ਨਾਲ ਧਨ ਵੀ ਕਮਾ ਲੈਂਦੇ ਹਨ। ਇਨ੍ਹਾਂ ਪ੍ਰਾਪਤੀਆਂ ਤੋਂ ਹੀਣੇ ਸਾਹਿਤਕਾਰ ਅਤੇ ਕਲਾਕਾਰ ਆਪਣੀ ਨਾਕਾਮੀ ਅਤੇ ਨਮੋਸ਼ੀ ਨੂੰ ਲੁਕਾਉਣ ਲਈ ਗੁੱਟਬੰਦੀਆਂ ਅਤੇ ਛੜਯੰਤ੍ਰਾਂ ਦਾ ਸਹਾਰਾ ਲੈਂਦੇ ਹਨ। ਇਹ ਸਭ ਕੁਝ ਸਾਡੇ ਸੱਭਿਆਚਾਰ ਦਾ ਪ੍ਰਧਾਨ ਅੰਗ ਬਣਦਾ ਜਾ ਰਿਹਾ ਹੈ। ਧਰਮ ਅਤੇ ਕਲਾ ਦੇ ਇਤਿਹਾਸ ਨੂੰ ਨਿਰਪੱਖਤਾ ਨਾਲ ਵਾਚਿਆਂ ਇਹ ਪਤਾ ਲੱਗੇਗਾ ਕਿ ਇਹ ਸਭ ਕੁਝ ਸਾਡੇ ਸੱਭਿਆਚਾਰ ਦਾ ਪ੍ਰਧਾਨ ਅੰਗ ਰਿਹਾ ਹੈ।
ਸਿਰਫ਼ ਇਸ ਲਈ ਕਿ ਸੋਚ ਅਤੇ ਸੱਭਿਆਚਾਰ ਦਾ ਸੰਬੰਧ ਸੁਖਾਵਾਂ ਨਹੀਂ ਸੀ । ਭੂਗੋਲਿਕ ਲੋੜਾਂ ਨੇ ਸੱਭਿਆਚਾਰ ਦੇ ਅਨੇਕ ਰੂਪ ਉਸਾਰ ਦਿੱਤੇ ਸਨ। ਸੋਚ ਇੱਕ ਅਤੇ ਸਰਵ-ਵਿਆਪਕ ਹੁੰਦਿਆਂ ਹੋਇਆ ਸੱਭਿਆਚਾਰਾਂ ਦੀ ਸੇਵਕ ਮੰਨੀ ਜਾਂਦੀ ਸੀ ਅਤੇ ਇਉਂ ਮੰਨੀ ਜਾਣ ਕਰਕੇ ਅਤੇ ਅਨੇਕ ਸੱਭਿਆਚਾਰਾਂ ਦੀ ਸੇਵਾ ਕਰਦੀ ਹੋਣ ਕਰਕੇ ਬਹੁਪ੍ਰਕਾਰੀ ਜਾਂ ਅਨੇਕ ਮੰਨੀ ਜਾਂਦੀ ਹੈ। ਦੋ ਸੱਭਿਆਚਾਰਾਂ ਜਾਂ ਦੋ ਧਰਮਾਂ ਦੀ ਆਪਸੀ ਟੱਕਰ ਨੂੰ ਦੋ ਸੋਚਾਂ ਦੀ ਆਪਸੀ ਲੜਾਈ ਮੰਨ ਲਿਆ ਜਾਂਦਾ ਸੀ ਅਤੇ ਇਹ ਆਖਿਆ ਜਾਂਦਾ ਸੀ ਕਿ ਸੋਚ ਦਾ ਵਖੇਵਾਂ ਸਮਾਜਾਂ ਵਿਚਲੇ ਵਿਰੋਧਾਂ ਦਾ ਕਾਰਨ ਹੈ। ਇਹ ਮਨੌਤ ਠੀਕ ਨਹੀਂ ਸੀ। ਕਿਸੇ ਅਦਾਲਤ ਵਿੱਚ, ਆਪੋ ਆਪਣੇ ਮੁਵੱਕਲ ਲਈ, ਆਪੋ ਵਿੱਚ ਜਿਰਾਹ ਕਰਦੇ ਦੋ ਵਕੀਲਾਂ ਵਿੱਚ ਕੋਈ ਵਿਰੋਧ ਜਾਂ ਵਖੇਵਾਂ ਨਹੀਂ ਹੁੰਦਾ; ਵਿਰੋਧ ਮੁਵੱਕਲਾ ਵਿੱਚ ਹੁੰਦਾ ਹੈ। ਜਿਨ੍ਹਾਂ ਸੱਭਿਆਚਾਰਾਂ ਨੂੰ ਅਸੀਂ ਹਥੇਲੀ ਦੇ ਛਾਲੇ ਵਾਂਗ ਸਾਂਭ ਸਾਂਭ ਰੱਖਦੇ ਹਾਂ, ਇਹ ਸਾਰੇ ਮਨੁੱਖੀ ਬੇਹੁਰਮਤੀ ਦਾ ਕਾਰਨ ਬਣਦੇ ਆਏ ਹਨ।
ਸਿਖਲਾਈ ਅਤੇ ਆਦਤ ਨੂੰ ਸੋਚ ਨਾਲੋਂ ਸ੍ਰੇਸ਼ਟ ਸਮਝਣ ਦੀ ਭੁੱਲ ਕਰਨ ਵਾਲਾ ਜਨ- ਸਾਧਾਰਣ ਸੋਚ ਦੇ (ਜ਼ਰਾ ਕੁ) ਪਤਿਤ ਰੂਪ, ਸੱਭਿਆਚਾਰ ਦੇ ਨਾਂ ਉੱਤੇ ਵਰਗਲਾਇਆ ਜਾਣ ਨੂੰ ਸਦਾ ਤਿਆਰ ਰਹਿੰਦਾ ਹੈ। ਧਰਮ ਸੱਭਿਆਚਾਰ ਦਾ ਪ੍ਰਮੁੱਖ ਅੰਗ ਹੋਣ ਕਰਕੇ ਅਤੇ ਰੱਬੀ ਹੁਕਮ ਨਾਲ ਧਰਤੀ ਉੱਤੇ ਉਤਾਰਿਆ ਗਿਆ ਹੋਣ ਕਰਕੇ ਸੱਭਿਆਚਾਰ ਨੂੰ ਇਲਾਹੀ ਅਤੇ ਸਦੀਵੀ ਬਣਾਉਂਦਾ ਆਇਆ ਹੈ; ਜਦ ਕਿ ਇਹ ਕੁਦਰਤੀ ਹੈ ਸਦੀਵੀ ਨਹੀਂ।
ਸਾਇੰਸ, ਸਨਅਤ, ਤਕਨੀਕ ਅਤੇ ਵਾਪਾਰਕ ਵਿਸ਼ਵੀਕਰਣ ਦੀ ਸਹਾਇਤਾ ਨਾਲ ਹਾਲਤ ਬਦਲਣ ਦੀ ਆਸ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਾਇੰਸ ਨੇ ਸੋਚ ਨੂੰ ਧਾਰਮਕ ਦਬਦਬੇ ਵਿੱਚੋਂ ਕੱਢਣ ਦਾ ਜਤਨ ਕੀਤਾ ਸੀ। ਉਸ ਤੋਂ ਪਿੱਛੋਂ ਮਸ਼ੀਨੀ ਉੱਨਤੀ ਨਾਲ ਧਨ ਦੀ ਉਪਜ ਦਾ ਵਾਧਾ ਕਰ ਕੇ ਮਨੁੱਖੀ ਜੀਵਨ ਵਿੱਚ ਸੁਖ-ਸਾਮੱਗਰੀ ਪੈਦਾ ਕਰਨ ਦੀ ਕਰਾਮਾਤ ਕੀਤੀ ਸੀ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਦੁਨੀਆ ਨੂੰ ਛੋਟੀ ਕਰ ਦਿੱਤਾ ਹੈ ਅਤੇ ਵਪਾਰਕ ਵਿਸ਼ਵੀਕਰਣ ਦੇ ਕਾਰਨ ਦੁਨੀਆ ਦੇ ਸਾਰੇ ਸੱਭਿਆਚਾਰ ਇੱਕ ਦੂਜੇ ਦੇ ਨਿਕਟਵਰਤੀ ਬਣਦੇ ਜਾ ਰਹੇ ਹਨ। ਪੱਛਮੀ ਮਸ਼ੀਨੀ ਸੱਭਿਅਤਾ ਵਿੱਚ ਸਾਰੀ ਮਨੁੱਖਤਾ ਦੀ ਸਾਂਝੀ ਸੱਭਿਅਤਾ ਬਣਨ ਦੀ ਸਮਰੱਥਾ ਹੈ। ਸੰਸਾਰ ਦੇ ਬੁੱਧੀ-ਜੀਵੀ ਲੋਕਾਂ ਨੂੰ ਸਲਾਹ ਦਿੰਦੇ ਰਹਿਣ ਤਾਂ ਸਾਰੇ ਮਨੁੱਖੀ ਸਮਾਜਾਂ ਦੀਆਂ ਆਦਤਾਂ ਇੱਕ ਪ੍ਰਕਾਰ ਦੀਆਂ ਹੋ ਸਕਦੀਆਂ ਹਨ।