ਕੋਲੋਂ, ਇਸ ਨੂੰ, ਸਜਦਾ ਕਰਵਾਇਆ ਸੀ; ਪ੍ਰੰਤੂ ਇਸ ਦੇ ਨਾਲ ਨਾਲ ਇਹ ਵੀ ਦੱਸਿਆ ਜਾਂਦਾ ਸੀ ਕਿ ਧਰਤੀ ਉੱਤੇ ਇਹ ਆਪਣੇ ਗੁਨਾਹ ਦੀ ਸਜ਼ਾ ਭੁਗਤਣ ਆਇਆ ਹੈ। ਜਿਸ ਤਰ੍ਹਾਂ ਜੇਲ੍ਹ ਵਿੱਚ ਕਿਸੇ ਕੈਦੀ ਕੋਲ ਨਾਗਰਿਕਤਾ ਦੇ ਅਧਿਕਾਰ ਨਹੀਂ ਹੁੰਦੇ ਅਤੇ ਜੇਲ੍ਹ ਦੇ ਕਰਮਚਾਰੀ ਜੇਲ੍ਹ ਵਿੱਚ ਹੁੰਦਿਆਂ ਹੋਇਆਂ ਅਧਿਕਾਰੀ ਅਤੇ ਸੁਤੰਤਰ ਹੁੰਦੇ ਹਨ, ਇਸੇ ਤਰ੍ਹਾਂ ਆਮ ਲੋਕਾਂ ਅਤੇ ਵਿਸ਼ੇਸ਼ ਵਿਅਕਤੀਆਂ ਵਿੱਚ ਫ਼ਰਕ ਮੰਨਿਆ ਜਾਂਦਾ ਸੀ । ਗੁਰੂ, ਪੀਰ, ਪੈਗੰਬਰ, ਸੰਤ, ਸਾਧੂ, ਮਹਾਤਮਾ, ਰਿਸ਼ੀ, ਜੋਗੀ, ਬ੍ਰਹਮਗਿਆਨੀ, ਰਾਜਾ, ਰਜਵਾੜਾ, ਯੋਧਾ, ਜਰਨੈਲ, ਦਾਨੀ, ਤਿਆਗੀ ਅਤੇ ਸ਼ਹੀਦ ਆਦਿਕ ਦੇ ਰੂਪ ਵਿੱਚ ਵਿਅਕਤੀ ਵਿਸ਼ੇਸ਼ ਰੱਬ ਦੇ ਰੂਪ ਵਿੱਚ ਉਪਜਾਇਆ ਹੋਇਆ ਮਨੁੱਖ ਸੀ ਅਤੇ ਇਨ੍ਹਾਂ ਵਿਸ਼ੇਸ਼ਾਂ ਲਈ ਧਨ ਉਪਜਾਉਣ ਵਾਲੇ ਲੋਕ ਆਪਣੇ ਪਾਪਾਂ ਦੀ ਸਜ਼ਾ ਭੁਗਤ ਰਹੇ ਜਾਂ ਉਹ ਕੁਝ ਕਰ ਰਹੇ ਦੱਸੇ ਜਾਂਦੇ ਸਨ, ਜਿਸ ਦੀ ਸਜ਼ਾ ਉਨ੍ਹਾਂ ਨੂੰ ਅੱਗੇ ਜਾ ਕੇ ਦਿੱਤੀ ਜਾਵੇਗੀ।
ਆਪਣੀ ਕਿਸਮਤ ਜਾਂ ਪਰਾਲਬਧ ਦੇ ਹੱਥਾਂ ਦੇ ‘ਖਿਲੋਣੇ' ਅਤੇ ਪਿਛਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦਾ 'ਫਲ ਭੋਗਦੇ' ਜਨ-ਸਾਧਾਰਣ ਕੋਲ ਵਿਸ਼ਵਾਸ ਅਤੇ ਪ੍ਰਾਰਥਨਾ ਦੀ ਅਥਾਹ ਸ਼ਕਤੀ ਦੱਸੀ ਜਾਂਦੀ ਸੀ । ਕਿਹਾ ਜਾਂਦਾ ਸੀ ਕਿ ਵਿਸ਼ਵਾਸ ਵਿੱਚ ਪਹਾੜਾਂ ਨੂੰ ਹਿਲਾ ਦੇਣ ਦੀ ਤਾਕਤ ਹੈ; ਸੱਚੇ ਦਿਲੋਂ ਕੀਤੀ ਹੋਈ ਅਰਦਾਸ ਸਦਾ ਮੰਜੂਰ ਹੁੰਦੀ ਹੈ। ਪਹਾੜ ਹਿੱਲਦੇ ਨਹੀਂ ਸਨ, ਕਿਉਂਜੁ ਸਾਡਾ ਵਿਸ਼ਵਾਸ ਪੱਕਾ ਨਹੀਂ ਸੀ; ਅਰਦਾਸ ਕਦੇ ਸੁਣੀ ਨਹੀਂ ਗਈ, ਕਿਉਂਜੁ ਸਾਨੂੰ ਸੱਚੇ ਦਿਲੋਂ ਅਰਦਾਸ ਕਰਨੀ ਨਹੀਂ ਆਉਂਦੀ। ਸਾਡੇ ਸੰਸਾਰਕ ਕਾਰੋਬਾਰ ਆਪਸੀ ਸਹਾਇਤਾ-ਸਹਿਯੋਗ ਨਾਲ ਨੇਪਰੇ ਚੜ੍ਹਦੇ ਸਨ; ਪਰ ਰਸਮੀ ਅਰਦਾਸਾਂ ਸਾਨੂੰ ਆਪਣੇ ਸਹਾਇਕਾਂ ਅਤੇ ਸਹਿਯੋਗੀਆਂ ਦੇ ਧਨਵਾਦੀ ਹੋਣ ਦੀ ਥਾਂ ਸੱਚੇ ਦਿਲੋਂ ਅਰਦਾਸ ਕਰਨ ਦੀ ਦੁਰਲੱਭ ਯੋਗਤਾ ਵਾਲੇ ਹੰਕਾਰੀ ਹੋਣ ਦੀ ਸਲਾਹ ਦਿੰਦੀਆਂ ਸਨ । ਜਿਨ੍ਹਾਂ ਦੀਆਂ ਅਰਦਾਸਾਂ 'ਸੁਣੀਆਂ-ਮੰਨੀਆਂ ਜਾਂਦੀਆਂ ਸਨ' ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਨੂੰ ਸੱਚੇ ਦਿਲ ਅਤੇ ਪੱਕੇ ਵਿਸ਼ਵਾਸ ਵਾਲੇ ਮੰਨਣਾ ਜਨ-ਸਾਧਾਰਣ ਦੀ ਮਜਬੂਰੀ ਬਣ ਜਾਂਦੀ ਸੀ । 'ਸੋਮਨਾਥਾਂ' ਦੇ ਲੁਟੇਰੇ, 'ਜਮਰੋਦਾਂ' ਦੇ ਜੇਤੂ ਅਤੇ ਅਫਰੀਕਨ ਹਬਸ਼ੀਆਂ ਨੂੰ ਗੁਲਾਮਾਂ ਦੀਆਂ ਮੰਡੀਆਂ ਵਿੱਚ ਵੇਚਣ ਵਾਲੇ, ਗਜ਼ਨੀ ਦੀ ਮਸਜਿਦ, ਅੰਮ੍ਰਿਤਸਰ ਦੇ ਗੁਰਦੁਆਰੇ ਅਤੇ ਕੈਂਟਰਬਰੀ ਦੇ ਗਿਰਜੇ ਵਿੱਚ ਪੱਕੇ ਵਿਸ਼ਵਾਸ ਅਤੇ ਸੱਚੇ ਦਿਲ ਨਾਲ ਅਰਦਾਸ ਕਰਨ ਕਾਰਣ ਹੀ ਆਪੋ-ਆਪਣੇ ਮਿਸ਼ਨ ਵਿੱਚ ਕਾਮਯਾਬ ਹੋਏ ਮੰਨੇ ਜਾਂਦੇ ਹਨ।
ਅਜੋਕੇ ਸਾਇੰਸੀ-ਸਨਅਤੀ ਸਮਾਜ ਹੁਣ ਸੱਚੇ ਦਿਲ ਅਤੇ ਪੱਕੇ ਵਿਸ਼ਵਾਸ ਵਾਲੇ ਕੁਝ ਇੱਕ 'ਵਿਸ਼ੇਸ਼ਾਂ' ਅਤੇ ਬਹੁਤ ਸਾਰੇ 'ਵਿਚਾਰਿਆ ਅਤੇ ਖਿਲਾਉਣਿਆਂ' ਵਿੱਚ ਵੰਡੇ ਹੋਏ ਨਹੀਂ ਹਨ। ਸਾਇੰਸੀ ਸਮਾਜਾਂ ਵਿੱਚ ਇਸ ਵੰਡ ਦੀ ਉਮਰ ਲੰਮੀ ਕਰਨ ਦੀ ਕੋਸ਼ਿਸ਼ ਦੇ ਨਵੇਂ ਧਰਮਾਂ (ਨਾਜ਼ੀਇਜ਼ਮ ਅਤੇ ਕਮਿਊਨਿਜ਼ਮ ਵੱਲੋਂ ਕੀਤੀ ਗਈ ਸੀ । ਨਾਜ਼ੀਇਜ਼ਮ ਉੱਤੇ ਲਿਬਰਲਿਜ਼ਮ ਅਤੇ ਪ੍ਰੋਲੇਟੇਰੀਅਟ ਡਿਕਟੇਟਰਸ਼ਿਪ ਉੱਤੇ ਪ੍ਰਜਾਤੰਤਰ ਦੀ ਜਿੱਤ ਨੇ ਸਾਇੰਸ ਅਤੇ ਤਕਨੀਕ ਨੂੰ ਮਨੁੱਖੀ ਰਿਸ਼ਤਿਆਂ ਦੀ ਨਵੀਂ ਰੂਪ-ਰੇਖਾ ਉਲੀਕਣ ਦਾ ਅਵਸਰ ਪ੍ਰਦਾਨ ਕਰ ਦਿੱਤਾ ਹੈ। ਸਾਇੰਸੀ ਸਮਾਜਾਂ ਦੇ ਵਿਅਕਤੀ ਨੂੰ ਪਤਾ ਹੈ ਕਿ ਵਿੱਦਿਆ, ਸਿਹਤ, ਸਿਖਲਾਈ ਅਤੇ ਕੰਮ ਉੱਤੇ ਉਸ ਦਾ ਜਨਮ ਸਿੱਧ ਅਧਿਕਾਰ ਹੈ। ਇਨ੍ਹਾਂ ਵਸਤੂਆਂ ਦੀ ਪ੍ਰਾਪਤੀ ਲਈ ਉਸ ਨੂੰ ਕਿਸੇ ਅੱਗੇ ਅਰਦਾਸੀ ਹੋਣ ਦੀ ਮਜਬੂਰੀ ਨਹੀਂ। ਜੇ ਸਮਾਜ ਕਿਸੇ ਵਿਅਕਤੀ ਨੂੰ ਕੰਮ ਨਹੀਂ ਦੇ ਸਕਦਾ ਤਾਂ ਸ਼ਰਮਿੰਦਗੀ ਸਮਾਜ ਦੇ ਹਿੱਸੇ ਆਉਂਦੀ ਹੈ, ਵਿਅਕਤੀ ਦੇ ਨਹੀਂ। ਬੇਕਾਰ ਵਿਅਕਤੀ ਦੀ ਉਪਜੀਵਕਾ ਦਾ ਸਤਿਕਾਰਯੋਗ ਪ੍ਰਬੰਧ ਕਰਦੇ ਹੋਏ, ਉਸ ਨੂੰ ਕੰਮ ਨਾ ਦੇ ਸਕਣ ਦੀ ਅਯੋਗਤਾ ਲਈ ਖਿਮਾ ਦੇ ਪਾਤਰ ਹੋਣਾ ਪੈਂਦਾ ਹੈ ਸਾਇੰਸੀ ਸਮਾਜਾਂ ਨੂੰ।