਬੰਨ੍ਹ ਰਿਹਾ ਸੀ। ਮਾਈ ਇਸ ਵਿਸਮਾਦੀ ਰੋ ਜਿਹੇ ਵਿਚ ਹੀ ਉੱਠ, ਤੁਰੀ ਤੇ ਗੁਰਦਵਾਰੇ ਪੁਜਕੇ ਕੀਰਤਨ ਦੇ ਪ੍ਰਭਾਵ ਨਾਲ ਮਗਨ ਹੋ ਗਈ।
ਐਉਂ ਬੀਤ ਗਈ ਮਾਤਾ, ਲਿਵ ਪ੍ਰਾਪਤ ਮਾਤਾ, ਦੀ ਛੇਵੀਂ ਔਖੀ ਰਾਤ।