ਚਿਤਰ ਅਲੰਕਾਰ
ਚਿਤਰ ਅਲੰਕਾਰ : ਜਿਸ ਛੰਦ ਨੂੰ ਅਜਿਹੀ ਵਿਉਂਤ ਨਾਲ ਰਚਿਆ ਜਾਵੇ ਕਿ ਉਹਦੇ ਅੱਖਰਾਂ ਨੂੰ ਕਿਸੇ ਚਿਤਰ (ਕੰਵਲ, ਛਣਕੇਣ ਆਦਿ) ਦੇ ਰੂਪ ਵਿੱਚ ਲਿਖਿਆ ਜਾ ਸਕੇ ਤਾਂ ਉਸ ਵਿੱਚ ਚਿਤਰ ਅਲੰਕਾਰ ਮੰਨਿਆ ਜਾਂਦਾ ਹੈ ਜਿਵੇਂ :-
ਹਰ ਹਰ ਕਰ ਅਰ ਪਯਾਰ ਕਰ, ਵਰ ਦੂਰ ਕਰ ਦੂਰ
ਸਿਰ ਧਰ ਫਿਰ ਗੁਰ ਪੈਰ ਪੁਰ, ਹੇਰ ਵੂਰ ਭਰਪੂਰ।
ਯਮਕ ਅਲੰਕਾਰ : ਜਦ ਕਿਸੇ ਤੁਕ ਜਾਂ ਵਾਕ ਵਿੱਚ ਇੱਕੋ ਸ਼ਬਦ ਅੱਡ-ਅੱਡ ਅਰਥਾਂ ਵਿੱਚ ਆਵੇ ਤਾਂ ਯਮਕ ਅਲੰਕਾਰ ਹੁੰਦਾ ਹੈ, ਜਿਵੇਂ :-
ਘੜੀ ਘੜੀ ਘੜੀ ਟੁਣਕਾਵੇ ਤੇ ਵਜਾਵੇ ਟਲ,
ਪਾਪ ਤੇ ਫਰੇਬ ਦੀ ਜੋ ਘੜੀ ਏਸ ਘੜੀ ਹੈ।
ਇੱਥੇ 'ਘੜੀ' ਸ਼ਬਦ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ- (1) ਮੁੜ-ਮੁੜ (2) ਵਕਤ ਦੱਸਣ ਵਾਲੀ ਘੜੀ (3) ਬਣਾਈ।
ਵੀਪਸਾ ਅਲੰਕਾਰ : ਜਿੱਥੇ ਅਸਚਰਜਤਾ, ਘ੍ਰਿਣਾ, ਪ੍ਰੇਮ ਆਦਰ ਆਦਿ ਕਿਸੇ ਭਾਵ ਨੂੰ ਪ੍ਰਗਟ ਕਰਨ ਲਈ ਇੱਕੋ ਸ਼ਬਦ ਜਾਂ ਸ਼ਬਦ-ਸਮੂਹ ਕਈ ਵਾਰ ਦੁਹਰਾਇਆ ਜਾਵੇ, ਪਰ ਉਸ ਦੇ ਅਰਥਾਂ ਵਿੱਚ ਭਿੰਨਤਾ ਨਾ ਆਵੇ ਤਾਂ ਵੀਪਸਾ ਅਲੰਕਾਰ ਹੁੰਦਾ ਹੈ, ਜਿਵੇਂ :-
ਵੇ ਨਾ ਰੁੱਸ ਕੇ, ਰੁੱਸਕੇ ਜਾਹ ਢੋਲਾ !
ਅਵੇ, ਹੱਸਨਾ ਹੱਸਨਾ ਆ ਢੋਲਾ।
ਮੁੜ ਆ, ਮੁੜ ਆ, ਮੁੜ ਆ ਢੋਲਾ।
ਗਲ ਲਾ, ਗਲ ਲਾ, ਗਲ ਲਾ ਢੋਲਾ। (ਬਿਜਲੀਆਂ ਦੇ ਹਾਰ)
ਜਿੱਥੇ ਪਹਿਲੀ ਤੁਕ ਵਿੱਚ ਵਾਕੰਸ਼ 'ਰੁੱਸਕੇ' ਦੀ ਵੀਪਸਾ ਹੈ, ਦੂਜੀ ਵਿੱਚ ਸ਼ਬਦ 'ਹੱਸਨਾ' ਦੀ ਤੇ ਤੀਜੀ ਤੇ ਚੌਥੀ ਵਿੱਚ ਵਾਕ 'ਮੁੜ ਆ' ਤੇ 'ਗਲ ਲਾ' ਦੀ।
ਅਰਥ ਅਲੰਕਾਰ
ਅਰਥ ਅਲੰਕਾਰ ਦੇ ਉਂਜ ਤਾਂ ਕਈ ਭੇਦ ਹਨ ਪਰ ਇੱਥੇ ਕੇਵਲ ਉਹਨਾਂ ਹੀ ਭੇਦਾਂ ਦਾ ਵਰਨਣ ਕੀਤਾ ਗਿਆ ਹੈ ਜਿਹੜੇ ਆਮ ਪ੍ਰਚਲਿਤ ਹਨ।
ਉਪਮਾ ਅਲੰਕਾਰ : ਜਿੱਥੇ ਦੋ ਅੱਡ-ਅੱਡ ਚੀਜ਼ਾਂ ਵਿੱਚ ਕਿਸੇ ਗੁਣ ਦੀ ਸਮਾਨਤਾ ਕਰਕੇ ਇੱਕ ਚੀਜ਼ ਨੂੰ ਦੂਜੀ ਜਿਹਾ ਕਿਹਾ ਜਾਵੇ, ਉੱਥੇ 'ਉਪਮਾ ਅਲੰਕਾਰ' ਹੁੰਦਾ ਹੈ, ਜਿਵੇਂ :
ਇਉਂ ਕਹਿ ਅੱਗੇ ਹੋਇ ਟੁਹ ਟੁਹ ਵੇਖਦੀ
ਪਿੰਡਾ ਠੰਢਾ ਠਾਰ ਵਾਂਗਰ ਬਰਫ਼ ਦੇ। (ਰਾਣਾ ਸੂਰਤ ਸਿੰਘ)
ਇੱਥੇ ਅੱਤ ਠੰਡਕ ਦੇ ਗੁਣ ਦੀ ਸਮਾਨਤਾ ਕਰਕੇ ‘ਠੰਡੇ ਠਾਰ ਪਿੰਡੇ’ ਨੂੰ 'ਬਰਫ਼' ਜਿਹਾ ਕਿਹਾ ਗਿਆ ਹੈ; ਇਸ ਲਈ ਇੱਥੇ 'ਉਪਮਾ ਅਲੰਕਾਰ' ਹੈ।
ਉਪਮਾ ਅਲੰਕਾਰ ਦੇ ਦੋ ਪ੍ਰਮੁੱਖ ਅੰਗ ਹੁੰਦੇ ਹਨ (1) ਉਪਮੇਅ, (2) ਉਪਮਾਨ। ਉਪਮੇਅ ਉਹ ਚੀਜ਼ ਹੈ, ਜਿਸ ਨੂੰ ਕਿਸੇ ਹੋਰ ਪ੍ਰਸਿੱਧ ਚੀਜ਼ ਨਾਲ ਉਪਮਾ ਦਿੱਤੀ ਜਾਵੇ, ਜਿਵੇਂ ਉੱਪਰ ਦੱਸੇ ਗਏ ਉਦਾਹਰਨ ਵਿੱਚ ਸ਼ਬਦ 'ਪਿੰਡਾ' ਉਪਮੇਅ ਹੈ।
ਉਪਮਾਨ ਉਹ ਚੀਜ਼ ਹੈ, ਜਿਸ ਨਾਲ ਕਿਸੇ ਦੂਜੀ ਚੀਜ਼ ਨੂੰ ਉਪਮਾ ਦਿੱਤੀ ਜਾਵੇ, ਜਿਵੇਂ 'ਬਰਫ਼'।
ਦ੍ਰਿਸ਼ਟਾਂਤ ਅਲੰਕਾਰ : ਜਿੱਥੇ ਕਿਸੇ ਗੱਲ ਨੂੰ ਸਮਾਨ ਗੁਣ ਰੱਖਣ ਵਾਲੀ ਉਸੇ ਤਰ੍ਹਾਂ ਦੀ ਕਿਸੇ ਹੋਰ ਗੱਲ ਦੀ ਮਿਸਾਲ ਦੇ ਕੇ ਸਪਸ਼ਟ ਕੀਤਾ ਗਿਆ ਹੋਵੇ, ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ, ਜਿਵੇਂ :-
ਰਾਧਾ ਦਾ ਪਿਆਰ ਚਰਨੀਂ ਉਸਦੇ
ਚੁੰਬਕ ਪੱਥਰ ਪਿਆਰ ਲੋਹਾ ਜਿਉਂ ਕਰੇ।
ਨੋਟ : ਉਪਮਾ ਅਲੰਕਾਰ ਵਿੱਚ ਦੋ ਭਿੰਨ-ਭਿੰਨ ਵਸਤਾਂ ਦੇ ਕਿਸੇ ਗੁਣ ਦੀ ਸਮਾਨਤਾ ਦੱਸੀ ਹੁੰਦੀ ਹੈ, ਪਰ ਦ੍ਰਿਸ਼ਟਾਂਤ ਅਲੰਕਾਰ ਵਿੱਚ ਦੋ ਭਿੰਨ-ਭਿੰਨ ਪ੍ਰਸੰਗਾਂ ਦੀ ਸਮਾਨਤਾ ਹੁੰਦੀ ਹੈ।
ਰੂਪਕ ਅਲੰਕਾਰ : ਜਿੱਥੇ ਉਪਮੇਅ ਅਤੇ ਉਪਮਾਨ ਵਿਚਲਾ ਭੇਦ ਮਿਟਾ ਕੇ ਇੱਕ ਚੀਜ਼ ਨੂੰ ਦੂਜੀ ਚੀਜ਼ ਦਾ ਰੂਪ ਮੰਨਿਆ ਜਾਵੇ, ਉੱਥੇ ਰੂਪਕ ਅਲੰਕਾਰ ਹੁੰਦਾ ਹੈ; ਜਿਵੇਂ :-
ਡਲ ਦੇ ਸਿਰ ਸਿਰਤਾਜ ਖੜਾ ਨਿਸ਼ਾਤ ਤੂੰ
ਪਰਬਤ ਗੋਦੀ ਵਿੱਚ ਤੂੰ ਹੈਂ ਲੇਟਿਆ
ਟਿੱਲੇ ਪਹਿਰੇਦਾਰ ਪਿੱਛੇ ਖੜ੍ਹੇ ਹਨ।
ਅੱਗੇ ਹੈ ਦਰਬਾਰ ਡਲ ਦਾ ਵਿਛਿਆ।
ਸੱਜੇ-ਖੱਬੇ ਰਾਹ ਸਫੈਦੇ ਵੇੜ੍ਹਿਆ।
ਦਿੱਸਦੀ ਖੜੀ ਸਿਪਾਹ ਜਿਉਂ ਚੁੱਬਦਾਰ ਹਨ।
ਅਤਿ-ਕਥਨੀ ਅਲੰਕਾਰ : ਜਿੱਥੇ ਗੋਲ ਨੂੰ ਉਸ ਦੀ ਯੋਗ ਅਵਸਥਾ ਤੋਂ ਬਹੁਤ ਵਧਾ ਕੇ ਕਿਹਾ ਗਿਆ ਹੋਵੇ, ਉੱਥੇ ਅਤਿ-ਕਥਨੀ ਜਾਂ ਅਤਿ-ਉਕਤੀ ਅਲੰਕਾਰ ਹੁੰਦਾ ਹੈ, ਜਿਵੇਂ :-
ਬੋਲਿਆ ਅਕਾਲ ਤੇ ਅਕਾਸ਼ ਹੱਲਿਆ।
ਦੇਖੋ ਸਿੰਘ ਸੂਰਮਾ ਸ਼ਿਕਾਰ ਚੱਲਿਆ।
ਜਾਂ
ਓੜਕ ਵਕਤ ਕਹਿਰ ਦੀਆਂ ਕੂਕਾਂ
ਸੁਣ ਪੱਥਰ ਢਲ ਜਾਵੇ।
ਰਸ
ਰਸ : ਵੀਭਾਵ ਅਨੁਭਾਵ ਸੰਚਾਰੀ ਆਦਿ ਨਾਲ ਪਰਿਪੂਰਨ ਅਨੰਦ-ਰੂਪ ਗ੍ਰਹਿਣ ਕਰਨ ਵਾਲੇ ਨੂੰ ਪ੍ਰਾਪਤ ਹੋਏ ਸਥਾਈ ਭਾਵ ਨੂੰ 'ਰਸ' ਕਹਿੰਦੇ ਹਨ। ਰਸ ਨੌਂ ਪ੍ਰਕਾਰ ਦੇ ਹੁੰਦੇ ਹਨ :
1. ਸ਼ਿੰਗਾਰ ਰਸ: ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਕਈ ਵਿਦਵਾਨ ਇਸ ਨੂੰ ਅਸਲੀ ਰਸ ਸ਼ਿੰਗਾਰ ਰਸ ਹੀ ਮੰਨਦੇ ਹਨ।
2. ਹਾਸ ਰਸ: ਹਾਸੇ ਵਿੱਚੋਂ ਹਾਸ ਰਸ ਪੈਦਾ ਹੁੰਦਾ ਹੈ। ਇਹ ਉੱਪਰੋਂ ਹੌਲਾ-ਫੁੱਲ ਦਿਸਦਾ ਹੈ। ਪੰਜਾਬੀ ਸਾਹਿਤ ਵਿੱਚ ਸੁਥਰਾ ਸ਼ਾਹ ਤੇ ਜਲ੍ਹਣ ਜੱਟ ਹਾਸਰਸੀ ਕਵੀ ਦੇ ਤੌਰ ਤੇ ਮਸ਼ਹੂਰ ਹਨ।
3. ਕਰੁਨਾ ਰਸ: ਜਿੱਥੇ ਸ਼ੋਕ ਦੇ ਸਥਾਈ ਭਾਵ ਦੀ ਪੁਸ਼ਟੀ ਹੋਵੇ, ਉੱਥੇ ਕਰੁਣਾ ਰਸ ਦਾ ਪ੍ਰਗਟਾਵਾ ਹੁੰਦਾ ਹੈ। ਮਨੁੱਖ ਆਪਣੇ ਪਿਆਰ ਦੇ ਵਿਯੋਗ ਵਿੱਚ ਕੁਰਲਾ ਉਠਦਾ ਹੈ ਤਾਂ ਉਸ ਵੇਲੇ ਕਰੁਣਾ ਰਸ ਪੈਦਾ ਹੁੰਦਾ ਹੈ।
4. ਰੌਦਰ ਰਸ: ਰੌਦਰ ਰਸ ਦਾ ਸਥਾਈ ਭਾਵ ਕਰੋਧ ਹੈ। ਇਹ ਬੇਇਜ਼ਤੀ, ਨਿਰਾਦਰੀ, ਛੇੜਖਾਨੀ ਜਾਂ ਅਪਮਾਨ ਦੇ ਰੂਪ ਵਿੱਚ ਪੈਦਾ ਹੁੰਦਾ ਹੈ।
5. ਵੀਰ ਰਸ: ਜਿੱਥੇ ਜੰਗਾਂ-ਯੁੱਧਾਂ ਅੰਦਰ ਵੀਰਤਾ ਦਿਖਾਉਣ ਦਾ ਉਤਸ਼ਾਹ ਹੁੰਦਾ ਹੈ, ਉੱਥੇ ਵੀਰ ਰਸ ਝਲਕਦਾ ਹੈ। ਪੰਜਾਬੀ ਦੇ ਵਾਰ ਸਾਹਿਤ ਵਿੱਚ ਗੁਰੂ ਗੋਬਿੰਦ ਸਿੰਘ ਰਚਿਤ 'ਚੰਡੀ ਦੀ ਵਾਰ', 'ਨਜਾਬਤ ਦੀ ਵਾਰ', ਵੀਰ ਰਸ ਦੀਆਂ ਉਦਾਹਰਨਾਂ ਹਨ।
6. ਭਿਆਨਕ ਰਸ: ਕਿਸੇ ਡਰਾਉਣੀ ਸ਼ੈਅ (ਵਸਤੂ) ਨੂੰ ਵੇਖਣ-ਸੁਣਨ ਤੇ ਮਨ ਵਿੱਚ ਜੋ ਭੈਅ ਉਤਪੰਨ ਹੁੰਦਾ ਹੈ, ਉਸ ਵਿੱਚੋਂ ਭਿਆਨਕ ਰਸ ਨਿਕਲਦਾ ਹੈ। ਇਸ ਰਸ ਦਾ ਸਥਾਈ ਭਾਵ 'ਭੈਅ' ਹੈ।
7. ਵੀਭਤਸ ਰਸ: ਰੱਤ-ਲਹੂ ਅਤੇ ਮਾਸ-ਮਿਝ ਦੀ ਸਿੱਧੀ ਬਿਆਨਬਾਜ਼ੀ ਹੀ ਵੀਭਤਸ ਰਸ ਦੀ ਇੱਕੋ-ਇੱਕ ਸਮੱਗਰੀ ਨਹੀਂ, ਸਗੋਂ ਵਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤੂਆਂ ਤੇ ਘਟਨਾਵਾਂ ਦੀ ਕਲਪਨਾ ਵੀ ਵੀਭਤਸ ਰਸ ਅਖਵਾਉਂਦੀ ਹੈ।
8. ਅਦਭੁੱਤ ਰਸ: ਹੈਰਾਨੀਜਨਕ ਗੱਲਾਂ, ਅਦਭੁਤ ਘਟਨਾਵਾਂ, ਪੜ੍ਹਨ ਜਾਂ ਸੁਣਨ ਕਰਕੇ ਪਾਠਕਾਂ ਦੇ ਮਨ ਵਿੱਚ ਜਦੋਂ 'ਅਸਚਰਜਤਾ' ਦਾ ਭਾਵ ਪੈਦਾ ਕਰਦੇ ਹਨ ਤਾਂ ਉਹ ਅਦਭੁਤ ਰਸ ਕਹਿਲਾਉਂਦੇ ਹਨ।
9. ਸ਼ਾਂਤ ਰਸ: ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ' ਹੈ। ਜਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਸ ਨੂੰ ਸ਼ਾਂਤ ਰਸ ਕਿਹਾ ਜਾਂਦਾ ਹੈ।
“ਕਾਵਿ ਯਾਤਰਾ” : ਵਿਸ਼ੇਗਤ ਅਧਿਐਨ
ਡਾ. ਵਿਨੈਨੀਤ ਕੌਰ
ਭਾਗ-1
ਪਾਠ ਪੁਸਤਕ "ਕਾਵਿ ਯਾਤਰਾ" ਨਾਲ ਸੰਬੰਧਤ ਇਨ੍ਹਾਂ ਪਰਚਿਆਂ ਨੂੰ ਲਿਖਣ ਲਈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਪਰਚੇ ਵਿੱਚ ਇਸ ਪਾਠ ਪੁਸਤਕ ਵਿਚਲੇ ਪਹਿਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਵਿਚਾਰਿਆ ਜਾਵੇਗਾ ਅਤੇ ਦੂਜੇ ਪਰਚੇ ਵਿੱਚ ਅਗਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਚਰਚਾ ਕਰਾਂਗੇ।
"ਕਾਵਿ ਯਾਤਰਾ" ਪਾਠ ਪੁਸਤਕ ਵਿੱਚ ਸਭ ਤੋਂ ਪਹਿਲਾਂ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੂੰ ਲਿਆ ਗਿਆ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਨਾਲ-ਨਾਲ ਕੁਦਰਤ ਦੇ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਦਾ ਸੰਬੰਧ ਅਧਿਆਤਮਵਾਦ ਨਾਲ ਹੈ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਵਿਸ਼ਾ ਕੁਦਰਤ ਅਤੇ ਕਾਦਰ ਭਾਵ ਇਸ ਸ੍ਰਿਸ਼ਟੀ ਦੇ ਰਚਨਹਾਰ ਨਾਲ ਸੰਬੰਧਤ ਹੈ। ਇਸ ਲੋਕ, ਇਸ ਦੁਨੀਆਂ ਦੀ ਗੱਲ ਕਰਦਿਆਂ ਉਸਦੀਆਂ ਰਚਨਾਵਾਂ ਵਿੱਚ ਦੂਜੀ ਦੁਨੀਆਂ ਦਾ ਅਹਿਸਾਸ, ਪਰਮਾਤਮਾ ਨਾਲ ਮੇਲ ਦੀਆਂ ਗੱਲਾਂ ਉਸਦੀਆਂ ਕਵਿਤਾਵਾਂ ਦੀ ਪ੍ਰਧਾਨ ਸੁਰ ਹੈ। ਸਾਡੀ ਪਾਠ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ ਤਿੰਨ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, 'ਕੰਬਦੀ ਕਲਾਈ', 'ਤ੍ਰੇਲ ਤੁਪਕਾ' ਅਤੇ ‘ਹੋਸ਼ ਮਸਤੀ’। ਤਿੰਨੋਂ ਹੀ ਕਵਿਤਾਵਾਂ ਵਿੱਚ ਰਹੱਸ ਦੀ ਗੱਲ ਕੀਤੀ ਗਈ ਹੈ। ਅਧਿਆਤਮਵਾਦ, ਪਰਮਾਤਮਾ ਨਾਲ ਮੇਲ-ਅਮੇਲ ਦਾ ਜ਼ਿਕਰ ਇਨ੍ਹਾਂ ਕਵਿਤਾਵਾਂ ਵਿੱਚ ਕੀਤਾ ਗਿਆ ਹੈ।
ਕਵਿਤਾ 'ਕੰਬਦੀ ਕਲਾਈ’ ਵਿੱਚ ਕਵੀ ਨੇ ਰਹੱਸ ਦਾ ਚਿਤਰਨ ਕੀਤਾ ਹੈ। ਸਾਰੀ ਕਵਿਤਾ ਵਿੱਚ ਅਰੰਭ ਤੋਂ ਅੰਤ ਤੱਕ ਇੱਕ ਰਹੱਸ ਦਾ ਵਾਰਤਾਲਾਪ ਸਿਰਜਿਆ ਹੈ। ਇਹ ਕਵਿਤਾ ਸੁਪਨੇ ਅਤੇ ਸੁਚੇਤਨਾ ਦਾ ਸੁਮੇਲ ਹੈ। ਕਵਿਤਾ ਦੇ ਅਰੰਭ ਵਿੱਚ ਸੁਪਨੇ ਵਿੱਚ ਮਿਲਣ ਦਾ ਅਹਿਸਾਸ ਹੈ ਪਰ, ਮੇਲ ਨਹੀਂ ਹੋਇਆ 'ਨਿਰਾ ਨੂਰ' ਇੱਕ ਅਹਿਸਾਸ ਹੈ ਪ੍ਰਕਾਸ਼ ਦਾ ਪਰ, ਪ੍ਰਾਪਤੀ ਨਹੀਂ। ਨਿਕਟ ਹੈ ਪਰ ਹੱਥ ਨਹੀਂ ਆਉਂਦਾ। ਇਹ ਇੱਕ ਰਹੱਸ ਹੈ, ਪਰਮਾਤਮਾ/ਸੱਜਣ ਸੁਪਨੇ ਵਿੱਚ ਮਿਲੇ ਪਰ ਹੱਥ ਨਾ ਆਏ। ਇਸ ਤੋਂ ਅਗਲੇ ਬੰਦ ਵਿੱਚ ਇਹੀ ਰਹੱਸ ਫੇਰ ਦਿਸਦਾ ਹੈ,
"ਧਾ ਚਰਨਾਂ ਤੇ ਸੀਸ ਨਿਵਾਇਆ"
ਪਰ ਫਿਰ ਵੀ ਕੋਈ ਛੁਹ ਨਾ ਪਾਈ ਭਾਵ ਹਾਲੇ ਵੀ ਮੇਲ ਨਾ ਹੋ ਸਕਿਆ। ਸੰਪੂਰਨ ਕਵਿਤਾ ਵਿੱਚ ਇਕ ਤਨਾਉ ਹੈ ਪਰ, ਤਨਾਉ ਕਾਰਨ ਕੋਈ ਅਸ਼ਾਂਤੀ ਦਾ ਅਹਿਸਾਸ ਬਿਲਕੁਲ ਨਹੀਂ ਹੈ।
"ਤੁਸੀਂ ਉੱਚੇ ਅਸੀਂ ਨੀਵੇਂ ਸਾਂ"
ਇਹ ਅੰਤਰ ਪਰਮਾਤਮਾ ਤੇ ਜੀਵਾਤਮਾ ਦਾ ਹੈ। ਪਰਮਾਤਮਾ ਸਬਦ ਹੀ ਜੀਵਾਂ ਤੋਂ ਉੱਚਾ ਹੈ, ਪਹੁੰਚ ਤੋਂ ਬਾਹਰ ਹੈ, ਉਸ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਵਾਰੀ ਫੇਰ ਮਿਲਣ ਦਾ, ਮੇਲ ਦਾ ਯਤਨ ਕਰਦਾ ਹੈ ਅਤੇ ਇਸ ਵਾਰ ਪ੍ਰਾਪਤੀ, ਮਿਲਾਪ ਹੋ ਜਾਂਦਾ ਹੈ :
“ਉਡਦਾ ਜਾਂਦਾ, ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ"
ਛੁਹ ਦਾ ਅਹਿਸਾਸ, ਪ੍ਰਾਪਤੀ ਨਾਲ ਮੋਈ ਮਿੱਟੀ ਵੀ ਚਮਕ ਉੱਠੀ ਅਤੇ ਲੂੰ-ਲੂੰ ਵਿੱਚ ਉਨ੍ਹਾਂ ਦੀ ਛੁਹ ਦਾ ਅਹਿਸਾਸ, ਹਰ ਪਾਸੇ ਖੁਸ਼ੀ ਹੈ, ਚਕਾਚੂੰਧ ਛਾ ਗਈ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਇਕ ਰਹੱਸ ਫੈਲਿਆ ਹੋਇਆ ਹੈ। ਸਭ ਕੁਝ ਕਵੀ ਦੇ ਆਲੇ-ਦੁਆਲੇ ਹੈ ਪਰ ਨਜ਼ਰ ਨਹੀਂ ਆਉਂਦਾ ਅਤੇ ਅੰਤ ਵਿੱਚ ਮਿਲਾਪ, ਪ੍ਰਾਪਤੀ ਦਾ ਅਹਿਸਾਸ ਅਤੇ ਪ੍ਰਭਾਵ ਕਵਿਤਾ ਵਿੱਚ ਪ੍ਰਤੱਖ ਨਜ਼ਰ ਆਉਂਦਾ ਹੈ।
'ਤ੍ਰੇਲ ਤੁਪਕਾ' ਕਵਿਤਾ ਵੀ ਇੱਕ ਰਹੱਸਵਾਦੀ ਕਵਿਤਾ ਹੈ। ਭਾਈ ਵੀਰ ਸਿੰਘ ਨੇ ਇਸ ਕਵਿਤਾ ਵਿਚਲੇ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾਇਆ ਹੈ। ਤ੍ਰੇਲ ਤੁਪਕਾ ਗੁਲਾਬ ਦੇ ਫੁੱਲ ਦੀ ਗੋਦ ਵਿੱਚ ਬੈਠ ਕੇ ਮੋਤੀ ਵਾਂਗ ਚਮਕਦਾ, ਖੇਡਾਂ ਕਰਦਾ ਹੋਰ ਵੀ ਰੂਪਵਾਨ ਹੋ ਗਿਆ ਹੈ। ਕਵੀ ਕਹਿੰਦਾ ਹੈ ਕਿ ਅਰਸ਼ ਤੋਂ ਹਿਕ ਧੁੱਪ ਦੀ ਕਿਰਨ ਆਵੇਗੀ ਅਤੇ ਇਸ ਨੂੰ ਆਪਣੇ ਅੰਦਰ ਲੁਕਾ ਲਵੇਗੀ, ਕਿਉਂਕਿ ਹਵਾ ਦਾ ਝੋਂਕਾ ਇਸ ਨੂੰ ਧਰਤੀ ਤੇ ਡੇਗ ਸਕਦਾ ਹੈ। ਇੱਕ ਪਿਆਰ ਦੀ ਖਿੱਚ ਹੀ ਇਸ ਨੂੰ ਗੁਲਾਬ ਦੀ ਗੋਦ ਵਿੱਚ ਲਿਆਈ ਸੀ, ਜਿਸ ਨਾਲ ਇਹ ਤੁਪਕਾ ਅਰੂਪ ਤੋਂ ਰੂਪਵਾਨ ਹੋ ਗਿਆ ਭਾਵ ਇਸ ਨੇ ਸ਼ਕਲ ਪ੍ਰਾਪਤ ਕਰ ਲਈ, ਪਰ ਅਰਸ਼ਾਂ ਵਿੱਚ ਵੱਸਦਾ ਪਰਮਾਤਮਾ ਇਸ ਨੂੰ ਫੇਰ ਅਰਸ਼ੀ ਕਿਰਨ ਦੇ ਜ਼ਰੀਏ ਰੂਪ ਤੋਂ ਅਰੂਪ ਕਰ ਦਿੰਦਾ ਹੈ ਅਤੇ ਇਹ ਫੇਰ ਉਸ ਪ੍ਰਮਾਤਮਾ ਕੋਲ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰਕ ਖੇਡ ਹੈ, ਜੀਵਾਤਮਾ ਸੰਸਾਰ ਵਿੱਚ ਆਉਂਦੀ ਤੇ ਫੇਰ ਅੰਤਰ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਵੀ ਨੇ ਤ੍ਰੇਲ ਤੁਪਕੇ ਦੇ ਪ੍ਰਤੀਕ ਰਾਹੀਂ ਪ੍ਰਕਿਰਤੀ, ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਰਹੱਸ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਭਾਈ ਵੀਰ ਸਿੰਘ ਨੇ ਆਪਣੀ ਅਗਲੀ ਕਵਿਤਾ 'ਹੋਸ਼ ਮਸਤੀ' ਵਿੱਚ ਚੇਤਨ ਅਤੇ ਅਚੇਤ ਮਨੁੱਖ ਦੀ ਸਥਿਤੀ ਬਾਰੇ ਦੱਸਿਆ ਹੈ। ਕਵੀ ਅਨੁਸਾਰ ਚੇਤਨ ਮਨੁੱਖ ਤਨਾਉ ਦੀ ਸਥਿਤੀ ਵਿੱਚ ਰਹਿੰਦਾ ਹੈ ਅਤੇ ਅਚੇਤ ਮਨੁੱਖ ਸਦਾ ਤਨਾਉ ਰਹਿਤ ਸਥਿਤੀ ਵਿੱਚ। ਕਵੀ ਅਨੁਸਾਰ ਮਸਤੀ ਭਾਵ ਅਚੇਤ ਮਨੁੱਖ ਦੀ ਸਥਿਤੀ ਜਿਆਦਾ ਚੰਗੀ ਹੈ। ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ... ਆਪਣੇ ਆਲੇ-ਦੁਆਲੇ ਬਾਰੇ ਜਾਨਣ ਦੀ ਇੱਛਾ, ਅਜਿਹੀਆਂ ਗੱਲਾਂ ਹੀ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਇਨ੍ਹਾਂ ਗੱਲਾਂ ਦਾ ਹੱਲ ਲੱਭਦਿਆਂ ਲੱਭਦਿਆਂ ਉਮਰਾਂ ਬੀਤ ਜਾਂਦੀਆਂ ਹਨ। ਦੂਜੇ ਪਾਸੇ ਮਸਤੀ 'ਚ ਰਹਿਣ ਵਾਲਾ ਮਨੁੱਖ ਸਦਾ ਨਿਸ਼ਚਿਤ ਅਤੇ ਮਸਤ ਰਹਿੰਦਾ ਹੈ ਜੋ ਨਿਸ਼ਚਿਤ ਹੀ ਹੋਸ਼ ਵਿੱਚ ਰਹਿਣ ਵਾਲੇ ਮਨੁੱਖ ਨਾਲੋਂ ਬਿਹਤਰ ਹੈ।
ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦਾ ਭਾਈ ਵੀਰ ਸਿੰਘ ਤੋਂ ਅਗਲਾ ਕਵੀ ਹੈ। "ਕਾਵਿ ਯਾਤਰਾ" ਵਿੱਚ ਇਸਦੀਆਂ ਦੋ ਕਵਿਤਾਵਾਂ ਲਈਆਂ ਗਈਆਂ ਹਨ-ਵਿਸਾਖੀ ਦਾ ਮੇਲਾ' ਅਤੇ 'ਸਮੇਂ ਦੀ ਬਹਾਰ' । 'ਸਮੇਂ ਦੀ ਬਹਾਰ' ਚਾਤ੍ਰਿਕ ਦਾ ਗੀਤ ਹੈ। ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪੰਜਾਬੀਅਤ ਅਤੇ ਪੰਜਾਬ ਪਿਆਰ ਹੈ। ਉਸ ਦੀ ਕਵਿਤਾ 'ਵਿਸਾਖੀ ਦਾ ਮੇਲਾ' ਪੰਜਾਬ ਦੇ ਸਭ ਤੋਂ ਵੱਧ ਧੂਮਧਾਮ ਨਾਲ ਮਨਾਏ ਜਾਣ ਵਾਲੇ ਵਿਸਾਖੀ ਦੇ ਮੇਲੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਕਵੀ ਨੇ ਵਿਸਾਖੀ ਦੇ ਮੇਲੇ ਦੇ ਸਮੇਂ, ਕਿਸਾਨਾਂ ਦੇ ਕੰਮਾਂ, ਫਸਲਾਂ, ਮੌਸਮ, ਬਨਸਪਤੀ ਦਾ ਬਹੁਤ ਖੂਬਸੂਰਤ ਚਿਤਰਨ ਇਸ ਕਵਿਤਾ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਮੇਲੇ ਦੀਆਂ ਗਤੀਵਿਧੀਆਂ, ਕੱਪੜੇ, ਢੋਲ, ਨਾਚ ਮੇਲੇ ਦਾ ਦ੍ਰਿਸ਼, ਪੰਜਾਬ ਦੇ ਲੋਕਾਂ ਦਾ ਵਿਰਸਾ ਅਤੇ ਸੱਭਿਆਚਾਰ ਆਦਿ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ।