ਵਿੱਚ ਸਥਿਤ ਰਹਿ ਸਕਦਾ ਸੀ। ਜਨ-ਸਾਧਾਰਣ ਨੂੰ ਇਸ ਸਹਿਜ ਦੀ ਉਚੇਚੀ ਸਿੱਖਿਆ ਅਤੇ ਨਿਰੰਤਰ ਅਭਿਆਸ ਦੀ ਲੋੜ ਹੁੰਦੀ ਸੀ । ਉਚੇ 'ਜਤਨਾਂ' ਵਿੱਚੋਂ 'ਸਹਿਜ' ਪ੍ਰਾਪਤੀ ਦੀ 'ਮ੍ਰਿਗ- ਤ੍ਰਿਸ਼ਨਾ' ਮੱਧਕਾਲ ਵਿੱਚ ਅਤਿਅੰਤ ਮਹੱਤਵਪੂਰਨ ਵਿਸ਼ਾ ਬਣੀ ਰਹੀ ਹੈ।
ਰਿਨੋਸਾਂਸ, ਸਾਇੰਸ, ਮਸ਼ੀਨੀ ਕ੍ਰਾਂਤੀ ਅਤੇ ਟੈਕਨਾਲੋਜੀ ਦੇ ਵਿਕਾਸ ਨੇ ਮਨੁੱਖੀ ਸਮਾਜਾਂ, ਸਰਕਾਰਾਂ, ਸੋਚਾਂ ਅਤੇ ਸੰਬੰਧਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ। ਉਪਜ ਦੇ ਵਾਧੇ ਨੇ ਉੱਨਤ ਦੇਸ਼ਾਂ ਦੇ ਸਮੁੱਚੇ ਜਨ-ਸਾਧਾਰਣ ਨੂੰ ਸਤਿਕਾਰਯੋਗ ਜੀਵਨ ਅਤੇ ਲੋੜੀਂਦੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਹੈ। ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੀ ਸਹਾਇਤਾ ਨਾਲ ਸੱਭਿਅ ਸਮਾਜਕ ਜੀਵਨ ਦਾਸਾਂ ਅਤੇ ਅਛੂਤਾਂ ਦਾ ਮੁਹਤਾਜ ਨਹੀਂ ਰਿਹਾ। ਉੱਨਤ ਸੱਭਿਅ ਸਮਾਜਾਂ ਵਿੱਚੋਂ ਅਛੂਤ ਅਤੇ ਗੁਲਾਮ ਉੱਕੇ ਅਲੋਪ ਹੋ ਗਏ ਹਨ। ਉਨ੍ਹਾਂ ਸਮਾਜਾਂ ਦੇ ਲੋਕਾਂ ਲਈ ਕਾਲਪਨਿਕ ਅਤੇ ਬੇ- ਲੋੜੀ ਰੂਹਾਨੀ ਸਰਵ-ਵਿਆਪਕਤਾ ਦੇ ਅਲੋਕਿਕ ਅਤੇ ਅਰੀਅ ਸਿਧਾਂਤ ਕੋਈ ਅਰਥ ਨਹੀਂ ਰੱਖਦੇ। ਮਨੁੱਖਾਂ ਵਿਚਲੇ ਮਨੁੱਖਤਵ ਦੀ ਸਰਵ-ਵਿਆਪਕਤਾ ਦਾ ਅਨੁਭਵ ਉਨ੍ਹਾਂ ਲਈ ਇੱਕ ਆਮ ਜਹੀ ਗੱਲ ਹੈ; ਇੱਕ ਸਹਿਜ ਹੈ। ਉਹ ਪਰਵਿਰਤੀ ਭਾਵ ਸੋਚ ਅਤੇ ਸਮਾਜਕਤਾ ਦੇ ਜੀਵਨ ਨੂੰ ਸਹਿਜ ਸੁਭਾਅ ਜਿਊਂਦੇ ਹਨ। ਉਨ੍ਹਾਂ ਕੋਲ ਪਰਵਿਰਤੀ ਦੀ ਸੰਤੁਸ਼ਟੀ ਦੇ ਲੋੜੀਂਦੇ ਵਸੀਲੇ ਹਨ; ਭਾਵਾਂ ਦੀ ਅਭੀਵਿਅਕਤੀ ਦੀ ਸੁਤੰਤਰਤਾ ਹੈ; ਉਨ੍ਹਾਂ ਦੇ ਸਮਾਜਕ ਜੀਵਨ ਅਤੇ ਉਨ੍ਹਾਂ ਦੀ ਵਿਗਿਆਨਿਕ ਸੋਚ ਵਿੱਚ ਸੁਭਾਵਕ ਸੰਬੰਧ ਹੈ ਜਿਸ ਨੂੰ ਇਲਹਾਮਾਂ, ਦੇਵ ਬਾਣੀਆਂ, ਬ੍ਰਹਮ ਗਿਆਨਾਂ ਅਤੇ ਮਹਾਂਵਾਕਾਂ ਦੇ ਸਹਾਰੇ ਦੀ ਮਜਬੂਰੀ-ਮੁਥਾਜੀ ਨਹੀਂ; ਅਤੇ ਸਮਾਜਕ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਨੂੰ ਜੀਵਨ ਦਾ ਮਨੋਰਥ ਸਮਝਦੇ ਹੋਣ ਕਰਕੇ ਸਮਾਜਕਤਾ ਦਾ ਸਤਿਕਾਰ ਉਨ੍ਹਾਂ ਲਈ ਕਿਸੇ ਪ੍ਰਕਾਰ ਦਾ ਉਚੇਚ ਨਹੀਂ।
ਪਰਵਿਰਤੀ, ਭਾਵ ਸੋਚ ਅਤੇ ਸਮਾਜਕਤਾ ਦਾ ਸੁਮੇਲ ਸਾਇੰਸ ਦੀ ਦੇਣ ਹੈ। ਇਸ ਨੇ ਮਨੁੱਖ ਨੂੰ 'ਸਹਿਜ ਦਾ ਜੀਵਨ' ਦੇਣ ਦਾ ਉਪਰਾਲਾ ਕੀਤਾ ਹੈ। ਸਾਇੰਸ ਨੇ ਮਨੁੱਖ ਦੇ ਲੋਕਿਕ ਜੀਵਨ ਵਿੱਚ ਪ੍ਰਸੰਨਤਾ ਪੈਦਾ ਕੀਤੀ ਅਤੇ ਵਧਾਈ ਹੈ; ਉਹ ਪ੍ਰਸੰਨਤਾ ਜੋ ਜੀਵਨ ਦਾ ਕੁਦਰਤੀ ਅਤੇ ਸੁਭਾਵਕ ਉਦੇਸ਼ ਹੈ; ਉਹ ਪ੍ਰਸੰਨਤਾ ਜਿਹੜੀ ਪਰਵਿਰਤੀ ਦੀ ਸੰਤੁਸ਼ਟੀ, ਭਾਵ ਦੀ ਅਭੀਵਿਅਕਤੀ ਅਤੇ ਸੋਚ ਦੀ ਸੁਤੰਤਰਤਾ ਦੀ ਉਪਜ ਹੋਣ ਕਰਕੇ ਵਾਸਤਵਿਕ ਸਹਿਜ ਹੈ। ਇਹ ਸਹਿਜ ਅਲੋਕਿਕ ਮ੍ਰਿਗ-ਤ੍ਰਿਸ਼ਨਾ ਨਹੀਂ, ਸਗੋਂ ਸੰਸਾਰਕ ਸੁੰਦਰਤਾ ਹੈ। ਸਾਇੰਸ ਕੋਲ ਇਸ ਸੁੰਦਰਤਾ ਵਿੱਚ ਵਾਧਾ ਕਰਨ ਦੀ ਸਮਰੱਥਾ ਹੈ। ਸਾਇੰਸ ਦੀ ਦੁਰਵਰਤੋਂ ਜਿਨ੍ਹਾਂ ਕੁਰੂਪਤਾਵਾਂ ਅਤੇ ਕਲੇਬਾਂ ਨੂੰ ਜਨਮ ਦਿੰਦੀ ਹੈ ਉਨ੍ਹਾਂ ਦਾ ਜ਼ਿਕਰ ਵੱਖਰੇ ਲੇਖ ਵਿੱਚ ਕਰਾਂਗਾ। ਏਥੇ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਮਨੁੱਖੀ ਮਨ ਮੱਧ-ਕਾਲੀਨ ਸਾਮੰਤੀ ਸੰਸਕਾਰਾਂ ਦਾ ਧਾਰਨੀ ਰਹੇਗਾ, ਓਨਾ ਚਿਰ ਸਾਇੰਸ ਦੀ ਦੁਰਵਰਤੋਂ ਓਨੀ ਹੀ ਯੋਗਤਾ ਅਤੇ ਸਫਲਤਾ ਨਾਲ ਹੁੰਦੀ ਰਹੇਗੀ, ਜਿੰਨੀ ਯੋਗਤ ਅਤੇ ਸਫਲਤਾ ਨਾਲ ਅਧਿਆਤਮਵਾਦ ਦੀ ਦੁਰਵਰਤੋਂ ਹੁੰਦੀ ਆਈ ਹੈ। ਸਾਡੇ ਗਿਆਨ ਦੀ ਵਰਤੋਂ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਕੀ ਹੈ। ਜੀਵਨ ਪ੍ਰਤੀ ਵਿਗਿਆਨਿਕ, ਪਦਾਰਥਕ, ਸਮਾਜਕ ਅਤੇ ਸਤਿਕਾਰਯੋਗ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਸਾਨੂੰ ਅਜੇ ਲੰਮੇ ਸਮੇਂ ਦੀ ਲੋੜ ਹੈ। ਫ਼ਲਸਫ਼ਿਆਂ, ਇਲਹਾਮਾਂ, ਗੌਰਵਮਈ ਇਤਿਹਾਸਾਂ, ਕਰਾਮਾਤਾਂ, ਵਹਿਮਾਂ, ਡਰਾਂ ਅਤੇ ਅੰਧਵਿਸ਼ਵਾਸਾਂ ਦੇ ਆਸਰਿਆਂ ਵਾਲੇ ਅਤੀਤ ਦਾ ਕਿਲ੍ਹਾ ਏਨੀ ਛੇਤੀ ਢਹਿਣ ਵਾਲਾ ਨਹੀਂ।