

ਮਾਈ ਨੇ ਕਲਗੀਆਂ ਵਾਲੇ ਦਾ ਅੰਤ ਸਮੇਂ ਦੇ ਤਿਆਰੇ ਦਾ ਹਾਲ ਸੁਣਿਆ ਕਿ ਸ਼ਸਤ੍ਰ ਲਗਾ, ਪੁਸਾਕੇ ਸਜਾ, ਸਨੱਧਬੱਧ ਸਰੀਰ ਤਯਾਗਣ ਲਈ ਇੱਝ ਤਿਆਰ ਹੋਏ ਜੀਕੂੰ ਜੰਞ ਚੜ੍ਹਨ ਲੱਗੇ ਕਿਸੇ ਦੁਲਹੇ ਦੀ ਤਿਆਰੀ ਹੁੰਦੀ ਹੈ। ਮੌਤ ਨੂੰ ਮਖ਼ੌਲ ਕੀਤਾ ਤਾਂ ਸਤਿਗੁਰ ਨੇ, ਮੌਤ ਤੇ ਡੰਕਾ ਵਜਾਇਆ ਤਾਂ ਸਤਿਗੁਰ ਨੇ। ਸਤਿਗੁਰ ਦੀ ਤਿਆਰੀ ਤੇ ਚੜ੍ਹਦੀ ਕਲਾ ਐਸੀ ਭਾਈ ਜੀ ਨੇ ਸੁਣਾਈ ਕਿ ਮਾਤਾ ਜੀ ਦੇ ਦਿਲ ਤੇ ਹੋਰ ਉੱਚਾ ਅਸਰ ਪਿਆ। ਉਹ ਜੋ ਲਿਵ ਵਿਚ ਨਿਪੁੰਨ ਹੋ ਗਈ ਸੀ, ਹੁਣ ਪੂਰਨ ਹੋ ਗਈ। ਬ੍ਰਹਮ ਗਿਆਨੀ ਵਾਲਾ ਰੰਗ ਛਾ ਗਿਆ। ਇਸ ਤਰ੍ਹਾਂ ਕੁਛ ਸਮਾਂ ਮਾਈ ਉਥੇ ਰਹਿਕੇ ਘਰ ਆ ਗਈ।
ਸਮਾਂ ਪਾਕੇ ਸਰੀਰ ਜਰਜਰਾ ਹੋ ਗਿਆ ਤੇ ਮਾਈ ਕਿਹਾ ਕਰੇ, ਚਲਾ ਪੁਰਾਣਾ ਹੋ ਗਿਆ ਹੈ, ਹੁਣ ਰਖਣੇ ਜੋਗਾ ਨਹੀਂ, ਪਰ ਮਾਈ ਦਾ ਭਰੋਸਾ ਤੇ ਅੰਦਰਲਾ ਹਾਲ ਇਹ ਸੀ:-
'ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ।।'
(ਸ: ਵਾ: ਤੇ: ਵ: ਮ:੩-੪੪)
ਗਿਆਨ ਦਾ ਸੂਰਜ ਚਮਕ ਰਿਹਾ ਹੈ, ਚੋਲਾ ਪੁਰਾਣਾ ਹੋ ਗਿਆ ਤਾਂ ਹੋ ਗਿਆ ਸਹੀ।
ਸਹਿਜੇ ਸਹਿਜੇ ਉਹ ਰਾਤ ਆ ਗਈ ਕਿ ਜਦੋਂ ਚੋਲੇ ਢਹਿ ਪੈਣ ਦੀ ਤੇ ਜੀਵਾਤਮਾ ਦੇ ਉੱਡ ਜਾਣ ਦੀ ਤਿਆਰੀ ਹੋ ਪਈ।
ਮਾਈ ਸ੍ਵੱਛ ਬਿਸਤ੍ਰੇ ਪਰ ਪਈ ਹੈ, ਸਤਿਸੰਗੀ ਆਸ ਪਾਸ ਬੈਠੇ ਹਨ, ਨੈਣ ਬੰਦ ਹਨ ਪਰ ਕਦੇ ਖੁੱਲ੍ਹਦੇ ਬੀ ਹਨ। ਬਾਹਰੋਂ ਇਕ ਤੇਜਮਈ ਸਮਾਧੀ ਦਿੱਸਦੀ ਹੈ, ਪਰ ਅੰਦਰੋਂ ਮਾਈ "ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ" (ਬਿਲ:ਮ:੪, ਅਸਟ-੧) ਦੇ ਰੰਗ ਵਿਚ ਹੈ।