ਅਗਵਾਈ ਕਰਦੀ ਹੈ ਅਤੇ ਕੰਮ ਕਰਨ ਤੋਂ ਪਿੱਛੋਂ ਕੀਤੀ ਹੋਈ ਸੋਚ ਕੰਮ ਦੀ ਨਿੰਦਾ, ਉਸਤਤ ਜਾਂ ਵਕਾਲਤ ਕਰਨ ਲਈ ਵਰਤੀ ਜਾਂਦੀ ਹੈ। ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਹੈ; ਕੰਮ ਕਰ ਕੇ ਸੋਚਣਾ, ਪਛਤਾਵਾ ਹੈ ਜਾਂ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਦੀ ਚਲਾਕੀ। ਸੋਚ ਦੀ ਇਹ ਵਰਤੋਂ ਜੀਵਨ ਵਿਚਲੇ ਔਖੋ, ਭਾਰੇ ਅਤੇ ਮਹੱਤਵਪੂਰਨ ਕੰਮਾਂ ਲਈ ਕੀਤੀ ਜਾਂਦੀ ਹੈ। ਸਾਧਾਰਣ ਆਦਮੀ ਸਾਧਾਰਣ ਜੀਵਨ ਦੇ ਸਾਧਾਰਣ ਕੰਮਾਂ ਲਈ ਸੋਚ ਦੀ ਉਪਰੋਕਤ ਵਰਤੋਂ ਨਹੀਂ ਕਰਦਾ। ਸਾਧਾਰਣ ਆਦਮੀ ਆਪਣੀ ਆਦਰ ਅਤੇ ਸੁਭਾਅ ਅਨੁਸਾਰ ਵਿਚਰਦਾ ਵਰਤਦਾ ਰਹਿੰਦਾ ਹੈ। ਉਸ ਦੇ ਅਨੁਭਵ, ਉਸ ਦੀ ਵਿੱਦਿਆ, ਉਸ ਦੀ ਸੁਹਬਤ ਅਤੇ ਉਸ ਦੀ ਸਮਾਜਕ ਸਥਿਤੀ ਨੇ ਉਸ ਦੀ ਆਦਤ ਅਤੇ ਉਸ ਦੇ ਸੁਭਾਅ ਦੀ ਰੂਪ-ਰੇਖਾ ਉਲੀਕ ਦਿੱਤੀ ਹੁੰਦੀ ਹੈ। ਜੇ ਉਹ ਕਠੋਰ-ਭਾਵੀ, ਸਵਾਰਥੀ ਅਤੇ ਜਿੱਤ ਦਾ ਵਿਸ਼ਵਾਸੀ ਹੈ ਤਾਂ ਉਸ ਦੇ ਕੰਮ ਪਰਵਿਰਤੀ ਅਤੇ ਭਾਵਾਂ ਦੀ ਪ੍ਰੇਰਣਾ ਵਿੱਚੋਂ ਉਪਜਣਗੇ ਅਤੇ ਉਸ ਦੀ ਸੋਚ ਉਨ੍ਹਾਂ ਕੰਮਾਂ ਦੀ ਵਕਾਲਤ ਦਾ ਕੰਮ ਕਰੇਗੀ। ਜੇ ਉਹ ਕੋਮਲ-ਭਾਵੀ ਮਨੁੱਖ ਹੈ ਤਾਂ ਉਸ ਦੀ ਸੋਚ ਉਸ ਦੀ ਅਗਵਾਈ ਕਰੇਗੀ ਕਿਉਂਜੁ ਦਇਆ, ਖਿਮਾ, ਮਿੱਤਰਤਾ, ਸਹਾਇਤਾ ਆਦਿਕ ਕੋਮਲ ਭਾਵ ਬੁੱਧੀ ਦੀ ਅਧੀਨਗੀ ਕਰਦੇ ਹਨ। ਸੋਚ ਵਿੱਚੋਂ ਉਪਜਣ ਵਾਲੇ ਵਤੀਰੇ ਤੋਂ ਮੇਰਾ ਭਾਵ ਹੈ, ਕੋਮਲ ਭਾਵਾਂ ਦੀ ਪ੍ਰੇਰਣਾ ਵਿੱਚੋਂ ਉਪਜਿਆ ਹੋਇਆ ਵਤੀਰਾ। ਭਾਰਤੀ ਵਿਚਾਰ ਇਸ ਨੂੰ ਦਇਆ ਅਤੇ ਅਹਿੰਸਾ ਦਾ ਵਤੀਰਾ ਕਹਿੰਦੀ ਆਈ ਹੈ।
ਸਮਾਜਕਤਾ ਤੋਂ ਮੇਰਾ ਭਾਵ ਪਿੰਡਾਂ-ਸ਼ਹਿਰਾਂ ਵਿੱਚ ਵੱਡੇ ਵੱਡੇ ਇਕੱਠਾਂ ਵਿੱਚ ਵੱਸਣਾ ਨਹੀਂ। ਇਸ ਤੋਂ ਮੇਰਾ ਭਾਵ ਹੈ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਮਨੁੱਖਾਂ ਨੂੰ ਆਪਣੇ ਵਰਗੇ ਮਨੁੱਖ ਸਮਝਣਾ। ਉਨ੍ਹਾਂ ਦੀ ਜਾਤ-ਬਰਾਦਰੀ, ਉਨ੍ਹਾਂ ਦੀ ਵਿੱਦਿਆ, ਉਨ੍ਹਾਂ ਦੇ ਰੰਗ- ਰੂਪ, ਉਨ੍ਹਾਂ ਦੇ ਸਮਾਜਕ ਸਥਾਨ, ਉਨ੍ਹਾਂ ਦੇ ਧਰਮ, ਉਨ੍ਹਾਂ ਦੇ ਦੇਸ਼ ਅਤੇ ਹੋਰ ਸਾਰੇ ਵਖਰੇਵਿਆਂ ਪਿੱਛੇ ਛੁਪੇ ਹੋਏ ਮਨੁੱਖਤਵ ਦੀ ਪਛਾਣ ਕਰਨੀ ਅਤੇ ਉਸ ਮਨੁੱਖਤਵ ਪ੍ਰਤੀ ਆਦਰ ਦੇ ਭਾਵ ਅਪਣਾਉਣੇ ਸਮਾਜਕਤਾ ਹੈ।
ਪੁਰਾਤਨ ਕਾਲ ਅਤੇ ਮੱਧਕਾਲ ਦੇ ਮਨੁੱਖ ਲਈ ਪਰਵਿਰਤੀ, ਭਾਵ ਅਤੇ ਸੋਚ ਉੱਤੇ ਆਧਾਰਤ ਵਤੀਰਾ ਸਹਿਜ ਸੀ। ਇਨ੍ਹਾਂ ਤਿੰਨਾਂ ਦੇ ਸੁਮੇਲ ਵਿੱਚੋਂ ਉਪਜਣ ਵਾਲਾ ਵਤੀਰਾ ਮੱਧਕਾਲੀਨ ਮਨੁੱਖੀ ਮਨ ਨੂੰ ਸੰਤੁਸ਼ਟ ਰੱਖਦਾ ਸੀ । ਸਮਾਜਕਤਾ ਉਦੋਂ ਸਹਿਜ ਨਹੀਂ ਸੀ । ਅਛੂਤਾਂ ਅਤੇ ਦਾਸਾਂ ਬਿਨਾਂ ਸੱਭਿਅ ਸਮਾਜ ਦੀ ਹੋਂਦ ਸੰਭਵ ਨਹੀਂ ਸੀ । ਮੁੱਲ ਖ਼ਰੀਦੇ ਹੋਏ ਜਾਂ ਜੰਗ ਜਿੱਤਣ ਪਿੱਛੋਂ (ਹਾਰੇ ਹੋਏ ਸਮਾਜ ਵਿੱਚੋਂ) ਬੰਦੀ ਬਣਾ ਕੇ ਲਿਆਂਦੇ ਹੋਏ ਦਾਸਾਂ ਅਤੇ ਸਿਰਾਂ ਉੱਤੇ ਚੁੱਕ ਕੇ ਮੈਲਾ ਢੋਣ ਵਾਲੇ ਅਛੂਤਾਂ ਵਿਚਲੇ ਮਨੁੱਖ ਨੂੰ ਆਪਣੇ ਵਰਗਾ ਮਨੁੱਖ ਮੰਨਣਾ ਹੀ ਸੰਭਵ ਨਹੀਂ ਸੀ। ਇਸ ਲਈ ਉਦੋਂ ਮਨੁੱਖ ਵਿਚਲੀ ਮਨੁੱਖਤਾ ਨੂੰ ਮਹੱਤਵ ਦੇਣ ਦੀ ਥਾਂ ਉਨ੍ਹਾਂ ਵਿੱਚ ਆਤਮਾ ਅਤੇ ਪਰਮਾਤਮਾ ਦੀ ਅਲੋਕਿਕ, ਅਵਿਵਹਾਰਕ ਅਤੇ ਮਹੱਤਵਹੀਣ ਸਰਵ-ਵਿਆਪਕਤਾ ਦੇ ਸਿਧਾਂਤ ਦੀ ਚਤੁਰਤਾ ਅਤੇ ਨਿਪੁੰਨਤਾ ਤੋਂ ਕੰਮ ਲਿਆ ਜਾਣਾ ਹੀ ਸੰਭਵ ਸੀ; ਸਿਆਣਪ ਸੀ।
ਇਸ ਸਿਆਣਪ ਵਿੱਚੋਂ ਪਰਲੋਕ (ਨਰਕ-ਸੁਰਗ ਅਤੇ ਪੁਨਰ ਜਨਮ) ਦੀ ਇੱਕ ਹੋਰ ਸਿਆਣਪ ਨੇ ਜਨਮ ਲਿਆ ਸੀ । ਇਹ ਸਿਆਣਪਾਂ ਦਾਸਾਂ, ਅਛੂਤਾਂ ਅਤੇ ਗ਼ਰੀਬਾਂ ਨੂੰ ਸੰਤੁਸ਼ਟ ਰੱਖਣ ਦੇ ਨਾਲ ਨਾਲ ਸਾਊ-ਸਮਿੱਧ ਲੋਕਾਂ ਲਈ ਸਹਿਜ ਦੇ ਅਲੋਕਿਕ ਅਰਥ ਵੀ ਨਿਯਤ ਕਰਦੀਆਂ ਸਨ।