ਪ੍ਰਜਾਤੰਤ੍ਰ ਤੋਂ ਪਰੇ
ਜਦੋਂ ਯੂਨਾਨੀ ਲੋਕ ਵੱਖ-ਵੱਖ ਪ੍ਰਕਾਰ ਦੀਆਂ ਸਰਕਾਰਾਂ ਦੇ ਗੁਣਾਂ ਦੋਸ਼ਾਂ ਦੀ ਚਰਚਾ ਕਰਦੇ ਸਨ ਉਦੋਂ ਯੂਨਾਨ ਤੋਂ ਬਾਹਰ ਕਿਸੇ ਹੋਰ ਸਮਾਜ ਵਿੱਚ ਸਰਕਾਰਾਂ ਦੇ ਭਿੰਨ ਭਿੰਨ ਰੂਪਾਂ ਬਾਰੇ ਬਹੁਤੀ ਚੇਤਨਾ ਅਤੇ ਚਰਚਾ ਨਹੀਂ ਸੀ । ਯੂਨਾਨੀ ਦਾਰਸ਼ਨਿਕ ਕੁਲੀਨ ਰਾਜ (Aristocracy) ਨੂੰ ਸਭ ਤੋਂ ਸ੍ਰੇਸ਼ਟ ਅਤੇ ਪ੍ਰਜਾਤੰਤ੍ਰ ਨੂੰ ਸਭ ਤੋਂ ਘਟੀਆ ਰਾਜ-ਪ੍ਰਬੰਧ ਦੱਸਦੇ ਸਨ। ਅਰਸਤੂ ਨੇ ਆਖਿਆ ਸੀ-ਕੋਈ ਰਾਜ ਜਿੰਨਾ ਸ੍ਰੇਸ਼ਟ ਹੁੰਦਾ ਹੈ, ਉਸ ਦਾ ਪਤਿਤ ਰੂਪ ਓਨਾ ਹੀ ਨਿਕ੍ਰਿਸ਼ਟ ਹੁੰਦਾ ਹੈ। ਪ੍ਰਜਾਤੰਤ੍ਰ ਪਹਿਲਾਂ ਹੀ ਨਿਕ੍ਰਿਸ਼ਟ ਹੈ, ਇਸ ਲਈ ਇਸ ਦੇ ਪਰਿਤ ਰੂਪ ਵਿੱਚ ਬਹੁਤੀ ਬੁਰਾਈ ਦੀ ਸੰਭਾਵਨਾ ਨਹੀਂ । ਪਤਾ ਨਹੀਂ ਅਰਸਤੂ ਦਾ ਇਹ ਭਾਵ ਸੀ ਜਾਂ ਨਹੀਂ, ਪਰ ਦੁਨੀਆ ਦੇ ਨੀਤੀਵੇਤਾ ਇਸ ਦਾ ਇਹ ਭਾਵ ਲੈਂਦੇ ਰਹੇ ਹਨ ਕਿ ਅਰਸਤੂ ਇਉਂ ਕਹਿ ਕੇ ਪ੍ਰਜਾਤੰਤ੍ਰ ਦੀ ਸਿਫ਼ਾਰਿਸ਼ ਕਰ ਰਿਹਾ ਹੈ। ਅਰਸਤੂ ਨੇ ਪ੍ਰਜਾਤੰਤ੍ਰ ਨੂੰ ਸਲਾਹਿਆ ਹੋਵੇ ਜਾਂ ਨਾ, ਆਧੁਨਿਕ ਯੁਗ ਵਿੱਚ ਇਸ ਨੂੰ ਸਰਵਸ੍ਰੇਸ਼ਟ ਰਾਜ-ਪ੍ਰਬੰਧ ਮੰਨਿਆ ਜ਼ਰੂਰ ਜਾਂਦਾ ਹੈ। ਜਿਹੜੇ ਜਿਹੜੇ ਸਮਾਜ ਕਿਸਾਨੇ ਤੋਂ ਸਨਅਤੀ ਸਮਾਜ ਬਣਦੇ ਜਾਣਗੇ, ਉਨ੍ਹਾਂ ਨੂੰ ਪ੍ਰਜਾਤੰਤ੍ਰ ਦੀ ਲੋੜ ਮਹਿਸੂਸ ਹੋਣ ਲੱਗ ਪਵੇਗੀ। ਅਜਿਹਾ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਕਿਸੇ ਦੇਸ ਵਿੱਚ ਬਹੁਤੇ ਕਾਰਖ਼ਾਨੇ ਲੱਗਣ; ਹੌਲੀ ਹੌਲੀ ਖੇਤੀ ਵੀ ਸਨਅਤ ਬਣਦੀ ਜਾ ਰਹੀ ਹੈ।
ਅਜੋਕੇ ਪ੍ਰਜਾਤੰਤ੍ਰ ਉਨ੍ਹਾਂ ਪ੍ਰਜਤੰਤ੍ਰਾਂ ਵਰਗੇ ਨਹੀਂ ਹਨ ਜਿਨ੍ਹਾਂ ਨੂੰ ਯੂਨਾਨੀਆਂ ਨੇ ਘਟੀਆ ਰਾਜ-ਪ੍ਰਬੰਧ ਆਖਿਆ ਸੀ। ਰਿਨੇਸਾਂਸ ਦੇ ਸਮੇਂ, ਯੋਰਪ ਵਿੱਚ, ਜਿਹੜੇ ਨਵੇਂ ਨਗਰ-ਰਾਜਾਂ ਦੀ ਸਥਾਪਨਾ ਹੋਈ ਸੀ ਉਹ ਵੀ ਪੁਰਾਤਨ ਯੂਨਾਨੀ ਨਗਰ-ਰਾਜਾਂ ਨਾਲ, ਇੰਨ ਬਿੰਨ, ਰਲਦੇ ਮਿਲਦੇ ਨਹੀਂ ਸਨ। ਕਾਲ ਰੂਪੀ ਕਲੰਦਰ, ਜੀਵਨ ਰੂਪੀ ਬੰਦਰ ਨੂੰ ਨਵੇਂ ਨਾਚਾਂ ਦੀ ਸਿੱਖਿਆ ਦਿੰਦਾ। ਆਇਆ ਹੈ; ਇਸ ਨੇ ਇਹ ਕੰਮ ਕਰਦੇ ਰਹਿਣਾ ਹੈ।
ਸਨਅਤੀ ਕ੍ਰਾਂਤੀ ਨੇ ਕਿਸਾਨੋ ਸਮਾਜਾਂ ਨੂੰ ਸਨਅਤੀ ਸਮਾਜਾਂ ਵਿੱਚ ਬਦਲ ਕੇ, ਸਮੇਂ ਸਤਿਕਾਰੀਆਂ ਬਾਦਸ਼ਾਹੀਆਂ ਨੂੰ ਪ੍ਰਜਾਤੰਤ੍ਰਾਂ ਵਿੱਚ ਬਦਲ ਦਿੱਤਾ ਹੈ। ਅੱਜ ਜੇ ਕਿਧਰੇ ਬਾਦਸ਼ਾਹ ਬਾਕੀ ਹਨ ਤਾਂ ਉਹ ਧਰਤੀ ਉੱਤੇ ਰੱਬ ਦਾ ਪਰਛਾਵਾਂ ਨਹੀਂ ਮੰਨੇ ਜਾਂਦੇ ਸਗੋਂ ਲੋਕਾਂ ਦੇ ਪਰਛਾਵੇਂ ਵਿੱਚ ਜਿਉ ਰਹੇ ਆਖੇ ਜਾਂਦੇ ਹਨ। ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ, ਅੱਜ ਉਹ ਇਹ ਨਹੀਂ ਜਾਣਦੇ ਕਿ ਕਿਸ ਦਿਨ ਦੇ ਸੂਰਜ ਨੇ ਉਨ੍ਹਾਂ ਲਈ ਇਹ ਸੁਨੇਹਾ ਲੈ ਕੇ ਆ ਜਾਣਾ ਹੈ ਕਿ ਅੱਜ ਤੋਂ ਤੁਹਾਡੇ ਖੋਖਲੇ ਖ਼ਿਤਾਬਾਂ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਅਤੇ ਇਹ ਕੰਮ ਕਰਨ ਲਈ ਸਮੇਂ ਨੂੰ ਕਿਸੇ ਹਥਿਆਰਬੰਦ ਇਨਕਲਾਬ ਦੀ ਲੋੜ ਨਹੀਂ ਪੈਣੀ। ਪਾਰਲੀਮੈਂਟ ਵੱਲੋਂ ਲਿਖ ਕੇ ਘੱਲਿਆ ਹੋਇਆ ਕਾਗ਼ਜ਼ ਦਾ ਇੱਕ ਟੁੱਕੜਾ 'ਹਰ ਮੈਜਸਟੀ' (Her Majesty) ਨੂੰ 'ਮਿਸਿਜ਼' ਵਿੱਚ ਬਦਲ ਸਕਦਾ ਹੈ।