ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਨੁੱਖ ਜਾਂਗਲੀਅਤ ਵੱਲੋਂ ਸੱਭਿਅਤਾ ਵੱਲ ਥੋੜਾ ਬਹੁਤਾ ਵਿਕਾਸ ਜ਼ਰੂਰ ਕਰਦਾ ਆਇਆ ਹੈ। ਪੁਰਾਤਨ ਸੱਭਿਅਤਾਵਾਂ ਵਿੱਚ ਕਬੀਲਿਆਂ ਦੇ ਦੇਵਤਿਆਂ ਦੀ ਖ਼ੁਸ਼ੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਆਦਮੀਆਂ ਦੀ ਬਲੀ ਦਿੱਤੀ ਜਾਂਦੀ ਰਹੀ ਹੈ। ਸਮਾਂ ਪਾ ਕੇ ਨਰ-ਬਲੀ ਨੂੰ ਪਸ਼ੂ-ਬਲੀ ਦਾ ਰੂਪ ਦੇਣ ਦਾ ਸਾਊਪੁਣਾ ਕਰਨ ਦੀ ਸਿਆਣਪ ਕਰਦਾ ਆਇਆ ਹੈ ਸੱਭਿਅ ਮਨੁੱਖ। ਕੁਝ ਇੱਕ ਸਮਾਜਾਂ ਨੇ ਪਸੂ-ਬਲੀ ਵਿਚਲੀ ਕੁਰੂਪਤਾ ਨੂੰ ਸੱਭਿਅਤਾ ਦਾ ਨਿਰਾਦਰ ਸਮਝਣ ਦਾ ਸਾਊਪੁਣਾ ਵੀ ਕੀਤਾ ਹੈ। ਤਾਂ ਵੀ ਇਸ ਕੋਝ, ਕੁਚੱਜ ਅਤੇ ਕਠੋਰਤਾ ਭਰੇ ਕੁਕਰਮ ਦਾ ਬੀਜ ਨਾਸ ਨਹੀਂ ਕੀਤਾ ਜਾ ਸਕਿਆ। ਸੱਭਿਅ ਸਮਾਜਾਂ ਵਿੱਚ ਨਾ ਕੇਵਲ ਪਸ਼ੂ-ਬਲੀ ਹੀ ਆਮ ਹੈ ਸਗੋਂ ਇਹ ਖ਼ਿਆਲ ਜਾਂ ਵਿਸ਼ਵਾਸ ਵੀ ਸਤਿਕਾਰਿਆ ਜਾਂਦਾ ਹੈ ਕਿ ਮਹਾਨ ਸੰਕਟਾਂ ਦੇ ਨਿਵਾਰਨ ਲਈ ਅਤੇ ਮਹਾਨ ਆਦਰਸ਼ਾਂ ਦੀ ਪ੍ਰਾਪਤੀ ਲਈ ਮਨੁੱਖਾਂ ਨੂੰ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕੁਝ ਇੱਕ ਆਦਰਸ਼ਾਂ ਦੀ ਪ੍ਰਾਪਤੀ ਕੁਰਬਾਨੀ ਬਿਨਾਂ ਸੰਭਵ ਹੀ ਨਹੀਂ ਮੰਨੀ ਜਾਂਦੀ ਅਤੇ ਕੁਝ ਇੱਕ ਅਜੇਹੇ ਆਦਰਸ਼ ਵੀ ਹਨ ਜਿਨ੍ਹਾਂ ਦੀ ਸਾਕਾਰਤਾ ਲਈ ਕਿਸੇ ਮਹਾਂਪੁਰਸ਼ ਜਾਂ ਧਰਮਾਤਮਾ ਦੀ ਕੁਰਬਾਨੀ ਜ਼ਰੂਰੀ ਦੱਸੀ ਜਾਂਦੀ ਹੈ। ਭੂਤਕਾਲ ਵਿੱਚ ਵਾਪਰੀਆਂ ਹੋਈਆਂ ਅਤਿਅੰਤ ਕਸ਼ਟ ਭਰਪੂਰ ਘਟਨਾਵਾਂ ਨੂੰ ਆਦਰਸ਼-ਪ੍ਰਾਪਤੀ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਰੂਪ ਵਿੱਚ ਗਾਵਿਆ, ਸੁਣਿਆ ਅਤੇ ਪਰਚਾਰਿਆ ਜਾਂਦਾ ਹੈ। ਏਥੇ ਹੀ ਬੱਸ ਨਹੀਂ ਸਗੋਂ ਇਹ ਵੀ ਮੰਨਿਆ ਅਤੇ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕਥਾਵਾਂ ਨੂੰ ਭੁੱਲ ਜਾਣ ਨਾਲ ਸਾਡੀ ਸਮਾਜਕ ਹੋਂਦ ਹੀ ਸਮਾਪਤ ਹੋ ਜਾਵੇਗੀ। ਇਹ ਨਰਬਲੀ ਦੀ ਆਈਡੀਅਲਾਈਜ਼ੇਸ਼ਨ ਹੈ; ਸੰਸਕ੍ਰਿਤੀ ਨਹੀਂ।
ਕਹਿਣ ਤੋਂ ਭਾਵ ਇਹ ਹੈ ਕਿ ਨਰ ਬਲੀ ਦਾ ਮਹੱਤਵ ਘਟਿਆ ਨਹੀਂ ਸਗੋਂ ਵਧਿਆ ਹੈ। ਦਾਰਸ਼ਨਿਕਤਾ ਦਲੀਲ ਅਤੇ ਆਦਰਸ਼ ਦੇ ਆਸਰੇ ਅਤੇ ਉਹਲੇ ਨਾਲ ਇਸ ਕੋਝ ਨੂੰ ਸੁਹਜ ਸਿੱਧ ਕਰਨ ਵਿੱਚ ਕੁਝ ਸਫਲਤਾ ਹਾਸਲ ਕਰ ਲਈ ਗਈ ਹੈ। ਇਨ੍ਹਾਂ ਆਸਰਿਆਂ ਅਤੇ ਉਹਲਿਆਂ ਦੀ ਲੋੜ ਸੂਖਮ ਸੰਸਕ੍ਰਿਤੀ ਦੇ ਵਿਕਾਸ ਦੀ ਦਲੀਲ ਨਹੀਂ ਹੈ; ਉਸ ਦੇ ਵਿਨਾਬ ਦਾ ਸਬੂਤ ਹੈ। ਬਲੀਆਂ, ਕੁਰਬਾਨੀਆਂ ਅਤੇ ਸ਼ਹੀਦੀਆਂ ਦੀ ਸਹਾਇਤਾ ਨਾਲ ਸੁਖ, ਸਫਲਤਾ ਅਤੇ ਸੁਰੱਖਿਆ ਦੀ ਪ੍ਰਾਪਤੀ ਦਾ ਵਿਸ਼ਵਾਸ ਸਾਡੀ ਪਰਵਿਰਤੀ ਦਾ ਹਿੱਸਾ, ਅਜੇ ਤਕ ਵੀ ਹੈ। ਅਸੀਂ ਬਹੁਤੇ ਸੱਭਿਅ ਨਹੀਂ ਹੋਏ; ਸੰਸਕ੍ਰਿਤ ਹੋਣਾ ਦੂਰ ਦੀ ਗੱਲ ਹੈ।
ਅਸੀਂ ਇਸ ਦਾ ਕਾਰਨ ਲੱਭ ਰਹੇ ਹਾਂ। ਸਭ ਤੋਂ ਵੱਡਾ ਅਤੇ ਪਹਿਲਾ ਕਾਰਨ ਇਹ ਹੈ ਕਿ ਮਨੁੱਖ ਦੀਆਂ ਸੱਭਿਅਤਾਵਾਂ, ਸਮੁੱਚੇ ਸਮਾਜਾਂ ਨੂੰ, ਸੰਪੂਰਣ ਤੌਰ ਉੱਤੇ ਸੁਰੱਖਿਅਤ ਅਤੇ ਸੁਖੀ ਨਹੀਂ ਕਰ ਸਕੀਆਂ। ਸੁਰੱਖਿਆ ਅਤੇ ਭੁਖ ਦੀ ਗ਼ੈਰ-ਹਾਜ਼ਰੀ ਵਿੱਚ ਸੁਹਜ ਸੰਭਵ ਨਹੀਂ। ਕਿਰਸਾਣੀ ਦੇ ਕੰਮ ਦੀ ਕਾਢ ਸੱਭਿਅਤਾ ਦੀ ਸੜਕ ਉੱਤੇ ਰੱਖਿਆ ਹੋਇਆ ਬਹੁਤ ਵੱਡਾ ਕਦਮ ਸੀ। ਇਸ ਤੋਂ ਪਹਿਲਾਂ ਮਨੁੱਖ ਕਿਰਸਾਣੀ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਨਾਲ ਸਾਂਝ ਪਾ ਚੁੱਕਾ ਸੀ। ਪਸ਼ੂਆਂ ਦੀ ਸਾਂਝ ਸਭ ਤੋਂ ਵੱਧ ਮਹੱਤਵਪੂਰਣ ਸੀ ਅਤੇ ਇਹ ਸਾਂਝ ਗੁਲਾਮੀ ਦਾ ਮੁੱਢਲਾ ਰੂਪ ਸੀ । ਅਸੀਂ ਪਾਲਤੂ ਪਸ਼ੂਆਂ ਨੂੰ ਗੁਲਾਮ ਬੇਸ਼ੱਕ ਨਹੀਂ ਕਹਿੰਦੇ ਤਾਂ ਵੀ ਮਨੁੱਖਾਂ ਨੂੰ ਗੁਲਾਮ ਬਣਾਉਣ ਦਾ ਖ਼ਿਆਲ ਮਨੁੱਖ ਅਤੇ ਪਸ਼ੂ ਦੇ ਸੰਬੰਧ ਵਿੱਚੋਂ ਉਪਜਿਆ ਹੋਇਆ ਹੈ। ਪੁਰਾਣੇ ਵਕਤਾਂ ਦੇ ਸੱਭਿਅ ਠੋਕ ਗੁਲਾਮਾਂ ਅਤੇ ਪਾਲਤੂ ਪਸ਼ੂਆਂ ਵਿੱਚ ਕੋਈ ਫ਼ਰਕ ਨਾ ਸਮਝਦਿਆਂ ਹੋਇਆਂ ਵੀ ਗੁਲਮਾਂ ਨੂੰ ਪਸ਼ੂ ਨਹੀਂ ਸਨ ਕਹਿੰਦੇ। ਜਿਵੇਂ ਪਾਲਤੂ ਪਸ਼ੂ, ਪਸ਼ੂ ਆਖਿਆ ਜਾਣ ਉੱਤੇ ਵੀ ਗੁਲਾਮ ਸੀ ਅਤੇ ਗੁਲਾਮ, ਪਸ਼ੂ ਨਾ ਆਖਿਆ ਜਾਣ ਉੱਤੇ ਵੀ ਗੁਲਾਮ।