ਗਣ ਦੇ ਲੱਛਣ
ਛੰਦ ਵਿੱਚ ਵਰਨਾਂ ਜਾਂ ਮਾਤਰਾਵਾਂ ਦੇ ਉਹ ਸਮੂਹ ਗਣ ਅਖਵਾਉਂਦੇ ਹਨ, ਜਿਹਨਾਂ ਦੇ ਅਨੁਸਾਰ ਛੰਦ ਦੀ ਚਾਲ ਬਣਦੀ ਹੈ। ਛੰਦ ਸ਼ਾਸਤਰ (ਪਿੰਗਲ) ਅਨੁਸਾਰ ਤਿੰਨ ਅੱਖਰਾਂ ਦਾ ਸਮੁਦਾਇ 'ਗਣ' ਹੈ ਅਤੇ ਇਹਨਾਂ ਦੀ ਗਿਣਤੀ 8 ਹੈ। ਉਦਾਹਰਨ ਦੇ ਤੌਰ 'ਤੇ :-
ਰਾਜੇ ਬੀਰ ਗਾਜ਼ੀ
ਤੁਰੇ ਤੁੰਦ ਤਾਜ਼ੀ
ਇਸ ਛੰਦ ਵਿੱਚ ਹਰ ਇੱਕ ਤੁੱਕ ਦੇ ਦੋ ਹਿੱਸੇ ਹਨ ਅਤੇ ਹਰ ਹਿੱਸੇ ਵਿੱਚ ਪਹਿਲਾਂ ਇੱਕ ਲਘੂ ਤੇ ਫਿਰ ਦੋ-ਦੋ ਗੁਰੂ ਹਨ। ਇਸੇ ਲਘੂ-ਗੁਰੂ ਦੇ ਬੱਝਵੇਂ ਜੋੜ ਨੂੰ 'ਗਣ ਆਖਦੇ ਹਨ। ਇਸ ਛੰਦ ਦੀ ਚਾਲ ਨੂੰ ਲਿਖ ਕੇ ਇੰਝ ਦੱਸਿਆ ਜਾ ਸਕਦਾ ਹੈ :-
ਮਾਤ੍ਰਿਕ ਗਣ
'ਮਾਤ੍ਰਿਕ ਗਣ' ਅੱਖਰਾਂ ਦਾ ਉਹ ਸਮੂਹ ਹੈ, ਜਿਸ ਵਿੱਚ ਕੇਵਲ ਮਾਤਰਾਂ ਦੀ ਗਿਣਤੀ ਦਾ ਹੀ ਖਿਆਲ ਰਖਿਆ ਜਾਂਦਾ ਹੈ, ਅੱਖਰ ਭਾਵੇਂ ਕਿੰਨੇ ਹੋਣ, ਜਿਵੇਂ :
ਕਰਤਾਰ (।) ਵੀ ਪੰਜ ਮਾਤਰਾਵਾਂ ਦਾ ਗਣ ਹੈ ਅਤੇ ਭਰੋਸਾ (।) ਵੀ, ਹਾਲਾਂਕਿ ਨਾ ਇਹਨਾਂ ਵਿੱਚ ਅੱਖਰਾਂ ਦੀ ਗਿਣਤੀ ਬਰਾਬਰ ਹੈ ਤੇ ਨਾ ਲਘੂ-ਗੁਰੂ ਦੀ ਤਰਤੀਬ ਇਕੋ ਜਿਹੀ ਹੈ।
ਮਾਤ੍ਰਿਕ ਗਣ ਪੰਜ ਹਨ, ਜਿਹਨਾਂ ਦੇ ਪਹਿਲੇ ਅੱਖਰ ‘ਟ, ਠ, ਡ, ਢ, ਣ ਹਨ ਅਤੇ ਨਾਂ ਇਹ ਹਨ :-
ਟਗਣ, ਠਗਣ, ਡਗਣ, ਢਗਣ, ਣਗਣ।
ਸੀਨੀਅਰ ਸੈਕੰਡਰੀ ਪੱਧਰ ਦੀ ਪੰਜਾਬੀ ਦੀਆਂ ਪਾਠ-ਪੁਸਤਕਾਂ ਦੀ ਸਮੀਖਿਆ (ਪੀ.ਜੀ.ਟੀ.)
ਸੰਪਾਦਕ
ਜਗਦੀਸ਼ ਕੌਰ (ਸੀਨੀਅਰ ਲੈਕਚਰਾਰ)
ਪਿੰਗਲ
ਡਾ. ਅੰਜੀਲ ਕੌਰ
ਪਿੰਗਲ ਕੀ ਹੈ ?
ਜਿਵੇਂ ਕਿਸੇ ਬੋਲੀ ਦੀ ਬੋਲਚਾਲ ਦੇ ਸਮੂਹ-ਨਿਯਮਾਂ ਨੂੰ ਮਿਲਾ ਕੇ ਉਸ ਦੀ ਵਿਆਕਰਨ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਹੀ ਕਵਿਤਾ-ਸੰਬੰਧੀ ਨਿਯਮਾਂ ਦੇ ਸਮੂਹ ਨੂੰ 'ਪਿੰਗਲ' ਆਖਦੇ ਹਨ। ਦੂਜੇ ਸ਼ਬਦਾਂ ਵਿੱਚ ਛੰਦ-ਸ਼ਾਸਤਰ ਦਾ ਹੀ ਬਦਲਵਾਂ ਨਾਂ 'ਪਿੰਗਲ ਹੈ।
ਹਰ ਇੱਕ ਬੋਲੀ ਵਿੱਚ ਵਾਕ-ਰਚਨਾ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਨੂੰ ਗੱਦ ਜਾਂ ਵਾਰਤਕ ਆਖਿਆ ਜਾਂਦਾ ਹੈ ਅਤੇ ਦੂਜੇ ਨੂੰ ਪਦ ਜਾਂ ਛੰਦ। ਇਸ ਦਾ ਸੰਬੰਧ ਕਵਿਤਾ ਨਾਲ ਹੁੰਦਾ ਹੈ। ਪਿੰਗਲ ਦਾ ਸਰੋਕਾਰ ਇਸ ਦੂਜੀ ਪ੍ਰਕਾਰ ਦੀ ਵਾਕ-ਰਚਨਾ ਅਰਥਾਤ ਪਦ ਜਾਂ ਛੰਦ ਨਾਲ ਹੈ।
ਵਰਗੀਕਰਨ
ਕਾਵਿ-ਵਿਆਕਰਨ ਅਰਥਾਤ ਪਿੰਗਲ ਨੂੰ ਮੋਟੇ ਤੌਰ ਤੇ ਛੰਦ ਅਤੇ ਰਸ ਸ਼ਾਸਤਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਲੇਕਿਨ ਕਿਸੇ ਰਚਨਾ ਦੇ ਲਿਖਾਰੀ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉੱਤਮ ਅਤੇ ਸੁਹਣੇ ਢੰਗ ਨਾਲ ਲਿਖੀ ਹੋਈ ਜਾਂ ਸ਼ਿੰਗਾਰੀ ਹੋਈ ਰਚਨਾ ਨੂੰ ਹੀ ਸਿਰਜੇ। ਜਿਸ ਵਾਸਤੇ ਉਹ ਸ਼ਬਦਾਂ ਦੀ ਜੜ੍ਹਤ ਵੱਲ ਵਧੇਰੇ ਧਿਆਨ ਦਿੰਦਾ ਹੈ ਅਤੇ ਉਹਨਾਂ ਦੇ ਅਰਥਾਂ ਨੂੰ ਹੋਰ ਜ਼ਿਆਦਾ ਖੂਬਸੂਰਤੀ ਨਾਲ ਪਾਠਕਾਂ ਅੱਗੇ ਪੇਸ਼ ਕਰਦਾ ਹੈ। ਇੰਝ ਕਰਨ ਵੇਲੇ ਉਹ ਜਿਸ ਸ਼ਬਦ-ਵਿਉਂਤ ਨੂੰ ਅਪਨਾਉਂਦਾ ਹੈ, ਉਹ ਅਲੰਕਾਰ ਭਾਵ 'ਕਵਿਤਾ ਦੇ ਗਹਿਣੇ' ਅਖਵਾਉਂਦੀ ਹੈ। ਇਸ ਨੂੰ ਵੀ ਅਸੀਂ ਪਿੰਗਲ ਦੇ ਅੰਤਰਗਤ ਹੀ ਰੱਖਕੇ ਵਾਚ ਸਕਦੇ ਹਾਂ। ਇਸ ਨਜ਼ਰ ਤੋਂ ਪਿੰਗਲ ਅਧੀਨ ਤਿੰਨ ਮੁੱਖ ਵਰਗ ਬਣਦੇ ਹਨ :-
1. ਛੰਦ
2. ਅਲੰਕਾਰ
3. ਰਸ
ਇਹਨਾਂ ਤਿੰਨਾਂ ਬਾਰੇ ਪੂਰਨ-ਵਿਸਤਾਰ ਨਾਲ ਵੱਖਰੇ-ਵੱਖਰੇ ਸਿਰਲੇਖ ਹੇਠ ਦੱਸਿਆ ਗਿਆ ਹੈ।
ਛੰਦ
ਛੰਦ ਉਹ ਰਚਨਾ ਹੈ, ਜਿਸ ਦੀ ਤੁਕ-ਤੁਕ ਵਿੱਚ ਅੱਖਰਾਂ ਤੇ ਮਾਤਰਾਵਾਂ ਦੀ ਗਿਣਤੀ ਖਾਸ ਤੋਲ ਅਨੁਸਾਰ ਰੱਖੀ ਗਈ ਹੋਵੇ। ਛੰਦ ਬੱਧ ਰਚਨਾ ਵਿੱਚ ਇੱਕ ਅਜਿਹੀ ਜਾਦੂਮਈ ਸ਼ਕਤੀ ਹੁੰਦੀ ਹੈ ਕਿ ਇਹ ਸੁਣਨ ਵਾਲਿਆਂ ਦੇ ਮਨਾਂ ਵਿੱਚ ਨਵਾਂ ਜੋਸ਼ ਪੈਦਾ ਕਰ ਦਿੰਦੀ ਹੈ। ਇਸੇ ਲਈ ਕਵਿਤਾ ਵਿੱਚ ਛੰਦ ਇਕ ਜ਼ਰੂਰੀ ਅੰਗ ਮੰਨਿਆ ਗਿਆ ਹੈ। ਉਂਜ ਤਾਂ ਛੰਦ ਦਾ ਭਾਵ ‘ਬੰਧਨ' ਤੋਂ ਲਿਆ ਜਾਂਦਾ ਹੈ ਲੇਕਿਨ ਕਵਿਤਾ ਦੇ ਪ੍ਰਸੰਗ ਵਿੱਚ ਛੰਦ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮਾਤਰਾਵਾਂ ਦੇ ਤੇਲ-ਤੁਕਾਂਤ ਦਾ ਖਾਸ ਖਿਆਲ ਰੱਖਿਆ ਗਿਆ ਹੈ।
ਜਿਵੇਂ ਕਿ ਛੰਦ ਵਰਨ ਅਤੇ ਮਾਤਰਾ ਦੇ ਸੁਮੇਲ ਦਾ ਹੀ ਨਾਂ ਹੈ, ਇਸ ਲਈ ਛੰਦਾ-ਬੰਦੀ ਵਿੱਚ ਲਗਾਂ ਦੀ ਗਿਣਤੀ ਅੱਖਰਾਂ (ਵਰਨਾਂ) ਤੋਂ ਵੱਖਰੀ ਨਹੀਂ ਕੀਤੀ ਜਾਂਦੀ ਸਗੋਂ ਅੱਖਰ ਲਗਾਂ ਸਮੇਤ ਹੀ ਗਿਣੇ ਜਾਂਦੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅੱਖਰਾਂ ਨੂੰ ਹੀ 'ਵਰਣ' ਕਿਹਾ ਜਾਂਦਾ ਹੈ। ਜਿਵੇਂ ਕਿ 'ਮਾਤਾ' ਦੋ ਅੱਖਰਾਂ ਜਾਂ ਦੋ ਵਰਨਾਂ ਦਾ ਅਤੇ 'ਪਿਆਰ' ਤਿੰਨ ਵਰਨਾਂ ਦਾ ਸ਼ਬਦ ਹੈ।
ਮੁਕਤਾ ਅੱਖਰ ਦੇ ਉਚਾਰਨ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ ਮਾਤਰਾ ਕਿਹਾ ਜਾਂਦਾ ਹੈ।
ਵਰਨ ਦੇ ਭੇਦ : ਅੱਖਰਾਂ ਨੂੰ ਮੂੰਹੋਂ ਬੋਲਣ ਵੇਲੇ ਕਿਸੇ ਅੱਖਰਾਂ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਤੇ ਕਿਸੇ ਦੇ ਉਚਾਰਨ ਵਿੱਚ ਬਹੁਤਾ, ਜਿਵੇਂ 'ਤਰ' ਦੇ ਪਹਿਲੇ ਅੱਖਰ 'ਤ ਨੂੰ ਬੋਲਦਿਆਂ ਤਾਂ ਥੋੜ੍ਹਾ ਸਮਾਂ ਲਗਦਾ ਹੈ ਪਰ 'ਤਾਰ' ਦੇ ਪਹਿਲੇ ਅੱਖਰ 'ਤਾ' ਨੂੰ ਉਚਾਰਦਿਆਂ ਜ਼ਿਆਦਾ ਸਮਾਂ ਲੱਗਦਾ ਹੈ। ਇਸ ਭੇਦ ਕਰਕੇ ਛੰਦਾਬੰਦੀ ਵਿੱਚ ਵਰਨ ਦੋ ਤਰ੍ਹਾਂ ਦੇ ਮੰਨੇ ਗਏ ਹਨ (1) ਲਘੂ ਤੇ (2) ਗੁਰੂ।
ਜਿਸ ਵਰਨ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ ਲੱਗੇ, ਉਸ ਨੂੰ 'ਲਘੂ' ਆਖਦੇ ਹਨ, ਜਿਵੇਂ 'ਤਰ' ਦੇ ਦੋਵੇਂ ਅੱਖਰ ਲਘੂ ਹਨ।
ਜਿਸ ਵਰਨ ਦੇ ਉਚਾਰਨ ਵਿੱਚ ਬਹੁਤਾ ਸਮਾਂ ਲੱਗੇ, ਉਸ ਨੂੰ 'ਗੁਰੂ' ਆਖਦੇ ਹਨ, ਜਿਵੇਂ 'ਤਾਰੀ' ਦੇ ਦੋਵੇਂ ਅੱਖਰ ਗੁਰੂ ਹਨ।
'ਲਘੂ’ ਦੀ ਇੱਕ ਮਾਤਰਾ ਗਿਣਦੇ ਹਨ ਤੇ 'ਗੁਰੂ' ਦੀਆਂ ਦੋ। ਮੁਕਤੇ, ਸਿਹਾਰੀ ਤੇ ਔਂਕੜ ਵਾਲੇ ਅੱਖਰ ਇੱਕ-ਮਾਤ੍ਰਿਕ ਜਾਂ ਲਘੂ ਹੁੰਦੇ ਹਨ ਅਤੇ ਕੰਨੇ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜੇ ਅਤੇ ਕਨੌੜੇ ਵਾਲੇ ਅੱਖਰ ਦੋ-ਮਾਤ੍ਰਿਕ ਜਾਂ ਗੁਰੂ ਸਮਝੇ ਜਾਂਦੇ ਹਨ।
'ਧਰਮ', 'ਕਿਰਤ', 'ਸ਼ੁਕਰ' ਵਿੱਚ ਸਾਰੇ ਅੱਖਰ ਲਘੂ ਹਨ ਅਤੇ ਹਰ ਇੱਕ ਸ਼ਬਦ ਤਿੰਨ-ਤਿੰਨ ਮਾਤਰਾਵਾਂ ਦਾ ਹੈ।
'ਪਾਣੀ', 'ਬੂਟੇ, 'ਪੈਸੇ', 'ਘੋੜੇ', 'ਭੌਰੇ' ਵਿੱਚ ਸਾਰੇ ਅੱਖਰ 'ਗੁਰੂ' ਹਨ। ਅਤੇ ਹਰ ਇੱਕ ਸ਼ਬਦ ਚਾਰ ਮਾਤਰਾਵਾਂ ਦਾ ਹੈ।
ਜੇ ਲਘੂ ਅੱਖਰ ਨਾਲ ਅੱਧਕ ਜਾਂ ਟਿੱਪੀ ਲੱਗਾ ਹੋਵੇ ਤਾਂ ਉਹ ਦੋ-ਮਾਤ੍ਰਿਕ ਜਾਂ ਗੁਰੂ ਹੋ ਜਾਂਦਾ ਹੈ, ਜਿਵੇਂ : 'ਜੱਟ', 'ਹਿੰਗ' ਤੇ 'ਸੁੰਢ ਦੇ ਪਹਿਲੇ ਅੱਖਰ ਗੁਰੂ ਹਨ ਅਤੇ ਹਰ ਇਕ ਸ਼ਬਦ ਤਿੰਨ-ਤਿੰਨ ਮਾਤਰਾਵਾਂ ਦਾ ਹੈ।
ਦੁੱਤ ਅੱਖਰ ਭਾਵੇਂ ਦੋ ਅੱਖਰਾਂ ਤੋਂ ਮਿਲਕੇ ਬਣਿਆ ਹੁੰਦਾ ਹੈ, ਪਰ ਗਿਣਤੀ ਕਰਨ ਵੇਲੇ ਇੱਕ ਇਕੱਲਾ ਅੱਖਰ ਹੀ ਸਮਝਿਆ ਜਾਂਦਾ ਹੈ, ਜਿਵੇਂ : 'ਪ੍ਰਭ', 'ਪ੍ਰੇਮ', 'ਦਵੈਤ ਅਤੇ 'ਜੜ੍ਹ' ਸਾਰੇ ਦੁਅੱਖਰੇ ਸ਼ਬਦ ਹਨ, ਜਿਨ੍ਹਾਂ ਵਿਚੋਂ 'ਪ੍ਰਭ' ਤੇ 'ਜੜ੍ਹ' ਦੋ-ਦੋ ਮਾਤਰਾਵਾਂ ਦੇ ਅਤੇ 'ਪ੍ਰੇਮ' ਤੇ 'ਦਵੈਤ' ਤਿੰਨ-ਤਿੰਨ ਮਾਤਰਾ ਦੇ ਹਨ। ਬਿੰਦੀ ਦੀ ਕੋਈ ਮਾਤਰਾ ਨਹੀਂ ਗਿਣੀ ਜਾਂਦੀ, ਜਿਵੇਂ ਕਿ : 'ਛਾਂ' ਵਿੱਚ ਅੰਤਲਾ ਅੱਖਰ ਲਘੂ ਹੈ, ਗੁਰੂ ਨਹੀਂ।