ਇਸ ਵਿੱਚ ਕਵਿਤਾ ਦੇ ਨਿਯਮ ਅਨੁਸਾਰ ਤੁਕ ਦੀਆਂ ਮਾਤਰਾਂ ਤਾਂ ਪੂਰੀਆਂ ਹਨ, ਤੇ ਲੈ ਵੀ ਠੀਕ ਹੈ, ਪਰ ਸ਼ਬਦਾਂ ਜਾਂ ਅਰਥਾਂ ਦੀ ਕੋਈ ਖਾਸ ਖੂਬੀ ਨਹੀਂ। ਹਾਂ, ਜੇ ਇਸੇ ਨੂੰ ਇਉਂ ਕਹੀਏ :-
ਦੁਸ਼ਟਾਂ ਦਾ ਦਿਲ ਦੇਖਿਆ, ਪੱਥਰ ਵਾਂਗ ਕਠੋਰ ।'
ਤਾਂ ਇਸ ਦੇ ਪਹਿਲੇ ਅੱਧ ਵਿੱਚ ਸ਼ਬਦਾਂ ਦਾ ਮੁੱਢਲਾ ਅੱਖਰ ਮਿਲਣ ਕਰਕੇ ਲੈਅ ਦੀ ਖਾਸ ਖੂਬੀ ਵੱਧ ਗਈ ਹੈ; ਅਤੇ ਦੂਜੇ ਅੱਧ ਵਿੱਚ ਦਿਲ ਦੀ ਕਠੋਰਤਾ ਨੂੰ ਪੱਥਰ ਜਿਹੀ ਕਰੜੀ ਆਖਣ ਨਾਲ ਅਰਥਾਂ ਵਿੱਚ ਵੀ ਵਧੇਰੇ ਰਸ ਪੈਦਾ ਹੋ ਗਿਆ ਹੈ ; ਇਸ ਲਈ ਇੱਥੇ ਦੋ ਖੂਬੀਆਂ ਜਾਂ ਦੋ ਅਲੰਕਾਰ ਹਨ।
ਸੋ 'ਸ਼ਬਦਾਂ' ਤੇ 'ਅਰਥਾਂ ਦੀ ਖੂਬੀ ਕਰਕੇ ਅਲੰਕਾਰ ਦੋ ਤਰ੍ਹਾਂ ਦੇ ਹੋਏ :-
1.ਸ਼ਬਦ ਅਲੰਕਾਰ : ਜਿੱਥੇ ਸ਼ਬਦਾਂ ਦੇ ਜੋੜਨ ਵਿੱਚ 'ਲੈਅ' ਦੀ ਖਾਸ ਖੂਬੀ ਪੈਦਾ ਹੋ ਜਾਵੇ, ਉੱਥੇ 'ਸ਼ਬਦ ਅਲੰਕਾਰ' ਹੁੰਦਾ ਹੈ, ਜਿਵੇਂ :-
"ਸੱਚ ਸੋਹੇ ਸਿਰ ਪੱਗ ਜਿਉਂ,
ਕੋਝਾ ਕੂੜ ਕੁਥਾਇਂ ਕਛੋਟਾ।"
ਇੱਥੇ ਪਹਿਲੇ ਅੱਧ ਵਿੱਚ ਤਿੰਨਾਂ ਸ਼ਬਦਾਂ ਦਾ ਮੁੱਢਲਾ ਅੱਖਰ 'ਕ' ਹੋਣ ਕਰਕੇ ਤੁਕ ਵਿੱਚ ਲੈ ਜਾਂ ਸੁਰ ਦੀ ਖਾਸ ਖੂਬੀ ਪੈਦਾ ਹੋ ਗਈ ਹੈ; ਇਸ ਲਈ ਇੱਥੇ ਸ਼ਬਦ ਅਲੰਕਾਰ ਹੈ।
2. ਅਰਥ ਅਲੰਕਾਰ : ਜਿੱਥੇ ਸ਼ਬਦਾਂ ਦੇ ਜੋੜਨ ਵਿੱਚ 'ਰਸ' ਦੀ ਖਾਸ ਖੂਬੀ ਪੈਦਾ ਹੋ ਜਾਵੇ ਅਥਵਾ ਅਰਥ ਵਧੇਰੇ ਰਸਦਾਇਕ ਹੋ ਜਾਵੇ, ਉੱਥੇ ਅਰਥ ਅਲੰਕਾਰ ਹੁੰਦਾ ਹੈ, ਜਿਵੇਂ :-
ਬੋਲਿਆ ਅਕਾਲ ਤੇ ਆਕਾਸ਼ ਹੱਲਿਆ।
ਦੇਖੋ ਸਿੰਘ ਸੂਰਮਾ ਸ਼ਿਕਾਰ ਚੱਲਿਆ।
ਇਥੇ ਜੈਕਾਰੇ ਦੇ ਅਸਰ ਨੂੰ ਵਧਾ ਕੇ ਇਉਂ ਬਿਆਨ ਕੀਤਾ ਹੈ ਕਿ ਉਸ ਦੀ ਧਮਕ ਨਾਲ ਆਕਾਸ਼ ਕੰਬ ਉੱਠਿਆ। ਇਸ ਦੇ ਨਾਲ ਅਰਥ ਬੜਾ ਰਸਦਾਇਕ ਬਣ ਗਿਆ ਹੈ, ਇਸ ਲਈ ਇੱਥੇ ਅਰਥ ਅਲੰਕਾਰ ਹੈ।
ਨੋਟ : ਕਿਤੇ ਕਿਤੇ 'ਸ਼ਬਦ ਅਲੰਕਾਰ' ਤੇ 'ਅਰਥ ਅਲੰਕਾਰ' ਦੋਵੇਂ ਇਕੱਠੇ ਹੀ ਆ ਜਾਂਦੇ ਹਨ। ਉਸ ਜੁੜਵੇਂ ਅਲੰਕਾਰ ਨੂੰ ਕਈ 'ਉਭੈ ਅਲੰਕਾਰ' ਕਹਿੰਦੇ ਹਨ, ਕਈ ਦੋਰੰਗਾ' ਅਤੇ ਕਈ 'ਸ਼ਬਦਾਰਥ ਅਲੰਕਾਰ ਕਹਿੰਦੇ ਹਨ।
ਸ਼ਬਦ ਅਲੰਕਾਰ
ਸ਼ਬਦ ਅਲੰਕਾਰ ਦੇ ਮੋਟੇ-ਮੋਟੇ ਭੇਦ ਹਨ : ਅਨੁਪ੍ਰਾਸ ਅਲੰਕਾਰ, ਚਿਤਰ ਅਲੰਕਾਰ, ਯਮਕ ਅਲੰਕਾਰ ਤੇ ਵੀਪਸਾ ਅਲੰਕਾਰ।
ਅਨੁਪ੍ਰਾਸ ਅਲੰਕਾਰ : ਜਿੱਥੇ ਕਈ ਵਾਰੀ ਇੱਕ ਜਾਂ ਵੱਧ ਅੱਖਰਾਂ ਦੀ ਸਮਾਨਤਾ ਕਰਕੇ ਲੈਅ ਦੀ ਸੁੰਦਰਤਾ ਪੈਦਾ ਕੀਤੀ ਜਾਵੇ, ਉੱਥੇ ਅਨੁਪ੍ਰਾਸ ਅਲੰਕਾਰ ਹੁੰਦਾ ਹੈ। ਇਸ ਦੀਆਂ ਪੰਜ ਕਿਸਮਾਂ ਹਨ: ਛੇਕ, ਵ੍ਰਿਤੀ, ਸਰੁਤੀ, ਲਾਟ ਤੇ ਅੰਤ। ਮਿਸਾਲ ਦੇ ਤੌਰ ਤੇ :-
ਨਚਣਿ ਨੱਚ ਨਾ ਜਾਣਦੀ ਆਖੈ,
ਭੁਇ ਸਉੜੀ। (ਭਾਈ ਗੁਰਦਾਸ)