ਤੋਂ ਉੱਕੇ ਖ਼ਾਲੀ ਲੋਕ, ਇਨ੍ਹਾਂ ਭਾਵਾਂ ਦੇ ਪਾਖੰਡ ਨੂੰ ਆਪਣੀ ਪ੍ਰਭੁਤਾ ਦਾ ਸਾਧਨ ਬਣਾਉਂਦੇ ਹਨ, ਤਾਂ ਪ੍ਰਜਾਤੰਤ੍ਰ ਨੂੰ ਜਨ-ਕਲਿਆਣ ਦੇ ਨੇੜੇ ਲਿਆਂਦਾ ਜਾ ਸਕਦਾ ਹੈ। ਰਾਸ਼ਟਰਵਾਦ ਅਤੇ ਸੰਸਕ੍ਰਿਤੀ ਆਦਿਕ ਦੇ ਜਮ-ਜੱਥੇ ਵਿੱਚੋਂ ਛੁਟਕਾਰਾ ਪਾਉਣਾ ਸੋਖਾ ਕੰਮ ਨਹੀਂ। ਇਸ ਮੰਜ਼ਿਲ ਦੀ ਪ੍ਰਾਪਤੀ ਲਈ ਮਾਨਸਿਕ ਵਿਕਾਸ ਦੀਆਂ ਕਈ ਪੌੜੀਆਂ ਚੜ੍ਹਨੀਆਂ ਪੈਣੀਆਂ ਹਨ। ਇਸ ਵਿਕਾਸ ਵੱਲ ਤੁਰੀ ਹੋਈ ਮਨੁੱਖੀ ਮਾਨਸਿਕਤਾ ਲਈ ਇਹ ਸੰਭਵ ਹੋ ਸਕਦਾ ਹੈ ਕਿ ਉਹ ਆਪਣੇ ਦੇਸ਼ਾਂ ਜਾਂ ਕੌਮਾਂ ਨੂੰ ਭੂਗੋਲਿਕ ਸੀਮਾਵਾਂ ਅਤੇ ਸਿਆਸੀ ਇਤਿਹਾਸਾਂ ਦੇ ਚੌਖਟਿਆਂ ਵਿੱਚੋਂ ਕੱਢ ਕੇ ਆਰਥਕ ਉੱਨਤੀ ਅਤੇ ਵਿਗਿਆਨਿਕ ਵਿਕਾਸ ਦੇ ਨਵੇਂ ਨਾਪਾਂ ਅਨੁਸਾਰ ਨਾਪ ਕੇ ਇਨ੍ਹਾਂ ਨੂੰ (ਰਾਸ਼ਟਰ ਜਾਂ ਕੌਮਾਂ ਆਪਣ ਦੀ ਥਾਂ) ਅਰਥਚਾਰੇ ਜਾਂ ਇਕਨਾਮਿਕ ਕਮਿਊਨਿਟੀਜ਼ ਦੇ ਨਵੇਂ ਨਾਂ ਦੇ ਲਵ। ਅੱਜ ਜਦ ਅਸੀ ਦੁਨੀਆ ਨੂੰ ਪਹਿਲੀ, ਦੂਜੀ ਅਤੇ ਤੀਜੀ ਦੁਨੀਆ ਆਖਦੇ ਹਾਂ, ਉਦੋਂ ਸਾਡੇ ਸਾਹਮਣੇ ਦੁਨੀਆ ਦੀ ਆਰਥਕ ਅਤੇ ਵਿਗਿਆਨਿਕ ਉੱਨਤੀ ਦਾ ਹੀ ਸੰਕਲਪ ਹੁੰਦਾ ਹੈ।
ਜੇ ਕੌਮਾਂ ਆਪਣੇ ਨਵੇਂ ਨਾਮ-ਕਰਣ ਨੂੰ ਪਸੰਦ ਕਰ ਲੈਣ ਤਾਂ ਲੋਕਾਂ ਲਈ ਦੂਜੇ ਦੇਸ਼ਾਂ ਦੇ ਵਿਸ਼ੇਸ਼ੱਗਾਂ ਨੂੰ ਆਪਣੇ ਤਨਖ਼ਾਹਦਾਰ ਕਰਮਚਾਰੀ ਦੇ ਰੂਪ ਵਿੱਚ ਵਿੱਦਿਆ, ਵਾਪਾਰ, ਸਨਅਤ, ਟ੍ਰਾਂਸਪੋਰਟ ਅਤੇ ਸਿਹਤ ਆਦਿਕ ਦੇ ਮਹਿਕਮਿਆਂ ਦੇ ਵਜ਼ੀਰ ਬਣਾ ਲੈਣ ਵਿੱਚ ਬਹੁਤ ਇਤਰਾਜ਼ ਨਹੀਂ ਹੋਵੇਗਾ। ਉਹ ਕਿਸੇ ਵਿਦੇਸ਼ੀ ਦੇ ਪ੍ਰਧਾਨ ਮੰਤਰੀ ਬਣ ਜਾਣ ਨੂੰ ਆਪਣੀ ਆਜ਼ਾਦੀ ਦੇ ਖੁੱਸ ਜਾਣ ਦਾ ਖ਼ਤਰਾ ਖ਼ਿਆਲਣ ਦੀ ਥਾਂ ਉਸ ਵਿਦੇਸ਼ੀ ਵਿਅਕਤੀ ਦੀ ਯੋਗਤਾ ਨੂੰ ਆਪਣੀ ਸੇਵਾ ਕਰ ਰਹੀ ਖ਼ਿਆਲ ਕਰਨਗੇ। ਇਹ ਸਭ ਕੁਝ ਉਸੇ ਤਰ੍ਹਾਂ ਦਾ ਸਾਧਾਰਣ ਜਿਹਾ ਵਿਵਹਾਰ ਬਣ ਸਕਦਾ ਹੈ ਜਿਸ ਤਰ੍ਹਾ ਅੱਜ ਕੱਲ ਇੱਕ ਦੇਸ਼ ਦੀ ਫੁੱਟਬਾਲ ਜਾਂ ਕ੍ਰਿਕਟ ਦੀ ਟੀਮ ਕਿਸੇ ਦੂਜੇ ਦੇਸ਼ ਦੇ ਸਿਆਣੇ ਖਿਡਾਰੀ ਨੂੰ ਆਪਣੀ ਟੀਮ ਦਾ ਕੋਚ ਬਣਾ ਲੈਂਦੀ ਹੈ।
ਇਹ ਨਿਰੋਲ ਕਲਪਨਾ ਨਹੀਂ ਹੈ; ਸਾਇਲ ਸਾਡੇ ਸੰਸਾਰ ਨੂੰ ਇਸ ਪਾਸੇ ਵੱਲ ਲਈ ਜਾ ਰਹੀ ਹੈ। ਸਾਂਝੇ ਯੌਰਪ ਦੀ ਪਾਰਲੀਮੈਂਟ ਵਿੱਚ ਸਾਂਝੇ ਯੌਰਪ ਲਈ ਵਜ਼ੀਰ ਜਾਂ ਮਨਿਸਟਰ ਹੋਣਗੇ। ਇਨ੍ਹਾਂ ਮਨਿਸਟਰਾਂ ਨੂੰ ਸਾਂਝੇ ਯੌਰਪ ਦੇ ਮਹਿਰਮੇ ਸੌਂਪੇ ਜਾਣਗੇ। ਇਨ੍ਹਾਂ ਮਹਿਕਮਿਆਂ ਦੇ ਇਨਚਾਰਜ ਮਨਿਸਟਰ ਕਿਸੇ ਇੱਕ ਦੇਸ਼ ਦੇ ਨਹੀਂ ਸਗੋਂ ਕਈ ਦੇਸ਼ਾਂ ਦੇ ਉਨ੍ਹਾਂ ਮਹਿਕਮਿਆ ਦੀ ਉੱਨਤੀ ਬਾਰੇ ਸੋਚ ਅਤੇ ਕੰਮ ਕਰ ਰਹੇ ਹੋਣਗੇ ਜਿਹੜੇ ਉਨ੍ਹਾਂ ਨੂੰ ਸੌਂਪੇ ਗਏ ਹੋਣਗੇ। ਉਨ੍ਹਾਂ ਮਨਿਸਟਰਾਂ ਨੂੰ ਦੇਸ਼ ਕੌਮ ਦੀਆਂ ਹੱਦਾਂ ਤੋਂ ਉੱਚੇ ਉੱਠ ਕੇ ਸਾਂਝੇ ਯੌਰਪ ਦੀ ਭਲਾਈ ਲਈ ਕੰਮ ਕਰਨ ਦੀ ਮਜਬੂਰੀ ਹੋਵੇਗੀ। ਭਲਾਈ ਕਰਨ ਦੀ ਮਜਬੂਰੀ, ਭਲਾਈ ਕਰਨ ਦੀ ਆਦਤ ਪੈਦਾ ਕਰ ਸਕਦੀ ਹੈ। ਇਉਂ ਪ੍ਰਜਾਤੰਤ੍ਰ ਕਲਿਆਣ ਦੀ ਭਾਵਨਾ ਵੱਲ ਇੱਕ ਕਦਮ ਹੋਰ ਪੁੱਟ ਸਕਦਾ ਹੈ ਜੇ ਸਾਡੀ ਸੋਚ ਅਤੇ ਸਾਡੇ ਕਰਮ ਵਿਗਿਆਨਿਕ ਹੁੰਦੇ ਜਾਣ ਤਾਂ। ਇਸ 'ਜੇ' ਦਾ ਦੂਜਾ ਪਾਸਾ ਬਹੁਤ ਭਿਆਨਕ ਹੋ ਸਕਦਾ ਹੈ ਅਤੇ ਉਸ ਦੀ ਭਿਆਨਕਤਾ ਦਾ ਭੇਤ ਵੀ ਵਿਗਿਆਨ ਵਿੱਚ ਹੈ। ਮਨੁੱਖਤਾ ਸਾਹਮਣੇ ਸਿਆਣੀ ਚੋਣ ਦਾ ਸਮਾਂ ਹੈ।