ਭਵਿੱਖ ਬਾਣੀ ਜੀਵਨ ਦੀ ਵਾਸਤਵਿਕਤਾ ਨਹੀਂ, ਜੂਆ ਹੈ; ਅਨੁਮਾਨ ਜੂਆ ਨਹੀਂ ਸੰਭਵਤਾ (possibility) ਹੈ ਜਿਸ ਨੂੰ ਵਿਗਿਆਨਿਕ ਆਧਾਰ ਦੀ ਪ੍ਰਾਪਤੀ ਸੰਭਾਵਨਾ (probability) ਦਾ ਦਰਜਾ ਦੇ ਸਕਦੀ ਹੈ। ਮਾਰਕਸ ਦਾ ਖ਼ਿਆਲ ਸੀ ਕਿ ਮਜ਼ਦੂਰਾਂ ਦੁਆਰਾ ਹਥਿਆਰਬੰਦ ਇਨਕਲਾਬ ਦੀ ਸਹਾਇਤਾ ਨਾਲ ਪ੍ਰੋਲੋਤੋਰੀਅਤ ਡਿਕਟੇਟਰਸ਼ਿਪ ਹੋਂਦ ਵਿੱਚ ਆਵੇਗੀ। ਇਹ ਡਿਕਟੇਟਰਸ਼ਿਪ ਸਮਾਜਵਾਦ (Socialism) ਦੀ ਸਥਾਪਨਾ ਕਰੇਗੀ। ਸੋਸ਼ਲਿਜ਼ਮ ਕਮਿਊਨਿਜ਼ਮ ਵਿੱਚ ਵਿਕਾਸ ਕਰ ਜਾਵੇਗਾ ਅਤੇ ਸਾਂਝੀਵਾਲਤਾ ਸਰਕਾਰਾਂ ਨੂੰ ਬੇ-ਲੋੜੀਆਂ ਕਰ ਦੇਵੇਗੀ । ਮਾਰਕਸ ਸਾਹਮਣੇ ਇਹ ਇੱਕ ਸੰਭਵਤਾ ਸੀ। ਉਸ ਨੇ ਕੋਈ ਅਸੰਭਵ ਗੱਲ ਨਹੀਂ ਸੀ ਸੋਚੀ। ਇਹ ਸੰਭਵ ਹੈ ਕਿ ਸਿਆਣੇ ਲੋਕ ਸਰਕਾਰੀ ਦਮਲ ਤੋਂ ਬਿਨਾਂ ਆਪੋ ਵਿੱਚ ਰਲ-ਮਿਲ ਕੇ ਰਹਿੰਦੇ ਰਹਿਣ। ਪਰੰਤੂ ਇਸ ਦੀ 'ਸੰਭਾਵਨਾ' ਜਾਂ 'ਇਸ ਦੇ ਵਾਪਰ ਜਾਣ ਦੀ ਆਸ' ਲਈ ਉਸ ਕੋਲ ਇੱਕੋ ਇੱਕ ਦਲੀਲ ਇਹ ਸੀ ਕਿ ਸੱਭਿਅਤਾ ਦੇ ਝਮੇਲਿਆਂ ਤੋਂ ਪਹਿਲਾਂ ਜੰਗਲੀ ਮਨੁੱਖ ਕੋਲ ਸਰਕਾਰਾਂ ਅਤੇ ਸਰਕਾਰੀ ਕਾਨੂੰਨ ਨਹੀਂ ਸਨ। ਉਹ ਇਨ੍ਹਾਂ ਤੋਂ ਬਿਨਾਂ ਜੀ ਸਕਦਾ ਸੀ ਕਿਉਂਕਿ ਉਸ ਸਮੇਂ ਸਮਾਜਾਂ ਵਿੱਚ ਸ਼੍ਰੇਣੀ ਵੰਡ ਨਹੀਂ ਸੀ ਅਤੇ ਸ਼੍ਰੇਣੀ-ਘੋਲ ਵੀ ਨਹੀਂ ਸੀ। ਸੋਸ਼ਲਿਜ਼ਮ ਸ਼੍ਰੇਣੀ-ਵੰਡ ਅਤੇ ਸ਼੍ਰੇਣੀ-ਘੋਲ ਨੂੰ ਖ਼ਤਮ ਕਰ ਕੇ ਸਰਕਾਰਾਂ ਦੀ ਲੋੜ ਨੂੰ ਖਤਮ ਕਰ ਦੇਵੇਗਾ। ਪੁਰਾਸ਼ਨ ਸਾਂਝੀਵਾਲਤਾ ਦਾ ਖ਼ਿਆਲ ਨਿਰੋਲ ਰੁਮਾਂਟਿਕ ਸੀ।
ਮੈਂ ਇਹ ਸਭ ਕੁਝ ਮਾਰਕਸ ਦੀ ਆਲੋਚਨਾ ਦੇ ਇਰਾਦੇ ਨਾਲ ਨਹੀਂ ਲਿਖ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੁਨੀਆ ਦੇ ਸਿਆਸੀ ਪ੍ਰਬੰਧਾਂ ਬਾਰੇ ਸੋਚਣ ਵਾਲੇ ਸਿਆਣੇ, -ਸਿਆਸੀ ਪ੍ਰਬੰਧਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਦੀ ਆਸ ਅਤੇ ਕਲਪਨਾ ਕਰਦੇ ਆਏ ਹਨ; ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਵੀ ਹਨ। ਉਨ੍ਹਾਂ ਸਿਆਣਿਆਂ ਦੇ ਸਾਹਸ ਤੋਂ ਪ੍ਰੇਰਣਾ ਲੈ ਕੇ ਅਤੇ ਹੋਈਆਂ ਵਾਪਰੀਆਂ ਤਬਦੀਲੀਆਂ ਤੋਂ ਸੇਧ ਪ੍ਰਾਪਤ ਕਰ ਕੇ, ਮੇਰੇ ਜਿਹਾ ਅਨਾੜੀ ਵੀ ਅਨੁਮਾਨ ਲਾਉਣ ਦਾ ਹੀਆ ਕਰ ਸਕਦਾ ਹੈ। ਤੁਹਾਡੀ ਆਗਿਆ ਨਾਲ ਮੈਂ ਹੀਆ ਕਰਨ ਲੱਗਾ ਹਾਂ।
ਮਾਰਕਸ 1818 ਵਿੱਚ ਪੈਦਾ ਹੋਇਆ ਸੀ। ਉਸ ਵੇਲੇ ਸਾਇੰਸ, ਸਨਅਤ ਅਤੇ ਟੈਕਨਾਲੋਜੀ ਆਪਣੇ ਵਿਕਾਸ ਦੇ ਮੁੱਢਲੇ ਪੜਾਵਾਂ ਉੱਤੇ ਸਨ। ਉਦੋਂ ਧਰਤੀ ਉੱਤੇ ਏਨੀ ਆਵਾਜਾਈ ਨਹੀਂ ਸੀ; ਸਮੁੰਦਰ ਥੱਲੇ ਸੁਰੰਗਾਂ ਪੁੱਟ ਕੇ ਇੰਗਲਿਸਤਾਨ ਅਤੇ ਫਰਾਂਸ ਨੂੰ ਆਪੋ ਵਿੱਚ ਜੋੜਨ ਦੀ ਗੱਲ ਕਿਸੇ ਦੇ ਸਿਰ ਵਿੱਚ ਅਜੇ ਸਰਕੀ ਨਹੀਂ ਸੀ। ਟੈਲੀਫੂਨ ਦੀ ਕਾਢ 1876 ਵਿੱਚ ਕੱਢੀ ਗਈ ਸੀ। ਮਾਰਕਸ ਦਾ ਪ੍ਰਾਚੀਨ ਸਾਂਝੀਵਾਲਤਾ ਵੱਲ ਵੇਖਣਾ ਸੰਭਵ ਸੀ। ਹੁਣ ਸੂਪਰ-ਸੋਨਿਕ ਹਵਾਈ ਜਹਾਜ਼ਾਂ ਦਾ ਸਮਾਂ ਹੈ; ਸਾਂਝੇ ਯੋਰਪ ਦਾ ਸਾਂਝਾ ਵਿਧਾਨ ਬਣ ਰਿਹਾ ਹੈ; ਗਲੋਬਲਾਈਜ਼ੇਸ਼ਨ ਦੀਆਂ ਗੱਲਾਂ ਹੋ ਰਹੀਆਂ ਹਨ। ਹੁਣ ਅਤੀਤ ਦੀ ਥਾਂ ਭਵਿੱਖ ਵੱਲ ਵੇਖਣਾ ਯੋਗ ਹੈ। ਜੇ ਅਤੀਤ ਨੇ ਸਾਡੇ ਵਰਤਮਾਨ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡਿਮਾਂਕ੍ਰਿਸੀ ਦੇ ਲੋਕਾਂ ਦੀ ਚੋਖੀ ਗਿਣਤੀ ਨੇ ਵਿਦੇਸ਼ ਵਿੱਚ ਜੰਮੀ ਪਲੀ ਇੱਕ ਵਿਦੇਸ਼ੀ ਇਸਤ੍ਰੀ ਨੂੰ ਆਪਣੇ ਦੇਸ਼ ਦੀ ਪ੍ਰਾਇਮ ਮਨਿਸਟਰ ਦੇ ਰੂਪ ਵਿੱਚ ਵੇਖਣ ਦੀ ਇੱਛਾ ਪ੍ਰਗਟ ਕਰਨ ਵਿੱਚ ਕੋਈ ਹਰਜ ਨਹੀਂ ਸਮਝਿਆ ਤਾਂ ਇਸ ਵਰਤਮਾਨ ਵਿੱਚੋਂ ਜਨਮ ਲੈਣ ਵਾਲੇ ਭਵਿੱਖ ਵਿੱਚ ਕਿੰਨੀਆਂ ਕੁ ਸੰਭਾਵਨਾਵਾਂ ਲੁਕੀਆਂ ਬੈਠੀਆਂ ਹਨ, ਇਸ ਦਾ ਅੰਦਾਜ਼ਾ ਲਾਉਣਾ ਕਿਸੇ ਤਰ੍ਹਾਂ ਵੀ ਅਵਿਗਿਆਨਿਕ, ਅਤਾਰਕਿਕ ਅਤੇ ਅਯੋਗ ਨਹੀਂ।