ਸਾਇੰਸ ਅਤੇ ਵਿਅਕਤੀ
ਕਿਸਾਨਾ ਯੁਗ ਵਿਅਕਤੀ ਵਿਸ਼ੇਸ਼ ਦਾ ਯੁਗ ਸੀ। ਇਸ ਸ੍ਰਿਸ਼ਟੀ ਦਾ ਕਰਤਾ ਵਿਅਕਤੀ- ਰੂਪ ਮੰਨਿਆ ਜਾਂਦਾ ਸੀ । ਉਸ ਦਾ ਨਿਰਗੁਣ ਸਰੂਪ ਕੇਵਲ ਦਾਰਸ਼ਨਿਕਤਾ ਦਾ ਵਿਸ਼ਾ ਸੀ। ਉਸ ਦਾ ਕਾਰਜਸ਼ੀਲ ਜਾਂ ਉਪਯੋਗੀ ਰੂਪ ਵਿਅਕਤੀ ਸੀ, ਜਿਸ ਨੂੰ ਕਰਤਾ ਪੁਰਖ ਜਾਂ ਕੇਵਲ 'ਪੁਰੁਸ਼' ਆਖਿਆ ਜਾਂਦਾ ਸੀ । ਸਮਾਜਕ ਢਾਂਚੇ ਵਿਅਕਤੀ-ਰੂਪ ਸਨ । ਹਾਕਮਾਂ ਨੂੰ ਜਾਂ ਬ੍ਰਾਹਮਣਾਂ ਨੂੰ ਈਸ਼ਵਰ ਦਾ ਸਿਰ, ਖੱਤ੍ਰੀਆਂ ਨੂੰ ਬਾਹਵਾਂ, ਵੈਸ਼ਾਂ ਨੂੰ ਲੱਤਾਂ ਅਤੇ ਸ਼ੂਦਰਾਂ ਨੂੰ ਪੈਰ ਮੰਨਿਆ ਜਾਂਦਾ ਸੀ। ਸੰਸਾਰਕ ਖੇਤਰ ਵਿੱਚ ਵਿਅਕਤੀ ਰਾਜਾ, ਮਹਾਰਾਜਾ, ਬਾਦਸ਼ਾਹ ਆਦਿਕ ਦੇ ਰੂਪ ਵਿੱਚ ਦੇਸ਼ ਦਾ ਮਾਲਕ ਸੀ । ਅਧਿਆਤਮਕ ਪਿੜ ਵਿੱਚ ਸੰਤ, ਸਤਿਗੁਰੂ, ਰਿਸ਼ੀ, ਬ੍ਰਹਮ ਗਿਆਨੀ ਆਦਿਕ ਰੂਪਾਂ ਵਿੱਚ ਵਿਅਕਤੀ ਰੱਬ ਨਾਲ ਇੱਕ-ਮਿੱਕ ਮੰਨਿਆ ਜਾਂਦਾ ਸੀ। ਹਰ ਵਿਅਕਤੀ ਨੂੰ ਅਧਿਆਤਮਕ ਖੇਤਰ ਵਿੱਚ ਰੱਬ ਬਣਨ ਦਾ ਅਤੇ ਦੁਨਿਆਵੀ ਪੱਧਰ ਉੱਤੇ ਰਾਜਾ, ਮਹਾਰਾਜਾ ਬਣਨ ਦਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਸੀ, ਜੇ ਉਹ ਇਸ ਦੇ ਯੋਗ ਹੋਵੇ ਤਾਂ।
ਸਾਇੰਸ ਦਾ ਯੁਗ ਵਿਵਸਥਾ, ਵਿਧਾਨ ਜਾਂ ਕਾਨੂੰਨ ਦਾ ਯੁਗ ਹੈ। ਵਿਗਿਆਨ ਦਾ ਦੱਸਿਆ ਹੋਇਆ ਬ੍ਰਹਿਮੰਡ ਕਿਸੇ ਬ੍ਰਹਮ ਜਾਂ ਈਸ਼ਵਰ ਦੀ ਅਗਿਆਤ ਸੱਤਾ ਦੇ ਸਹਾਰੇ ਕਾਇਮ ਨਹੀਂ, ਸਗੋਂ ਇਹ ਆਪਣੇ ਵਿਚਲੇ ਪਦਾਰਥਕ ਨੇਮਾਂ ਦੀ ਪਾਲਣਾ ਕਰਦਾ ਹੈ। ਫ਼ਿਜ਼ਿਕਸ ਦੇ ਇਹ ਨੇਮ ਜਾਣੇ ਜਾ ਸਕਦੇ ਹਨ; ਬਹੁਤ ਹੱਦ ਤਕ ਜਾਣੇ ਗਏ ਹਨ ਅਤੇ ਜਾਣੇ ਜਾ ਰਹੇ ਹਨ। ਇਸੇ ਤਰ੍ਹਾਂ ਜੀਵਾਂ ਦੀ ਉਤਪਤੀ ਦੇ ਨੇਮ ਹਨ: ਸਮਾਜਾਂ ਦੀ ਬਣਤਰ ਦੇ ਨੇਮ ਹਨ: ਅਤੇ ਕੋਈ ਵਿਅਕਤੀ ਨੇਮਾਂ ਨਾਲੋਂ ਉੱਚਾ ਨਹੀਂ। ਕਿਸਾਨੇ ਯੁਗ ਵਿੱਚ ਰਾਜਾ ਤੋਂ ਰੰਕ ਤਕ ਸਾਰੇ ਮਨੁੱਖਾਂ ਨੂੰ ਰੱਬ ਸਾਹਮਣੇ ਬਰਾਬਰ ਮੰਨਿਆ ਜਾਂਦਾ ਸੀ । ਇਹ ਬਰਾਬਰੀ ਕੇਵਲ ਸਿਧਾਂਤ- ਰੂਪ ਸੀ; ਸੰਸਾਰਕ ਜੀਵਨ ਦੀ ਵਾਸਤਵਿਕਤਾ ਨਹੀਂ ਸੀ । ਸਾਇੰਸ ਦੇ ਯੁਗ ਵਿੱਚ ਸਾਰੇ ਮਨੁੱਖਾਂ ਨੂੰ ਕਾਨੂੰਨ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਹ ਨਿਰਾ ਸਿਧਾਂਤ ਨਹੀਂ, ਜੀਵਨ ਦੀ ਵਾਸਤਵਿਕਤਾ ਹੈ: ਜਿੱਥੇ ਅਜੇ ਨਹੀਂ ਬਣੀ, ਓਥੇ ਬਣ ਜਾਣ ਦੇ ਆਹਰ ਵਿੱਚ ਹੈ; ਜਿੱਥੇ ਬਣ ਚੁੱਕੀ ਹੈ, ਉਨ੍ਹਾਂ ਸਮਾਜਾਂ ਵਿੱਚ ਵਿਅਕਤੀ ਨੂੰ ਧਨ, ਵਿੱਦਿਆ, ਵਰਗ, ਰੁਤਬੇ ਅਤੇ ਸੱਤਾ ਕਾਰਣ ਦੂਜੇ ਮਨੁੱਖਾਂ ਨਾਲੋਂ ਸ੍ਰੇਸ਼ਟ ਨਹੀਂ ਮੰਨਿਆ ਜਾਂਦਾ। ਧਨ, ਵਿੱਦਿਆ ਜਾਂ ਰੁਤਬੇ ਦੇ ਆਧਾਰ ਉੱਤੇ ਕਿਸੇ ਆਦਮੀ ਦਾ ਰਹਿਣ-ਸਹਿਣ ਦੂਜਿਆਂ ਨਾਲੋਂ ਵੱਖਰਾ ਜਾਂ ਵਧੀਆ ਹੋ ਸਕਦਾ ਹੈ; ਇਸ ਤੋਂ ਅਗੇਰੇ ਉਹ ਹੋਰ ਕਿਸੇ ਸ੍ਰੇਸ਼ਟਤਾ ਦਾ ਹੱਕਦਾਰ ਨਹੀਂ ਮੰਨਿਆ ਜਾਂਦਾ। ਕਿਸਾਨੇ ਯੁਗ ਵਿੱਚ ਰਾਜਾ-ਰੂਪ ਵਿਅਕਤੀ ਸ਼ਕਤੀਸ਼ਾਲੀ ਅਤੇ ਭਿਆਨਕ ਸੀ; ਰੱਬ- ਰੂਪ ਵਿਅਕਤੀ ਦੁਰਬੋਧ ਜਾਂ ਰਹਿੱਸਮਈ ਅਤੇ ਪੂਜ ਸੀ । ਜਿੰਨੀ ਮਜਬੂਰੀ ਰਾਜਾ ਕੋਲੋਂ ਡਰਨ ਦੀ ਸੀ, ਓਨੀ ਹੀ ਮਜਬੂਰੀ (ਸ਼ਾਇਦ ਉਸ ਤੋਂ ਵੀ ਵੱਧ) ਮਹਾਤਮਾ, ਸੰਤ ਜਾਂ ਸਤਿਗੁਰੂ ਦੀ ਪੂਜਾ ਕਰਨ ਦੀ ਸੀ। ਰਾਜਾ ਕੋਲ ਲੋਕਾਂ ਨੂੰ ਡਰਾਉਣ ਲਈ ਲੋੜੀਂਦੀ ਦੁਨਿਆਵੀ ਸ਼ਕਤੀ ਸੀ। ਪ੍ਰਮਾਤਮਾ ਜਾਂ ਰਿਸ਼ੀ ਕੋਲ ਦੁਨਿਆਵੀ ਸ਼ਕਤੀ ਦੇ ਨਾਲ ਨਾਲ ਰੂਹਾਨੀ ਜਾਂ ਅਲੌਕਿਕ