ਵਿਅਕਤੀਵਾਦ ਅਤੇ ਅੰਤਰਮੁਖਤਾਵਾਦ ਦੀਆਂ ਮਿਸਾਲਾਂ ਹਨ। ਪਹਿਲੀ ਦਾ ਜਨਮ ਸੋਚ ਉੱਤੇ ਇਸਲਾਮੀ ਸ਼ਰਹ ਦੀ ਸਰਦਾਰੀ ਕਾਰਨ ਹੋਇਆ ਸੀ ਅਤੇ ਦੂਜੀ ਦਾ ਜਨਮ ਸੋਚ ਉੱਤੇ ਵੈਦਿਕ ਕਰਮ-ਕਾਂਡ ਦੇ ਆਕ੍ਰਮਣ ਦਾ ਨਤੀਜਾ ਸੀ। ਇਹ ਜੀਵਨ ਦੀਆਂ ਨਵੀਆਂ ਪਦਾਰਥਕ ਪਰਿਸਥਿਤੀਆਂ ਵਿੱਚੋਂ ਉਪਜੀ ਹੋਈ ਨਵੀਂ ਸੋਚ ਦੇ ਨਮੂਨੇ ਨਹੀਂ ਸਨ; ਇਹ ਸੋਚ ਦੇ ਸੱਭਿਆਚਾਰ ਦੀ ਅਧੀਨਗੀ ਵਿੱਚੋਂ ਨਿਕਲਣ ਦੇ ਯਤਨ ਸਨ। ਇਹ ਅਧੀਨਗੀ (ਚਾਹੇ ਵਿਅਕਤੀ ਦੀ ਸੋਚ ਦੀ, ਕੁਝ ਵਿਅਕਤੀਆਂ ਦੀਆਂ ਆਦਤਾਂ ਦੀ ਅਧੀਨਗੀ ਹੋਵੇ, ਚਾਹੇ ਮਾਨਵ-ਮਾਤਰ ਦੀ ਸਮੁੱਚੀ ਸੋਚ ਦੀ, ਰਸਮਾਂ-ਰਿਵਾਜਾਂ ਅਤੇ ਸੰਸਕ੍ਰਿਤੀਆਂ ਸੱਭਿਅਤਾਵਾਂ ਦੀ ਅਧੀਨਗੀ ਹੋਵੇ) ਸੋਚ ਲਈ ਗੌਰਵਹੀਣਤਾ ਅਤੇ ਸ਼ਰਮਸਾਰੀ ਦੀ ਗੱਲ ਹੈ। ਸੋਚ ਸਾਡੀਆਂ ਆਦਤਾਂ, ਸਾਡੀਆਂ ਸੱਭਿਅਤਾਵਾਂ ਅਤੇ ਸਾਡੀਆਂ ਸੰਸਕ੍ਰਿਤੀਆਂ ਨੂੰ ਜਨਮ ਦੇਣ ਵਾਲੀ ਹੈ। ਵਿਅਕਤੀਆਂ ਦੀਆਂ ਆਦਤਾਂ ਅਤੇ ਸਮਾਜਾਂ ਦੇ ਰਸਮੋ-ਰਿਵਾਜ ਅਤੇ ਸੱਭਿਆਚਾਰ ਆਦਿਕ ਸੋਚ ਦਾ ਨਿਘਰਿਆ ਹੋਇਆ ਜਾਂ ਪਤਿਤ ਰੂਪ ਹੁੰਦੇ ਹਨ। ਸੋਚ ਆਪਣੇ ਪਤਿਤ ਰੂਪ ਦੀ ਅਧੀਨਗੀ ਵਿੱਚ ਰਹਿੰਦੀ ਚੰਗੀ ਨਹੀਂ ਲੱਗਦੀ ਭਾਵੇਂ ਉਹ ਪਤਿਤ ਰੂਪ ਉਸ ਦਾ ਆਪਣਾ ਹੀ ਕਿਉਂ ਨਾ ਹੋਵੇ ਅਤੇ ਵਕਤੀ ਤੌਰ ਉੱਤੇ ਉਹ ਕਿੰਨਾ ਵੀ ਸੁਖਦਾਇਕ ਕਿਉਂ ਨਾ ਹੋਵੇ।
ਵਿਅਕਤੀਗਤ ਅਤੇ ਸਮਾਜਕ ਆਦਤਾਂ (ਸੱਭਿਆਚਾਰ) ਸੋਚ ਦਾ ਪਤਿਤ ਰੂਪ ਹਨ, ਇਸ ਗੱਲ ਨੂੰ ਥੋੜਾ ਜਿਹਾ ਸਪੱਸ਼ਟ ਕਰਨ ਦੀ ਆਗਿਆ ਮੰਗਦਾ ਹਾਂ। ਸਾਡੀ ਚੇਤਨਾ, ਸਾਡੇ ਇਹਸਾਸ, ਸਾਡੀ ਇੱਛਾ ਅਤੇ ਸਾਡੀ ਸੋਚ ਵਿੱਚ ਵਿਕਸਿਤ ਹੋਈ ਹੈ। ਇਹਸਾਸ (feeling) ਕੀਟ ਪਤੰਗਾਂ ਵਿੱਚ ਵੀ ਹੈ ਪਰ ਇੱਛਾ ਉਨ੍ਹਾਂ ਵਿੱਚ ਨਹੀਂ ਜਾਂ ਪਰਗਟ ਰੂਪ ਵਿੱਚ ਨਹੀਂ। ਇੱਛਾ ਪਸ਼ੂ ਜੀਵਨ ਵਿੱਚ ਵੀ ਹੈ, ਪਰ ਸੋਚ ਉਨ੍ਹਾਂ ਵਿੱਚ ਵਿਕਸਿਤ ਰੂਪ ਵਿੱਚ ਨਹੀਂ; ਮਨੁੱਖੀ ਜੀਵਨ ਵਿੱਚ ਇਹਸਾਸ, ਇੱਛਾ ਅਤੇ ਸੋਚ ਤਿੰਨੇ ਵਿਕਸਿਤ ਰੂਪ ਵਿੱਚ ਹਨ, ਪਰ ਇਸ ਜੀਵਨ ਦਾ ਗੌਰਵ ਜਾਂ ਮਨੁੱਖੀ ਜੀਵਨ ਦੀ ਸ੍ਰੇਸ਼ਟਤਾ ਸੋਚ ਵਿੱਚ ਹੈ। ਸੋਚ ਜੀਵਨ ਦੇ ਬਗੀਚੇ ਵਿੱਚ ਉੱਗੀ ਹੋਈ ਚੇਤਨਾ ਰੂਪੀ ਵੇਲ ਨੂੰ ਲੱਗਾ ਹੋਇਆ ਫਲ ਹੈ; ਇਹ ਚੇਤਨਾ ਦਾ ਮਨੋਰਥ ਹੈ; ਇਹ ਚੇਤਨਾ ਦਾ ਸਰਵਸ੍ਰੇਸ਼ਟ ਰੂਪ ਹੈ। ਇਹ ਵਿਕਾਸਸ਼ੀਲ ਹੈ। ਪਰਵਿਰਤੀਆਂ ਅਤੇ ਭਾਵ ਚੇਤਨਾ ਦੇ ਨਿਸ਼ਚਿਤ, ਸੀਮਾਬੱਧ ਅਤੇ ਨਿਸ਼ਚੇਵਾਚਕ ਕਿਰਿਆ ਰੂਪ ਹਨ ਵਿਅਕਤੀ ਆਪਣੀ ਸੋਚ ਦੇ ਚੇਤਨ ਜਤਨ ਦੀ ਸਹਾਇਤਾ ਨਾਲ ਕਿਸੇ ਕਿਰਿਆ ਨੂੰ ਸੋਚ ਦੇ ਖੇਤਰ ਵਿੱਚੋਂ ਪ੍ਰਵਿਰਤੀ ਜਾਂ ਭਾਵੁਕਤਾ ਦੇ ਖੇਤਰ ਵਿੱਚ ਉਤਾਰ ਸਕਦਾ ਹੈ। ਇਹ ਕੰਮ ਲੰਮੇ ਅਭਿਆਸ ਦਾ ਹੈ। ਪ੍ਰਵਿਰਤੀ ਦੇ ਖੇਤਰ ਵਿੱਚ ਉਤਰ ਚੁੱਕੀ ਕਿਰਿਆ ਸਾਡੀ ਰੇਤਨ ਸੋਚ ਦੇ ਵੱਸ ਵਿੱਚੋਂ ਬਾਹਰ ਹੋ ਗਈ ਹੁੰਦੀ ਹੈ। ਉਸੇ ਨੂੰ ਅਸੀਂ ਆਦਤ ਆਖਦੇ ਹਾਂ। ਸਾਡੀਆਂ ਆਦਤਾਂ ਸਾਡੀ ਸੋਚ ਦਾ ਸਾਡੀ ਪ੍ਰਵਿਰਤੀ ਵਿੱਚ ਪਤਿਤ ਹੋਇਆ ਹੋਇਆ ਰੂਪ ਹਨ। ਅਸੀਂ ਲਗਾਤਾਰ ਅਭਿਆਸ ਰਾਹੀਂ ਆਪਣੀ ਸੋਚ ਨੂੰ ਪ੍ਰਵਿਰਤੀ ਵਿੱਚ ਪਤਿਤ ਕਰਨ ਦੀ ਕਿਰਿਆ ਕਰਦੇ ਰਹਿੰਦੇ ਹਾਂ।
ਜੋ ਕੁਝ ਵਿਅਕਤੀ ਦੀਆਂ ਆਦਤਾਂ ਬਾਰੇ ਸੱਚ ਹੈ ਉਹੋ ਕੁਝ ਸਮਾਜਾਂ ਦੇ ਸੱਭਿਆਚਾਰਾਂ ਅਤੇ ਸੰਸਕ੍ਰਿਤੀਆਂ ਲਈ ਵੀ ਸੱਚ ਹੈ। ਇਹ ਸਮਾਜਕ ਆਦਤਾਂ ਹਨ ਅਤੇ ਮਾਨਵ-ਮਾਤਰ ਦੀ ਸੋਚ ਦਾ, ਜੀਵਨ ਦੀ ਸਹੂਲਤ ਲਈ ਕੌਮ ਆਚਰਣ ਜਾਂ ਸਮਾਜਾਂ ਦੇ ਸੱਭਿਆਚਾਰਾਂ ਵਿੱਚ ਪਤਿਤ ਹੋਇਆ ਹੋਇਆ ਰੂਪ ਹਨ। ਯਾਦ ਰੱਖਿਆ ਜਾਵੇ ਕਿ ਮੈਂ ਸੱਭਿਆਚਾਰਾਂ ਅਤੇ ਸੰਸਕ੍ਰਿਤੀਆਂ ਨੂੰ ਮਨੁੱਖ-ਮਾਤਰ ਦੀਆਂ ਘਟੀਆ, ਨਿੰਦਨੀ ਅਤੇ ਪਤਿਤ ਪ੍ਰਾਪਤੀਆਂ ਨਹੀਂ ਕਹਿ ਰਿਹਾ; ਮੈਂ ਇਨ੍ਹਾਂ ਨੂੰ ਸੋਚ ਦੇ ਟਾਕਰੇ ਵਿੱਚ ਰੱਖ ਕੇ ਸੋਚ ਨਾਲੋਂ ਥੋੜਾ ਜਿਹਾ ਨੀਵਾਂ ਥਾਂ ਦੇ ਰਿਹਾ ਹਾਂ ਤਾਂ ਇਹ ਸੋਚ ਦੇ ਨੱਕ ਵਿੱਚ ਨਕੇਲ ਪਾਕੇ ਉਸਦੇ ਵਿਕਾਸ ਦੀ ਹਾਨੀ