ਇਹ ਅੰਤਰ ਪਰਮਾਤਮਾ ਤੇ ਜੀਵਾਤਮਾ ਦਾ ਹੈ। ਪਰਮਾਤਮਾ ਸਬਦ ਹੀ ਜੀਵਾਂ ਤੋਂ ਉੱਚਾ ਹੈ, ਪਹੁੰਚ ਤੋਂ ਬਾਹਰ ਹੈ, ਉਸ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਵਾਰੀ ਫੇਰ ਮਿਲਣ ਦਾ, ਮੇਲ ਦਾ ਯਤਨ ਕਰਦਾ ਹੈ ਅਤੇ ਇਸ ਵਾਰ ਪ੍ਰਾਪਤੀ, ਮਿਲਾਪ ਹੋ ਜਾਂਦਾ ਹੈ :
“ਉਡਦਾ ਜਾਂਦਾ, ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ"
ਛੁਹ ਦਾ ਅਹਿਸਾਸ, ਪ੍ਰਾਪਤੀ ਨਾਲ ਮੋਈ ਮਿੱਟੀ ਵੀ ਚਮਕ ਉੱਠੀ ਅਤੇ ਲੂੰ-ਲੂੰ ਵਿੱਚ ਉਨ੍ਹਾਂ ਦੀ ਛੁਹ ਦਾ ਅਹਿਸਾਸ, ਹਰ ਪਾਸੇ ਖੁਸ਼ੀ ਹੈ, ਚਕਾਚੂੰਧ ਛਾ ਗਈ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਇਕ ਰਹੱਸ ਫੈਲਿਆ ਹੋਇਆ ਹੈ। ਸਭ ਕੁਝ ਕਵੀ ਦੇ ਆਲੇ-ਦੁਆਲੇ ਹੈ ਪਰ ਨਜ਼ਰ ਨਹੀਂ ਆਉਂਦਾ ਅਤੇ ਅੰਤ ਵਿੱਚ ਮਿਲਾਪ, ਪ੍ਰਾਪਤੀ ਦਾ ਅਹਿਸਾਸ ਅਤੇ ਪ੍ਰਭਾਵ ਕਵਿਤਾ ਵਿੱਚ ਪ੍ਰਤੱਖ ਨਜ਼ਰ ਆਉਂਦਾ ਹੈ।
'ਤ੍ਰੇਲ ਤੁਪਕਾ' ਕਵਿਤਾ ਵੀ ਇੱਕ ਰਹੱਸਵਾਦੀ ਕਵਿਤਾ ਹੈ। ਭਾਈ ਵੀਰ ਸਿੰਘ ਨੇ ਇਸ ਕਵਿਤਾ ਵਿਚਲੇ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾਇਆ ਹੈ। ਤ੍ਰੇਲ ਤੁਪਕਾ ਗੁਲਾਬ ਦੇ ਫੁੱਲ ਦੀ ਗੋਦ ਵਿੱਚ ਬੈਠ ਕੇ ਮੋਤੀ ਵਾਂਗ ਚਮਕਦਾ, ਖੇਡਾਂ ਕਰਦਾ ਹੋਰ ਵੀ ਰੂਪਵਾਨ ਹੋ ਗਿਆ ਹੈ। ਕਵੀ ਕਹਿੰਦਾ ਹੈ ਕਿ ਅਰਸ਼ ਤੋਂ ਹਿਕ ਧੁੱਪ ਦੀ ਕਿਰਨ ਆਵੇਗੀ ਅਤੇ ਇਸ ਨੂੰ ਆਪਣੇ ਅੰਦਰ ਲੁਕਾ ਲਵੇਗੀ, ਕਿਉਂਕਿ ਹਵਾ ਦਾ ਝੋਂਕਾ ਇਸ ਨੂੰ ਧਰਤੀ ਤੇ ਡੇਗ ਸਕਦਾ ਹੈ। ਇੱਕ ਪਿਆਰ ਦੀ ਖਿੱਚ ਹੀ ਇਸ ਨੂੰ ਗੁਲਾਬ ਦੀ ਗੋਦ ਵਿੱਚ ਲਿਆਈ ਸੀ, ਜਿਸ ਨਾਲ ਇਹ ਤੁਪਕਾ ਅਰੂਪ ਤੋਂ ਰੂਪਵਾਨ ਹੋ ਗਿਆ ਭਾਵ ਇਸ ਨੇ ਸ਼ਕਲ ਪ੍ਰਾਪਤ ਕਰ ਲਈ, ਪਰ ਅਰਸ਼ਾਂ ਵਿੱਚ ਵੱਸਦਾ ਪਰਮਾਤਮਾ ਇਸ ਨੂੰ ਫੇਰ ਅਰਸ਼ੀ ਕਿਰਨ ਦੇ ਜ਼ਰੀਏ ਰੂਪ ਤੋਂ ਅਰੂਪ ਕਰ ਦਿੰਦਾ ਹੈ ਅਤੇ ਇਹ ਫੇਰ ਉਸ ਪ੍ਰਮਾਤਮਾ ਕੋਲ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰਕ ਖੇਡ ਹੈ, ਜੀਵਾਤਮਾ ਸੰਸਾਰ ਵਿੱਚ ਆਉਂਦੀ ਤੇ ਫੇਰ ਅੰਤਰ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਵੀ ਨੇ ਤ੍ਰੇਲ ਤੁਪਕੇ ਦੇ ਪ੍ਰਤੀਕ ਰਾਹੀਂ ਪ੍ਰਕਿਰਤੀ, ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਰਹੱਸ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਭਾਈ ਵੀਰ ਸਿੰਘ ਨੇ ਆਪਣੀ ਅਗਲੀ ਕਵਿਤਾ 'ਹੋਸ਼ ਮਸਤੀ' ਵਿੱਚ ਚੇਤਨ ਅਤੇ ਅਚੇਤ ਮਨੁੱਖ ਦੀ ਸਥਿਤੀ ਬਾਰੇ ਦੱਸਿਆ ਹੈ। ਕਵੀ ਅਨੁਸਾਰ ਚੇਤਨ ਮਨੁੱਖ ਤਨਾਉ ਦੀ ਸਥਿਤੀ ਵਿੱਚ ਰਹਿੰਦਾ ਹੈ ਅਤੇ ਅਚੇਤ ਮਨੁੱਖ ਸਦਾ ਤਨਾਉ ਰਹਿਤ ਸਥਿਤੀ ਵਿੱਚ। ਕਵੀ ਅਨੁਸਾਰ ਮਸਤੀ ਭਾਵ ਅਚੇਤ ਮਨੁੱਖ ਦੀ ਸਥਿਤੀ ਜਿਆਦਾ ਚੰਗੀ ਹੈ। ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ... ਆਪਣੇ ਆਲੇ-ਦੁਆਲੇ ਬਾਰੇ ਜਾਨਣ ਦੀ ਇੱਛਾ, ਅਜਿਹੀਆਂ ਗੱਲਾਂ ਹੀ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਇਨ੍ਹਾਂ ਗੱਲਾਂ ਦਾ ਹੱਲ ਲੱਭਦਿਆਂ ਲੱਭਦਿਆਂ ਉਮਰਾਂ ਬੀਤ ਜਾਂਦੀਆਂ ਹਨ। ਦੂਜੇ ਪਾਸੇ ਮਸਤੀ 'ਚ ਰਹਿਣ ਵਾਲਾ ਮਨੁੱਖ ਸਦਾ ਨਿਸ਼ਚਿਤ ਅਤੇ ਮਸਤ ਰਹਿੰਦਾ ਹੈ ਜੋ ਨਿਸ਼ਚਿਤ ਹੀ ਹੋਸ਼ ਵਿੱਚ ਰਹਿਣ ਵਾਲੇ ਮਨੁੱਖ ਨਾਲੋਂ ਬਿਹਤਰ ਹੈ।
ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦਾ ਭਾਈ ਵੀਰ ਸਿੰਘ ਤੋਂ ਅਗਲਾ ਕਵੀ ਹੈ। "ਕਾਵਿ ਯਾਤਰਾ" ਵਿੱਚ ਇਸਦੀਆਂ ਦੋ ਕਵਿਤਾਵਾਂ ਲਈਆਂ ਗਈਆਂ ਹਨ-ਵਿਸਾਖੀ ਦਾ ਮੇਲਾ' ਅਤੇ 'ਸਮੇਂ ਦੀ ਬਹਾਰ' । 'ਸਮੇਂ ਦੀ ਬਹਾਰ' ਚਾਤ੍ਰਿਕ ਦਾ ਗੀਤ ਹੈ। ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪੰਜਾਬੀਅਤ ਅਤੇ ਪੰਜਾਬ ਪਿਆਰ ਹੈ। ਉਸ ਦੀ ਕਵਿਤਾ 'ਵਿਸਾਖੀ ਦਾ ਮੇਲਾ' ਪੰਜਾਬ ਦੇ ਸਭ ਤੋਂ ਵੱਧ ਧੂਮਧਾਮ ਨਾਲ ਮਨਾਏ ਜਾਣ ਵਾਲੇ ਵਿਸਾਖੀ ਦੇ ਮੇਲੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਕਵੀ ਨੇ ਵਿਸਾਖੀ ਦੇ ਮੇਲੇ ਦੇ ਸਮੇਂ, ਕਿਸਾਨਾਂ ਦੇ ਕੰਮਾਂ, ਫਸਲਾਂ, ਮੌਸਮ, ਬਨਸਪਤੀ ਦਾ ਬਹੁਤ ਖੂਬਸੂਰਤ ਚਿਤਰਨ ਇਸ ਕਵਿਤਾ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਮੇਲੇ ਦੀਆਂ ਗਤੀਵਿਧੀਆਂ, ਕੱਪੜੇ, ਢੋਲ, ਨਾਚ ਮੇਲੇ ਦਾ ਦ੍ਰਿਸ਼, ਪੰਜਾਬ ਦੇ ਲੋਕਾਂ ਦਾ ਵਿਰਸਾ ਅਤੇ ਸੱਭਿਆਚਾਰ ਆਦਿ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ।