“ਕਾਵਿ ਯਾਤਰਾ” : ਵਿਸ਼ੇਗਤ ਅਧਿਐਨ
ਡਾ. ਵਿਨੈਨੀਤ ਕੌਰ
ਭਾਗ-1
ਪਾਠ ਪੁਸਤਕ "ਕਾਵਿ ਯਾਤਰਾ" ਨਾਲ ਸੰਬੰਧਤ ਇਨ੍ਹਾਂ ਪਰਚਿਆਂ ਨੂੰ ਲਿਖਣ ਲਈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਪਰਚੇ ਵਿੱਚ ਇਸ ਪਾਠ ਪੁਸਤਕ ਵਿਚਲੇ ਪਹਿਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਵਿਚਾਰਿਆ ਜਾਵੇਗਾ ਅਤੇ ਦੂਜੇ ਪਰਚੇ ਵਿੱਚ ਅਗਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਚਰਚਾ ਕਰਾਂਗੇ।
"ਕਾਵਿ ਯਾਤਰਾ" ਪਾਠ ਪੁਸਤਕ ਵਿੱਚ ਸਭ ਤੋਂ ਪਹਿਲਾਂ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੂੰ ਲਿਆ ਗਿਆ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਨਾਲ-ਨਾਲ ਕੁਦਰਤ ਦੇ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਦਾ ਸੰਬੰਧ ਅਧਿਆਤਮਵਾਦ ਨਾਲ ਹੈ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਵਿਸ਼ਾ ਕੁਦਰਤ ਅਤੇ ਕਾਦਰ ਭਾਵ ਇਸ ਸ੍ਰਿਸ਼ਟੀ ਦੇ ਰਚਨਹਾਰ ਨਾਲ ਸੰਬੰਧਤ ਹੈ। ਇਸ ਲੋਕ, ਇਸ ਦੁਨੀਆਂ ਦੀ ਗੱਲ ਕਰਦਿਆਂ ਉਸਦੀਆਂ ਰਚਨਾਵਾਂ ਵਿੱਚ ਦੂਜੀ ਦੁਨੀਆਂ ਦਾ ਅਹਿਸਾਸ, ਪਰਮਾਤਮਾ ਨਾਲ ਮੇਲ ਦੀਆਂ ਗੱਲਾਂ ਉਸਦੀਆਂ ਕਵਿਤਾਵਾਂ ਦੀ ਪ੍ਰਧਾਨ ਸੁਰ ਹੈ। ਸਾਡੀ ਪਾਠ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ ਤਿੰਨ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, 'ਕੰਬਦੀ ਕਲਾਈ', 'ਤ੍ਰੇਲ ਤੁਪਕਾ' ਅਤੇ ‘ਹੋਸ਼ ਮਸਤੀ’। ਤਿੰਨੋਂ ਹੀ ਕਵਿਤਾਵਾਂ ਵਿੱਚ ਰਹੱਸ ਦੀ ਗੱਲ ਕੀਤੀ ਗਈ ਹੈ। ਅਧਿਆਤਮਵਾਦ, ਪਰਮਾਤਮਾ ਨਾਲ ਮੇਲ-ਅਮੇਲ ਦਾ ਜ਼ਿਕਰ ਇਨ੍ਹਾਂ ਕਵਿਤਾਵਾਂ ਵਿੱਚ ਕੀਤਾ ਗਿਆ ਹੈ।
ਕਵਿਤਾ 'ਕੰਬਦੀ ਕਲਾਈ’ ਵਿੱਚ ਕਵੀ ਨੇ ਰਹੱਸ ਦਾ ਚਿਤਰਨ ਕੀਤਾ ਹੈ। ਸਾਰੀ ਕਵਿਤਾ ਵਿੱਚ ਅਰੰਭ ਤੋਂ ਅੰਤ ਤੱਕ ਇੱਕ ਰਹੱਸ ਦਾ ਵਾਰਤਾਲਾਪ ਸਿਰਜਿਆ ਹੈ। ਇਹ ਕਵਿਤਾ ਸੁਪਨੇ ਅਤੇ ਸੁਚੇਤਨਾ ਦਾ ਸੁਮੇਲ ਹੈ। ਕਵਿਤਾ ਦੇ ਅਰੰਭ ਵਿੱਚ ਸੁਪਨੇ ਵਿੱਚ ਮਿਲਣ ਦਾ ਅਹਿਸਾਸ ਹੈ ਪਰ, ਮੇਲ ਨਹੀਂ ਹੋਇਆ 'ਨਿਰਾ ਨੂਰ' ਇੱਕ ਅਹਿਸਾਸ ਹੈ ਪ੍ਰਕਾਸ਼ ਦਾ ਪਰ, ਪ੍ਰਾਪਤੀ ਨਹੀਂ। ਨਿਕਟ ਹੈ ਪਰ ਹੱਥ ਨਹੀਂ ਆਉਂਦਾ। ਇਹ ਇੱਕ ਰਹੱਸ ਹੈ, ਪਰਮਾਤਮਾ/ਸੱਜਣ ਸੁਪਨੇ ਵਿੱਚ ਮਿਲੇ ਪਰ ਹੱਥ ਨਾ ਆਏ। ਇਸ ਤੋਂ ਅਗਲੇ ਬੰਦ ਵਿੱਚ ਇਹੀ ਰਹੱਸ ਫੇਰ ਦਿਸਦਾ ਹੈ,
"ਧਾ ਚਰਨਾਂ ਤੇ ਸੀਸ ਨਿਵਾਇਆ"
ਪਰ ਫਿਰ ਵੀ ਕੋਈ ਛੁਹ ਨਾ ਪਾਈ ਭਾਵ ਹਾਲੇ ਵੀ ਮੇਲ ਨਾ ਹੋ ਸਕਿਆ। ਸੰਪੂਰਨ ਕਵਿਤਾ ਵਿੱਚ ਇਕ ਤਨਾਉ ਹੈ ਪਰ, ਤਨਾਉ ਕਾਰਨ ਕੋਈ ਅਸ਼ਾਂਤੀ ਦਾ ਅਹਿਸਾਸ ਬਿਲਕੁਲ ਨਹੀਂ ਹੈ।
"ਤੁਸੀਂ ਉੱਚੇ ਅਸੀਂ ਨੀਵੇਂ ਸਾਂ"