“ਕਾਵਿ ਯਾਤਰਾ” : ਵਿਸ਼ੇਗਤ ਅਧਿਐਨ
ਡਾ. ਵਿਨੈਨੀਤ ਕੌਰ
ਭਾਗ-1
ਪਾਠ ਪੁਸਤਕ "ਕਾਵਿ ਯਾਤਰਾ" ਨਾਲ ਸੰਬੰਧਤ ਇਨ੍ਹਾਂ ਪਰਚਿਆਂ ਨੂੰ ਲਿਖਣ ਲਈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਪਰਚੇ ਵਿੱਚ ਇਸ ਪਾਠ ਪੁਸਤਕ ਵਿਚਲੇ ਪਹਿਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਵਿਚਾਰਿਆ ਜਾਵੇਗਾ ਅਤੇ ਦੂਜੇ ਪਰਚੇ ਵਿੱਚ ਅਗਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਚਰਚਾ ਕਰਾਂਗੇ।
"ਕਾਵਿ ਯਾਤਰਾ" ਪਾਠ ਪੁਸਤਕ ਵਿੱਚ ਸਭ ਤੋਂ ਪਹਿਲਾਂ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੂੰ ਲਿਆ ਗਿਆ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਨਾਲ-ਨਾਲ ਕੁਦਰਤ ਦੇ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਦਾ ਸੰਬੰਧ ਅਧਿਆਤਮਵਾਦ ਨਾਲ ਹੈ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਵਿਸ਼ਾ ਕੁਦਰਤ ਅਤੇ ਕਾਦਰ ਭਾਵ ਇਸ ਸ੍ਰਿਸ਼ਟੀ ਦੇ ਰਚਨਹਾਰ ਨਾਲ ਸੰਬੰਧਤ ਹੈ। ਇਸ ਲੋਕ, ਇਸ ਦੁਨੀਆਂ ਦੀ ਗੱਲ ਕਰਦਿਆਂ ਉਸਦੀਆਂ ਰਚਨਾਵਾਂ ਵਿੱਚ ਦੂਜੀ ਦੁਨੀਆਂ ਦਾ ਅਹਿਸਾਸ, ਪਰਮਾਤਮਾ ਨਾਲ ਮੇਲ ਦੀਆਂ ਗੱਲਾਂ ਉਸਦੀਆਂ ਕਵਿਤਾਵਾਂ ਦੀ ਪ੍ਰਧਾਨ ਸੁਰ ਹੈ। ਸਾਡੀ ਪਾਠ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ ਤਿੰਨ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, 'ਕੰਬਦੀ ਕਲਾਈ', 'ਤ੍ਰੇਲ ਤੁਪਕਾ' ਅਤੇ ‘ਹੋਸ਼ ਮਸਤੀ’। ਤਿੰਨੋਂ ਹੀ ਕਵਿਤਾਵਾਂ ਵਿੱਚ ਰਹੱਸ ਦੀ ਗੱਲ ਕੀਤੀ ਗਈ ਹੈ। ਅਧਿਆਤਮਵਾਦ, ਪਰਮਾਤਮਾ ਨਾਲ ਮੇਲ-ਅਮੇਲ ਦਾ ਜ਼ਿਕਰ ਇਨ੍ਹਾਂ ਕਵਿਤਾਵਾਂ ਵਿੱਚ ਕੀਤਾ ਗਿਆ ਹੈ।
ਕਵਿਤਾ 'ਕੰਬਦੀ ਕਲਾਈ’ ਵਿੱਚ ਕਵੀ ਨੇ ਰਹੱਸ ਦਾ ਚਿਤਰਨ ਕੀਤਾ ਹੈ। ਸਾਰੀ ਕਵਿਤਾ ਵਿੱਚ ਅਰੰਭ ਤੋਂ ਅੰਤ ਤੱਕ ਇੱਕ ਰਹੱਸ ਦਾ ਵਾਰਤਾਲਾਪ ਸਿਰਜਿਆ ਹੈ। ਇਹ ਕਵਿਤਾ ਸੁਪਨੇ ਅਤੇ ਸੁਚੇਤਨਾ ਦਾ ਸੁਮੇਲ ਹੈ। ਕਵਿਤਾ ਦੇ ਅਰੰਭ ਵਿੱਚ ਸੁਪਨੇ ਵਿੱਚ ਮਿਲਣ ਦਾ ਅਹਿਸਾਸ ਹੈ ਪਰ, ਮੇਲ ਨਹੀਂ ਹੋਇਆ 'ਨਿਰਾ ਨੂਰ' ਇੱਕ ਅਹਿਸਾਸ ਹੈ ਪ੍ਰਕਾਸ਼ ਦਾ ਪਰ, ਪ੍ਰਾਪਤੀ ਨਹੀਂ। ਨਿਕਟ ਹੈ ਪਰ ਹੱਥ ਨਹੀਂ ਆਉਂਦਾ। ਇਹ ਇੱਕ ਰਹੱਸ ਹੈ, ਪਰਮਾਤਮਾ/ਸੱਜਣ ਸੁਪਨੇ ਵਿੱਚ ਮਿਲੇ ਪਰ ਹੱਥ ਨਾ ਆਏ। ਇਸ ਤੋਂ ਅਗਲੇ ਬੰਦ ਵਿੱਚ ਇਹੀ ਰਹੱਸ ਫੇਰ ਦਿਸਦਾ ਹੈ,
"ਧਾ ਚਰਨਾਂ ਤੇ ਸੀਸ ਨਿਵਾਇਆ"
ਪਰ ਫਿਰ ਵੀ ਕੋਈ ਛੁਹ ਨਾ ਪਾਈ ਭਾਵ ਹਾਲੇ ਵੀ ਮੇਲ ਨਾ ਹੋ ਸਕਿਆ। ਸੰਪੂਰਨ ਕਵਿਤਾ ਵਿੱਚ ਇਕ ਤਨਾਉ ਹੈ ਪਰ, ਤਨਾਉ ਕਾਰਨ ਕੋਈ ਅਸ਼ਾਂਤੀ ਦਾ ਅਹਿਸਾਸ ਬਿਲਕੁਲ ਨਹੀਂ ਹੈ।
"ਤੁਸੀਂ ਉੱਚੇ ਅਸੀਂ ਨੀਵੇਂ ਸਾਂ"
ਇਹ ਅੰਤਰ ਪਰਮਾਤਮਾ ਤੇ ਜੀਵਾਤਮਾ ਦਾ ਹੈ। ਪਰਮਾਤਮਾ ਸਬਦ ਹੀ ਜੀਵਾਂ ਤੋਂ ਉੱਚਾ ਹੈ, ਪਹੁੰਚ ਤੋਂ ਬਾਹਰ ਹੈ, ਉਸ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਵਾਰੀ ਫੇਰ ਮਿਲਣ ਦਾ, ਮੇਲ ਦਾ ਯਤਨ ਕਰਦਾ ਹੈ ਅਤੇ ਇਸ ਵਾਰ ਪ੍ਰਾਪਤੀ, ਮਿਲਾਪ ਹੋ ਜਾਂਦਾ ਹੈ :
“ਉਡਦਾ ਜਾਂਦਾ, ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ"
ਛੁਹ ਦਾ ਅਹਿਸਾਸ, ਪ੍ਰਾਪਤੀ ਨਾਲ ਮੋਈ ਮਿੱਟੀ ਵੀ ਚਮਕ ਉੱਠੀ ਅਤੇ ਲੂੰ-ਲੂੰ ਵਿੱਚ ਉਨ੍ਹਾਂ ਦੀ ਛੁਹ ਦਾ ਅਹਿਸਾਸ, ਹਰ ਪਾਸੇ ਖੁਸ਼ੀ ਹੈ, ਚਕਾਚੂੰਧ ਛਾ ਗਈ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਇਕ ਰਹੱਸ ਫੈਲਿਆ ਹੋਇਆ ਹੈ। ਸਭ ਕੁਝ ਕਵੀ ਦੇ ਆਲੇ-ਦੁਆਲੇ ਹੈ ਪਰ ਨਜ਼ਰ ਨਹੀਂ ਆਉਂਦਾ ਅਤੇ ਅੰਤ ਵਿੱਚ ਮਿਲਾਪ, ਪ੍ਰਾਪਤੀ ਦਾ ਅਹਿਸਾਸ ਅਤੇ ਪ੍ਰਭਾਵ ਕਵਿਤਾ ਵਿੱਚ ਪ੍ਰਤੱਖ ਨਜ਼ਰ ਆਉਂਦਾ ਹੈ।
'ਤ੍ਰੇਲ ਤੁਪਕਾ' ਕਵਿਤਾ ਵੀ ਇੱਕ ਰਹੱਸਵਾਦੀ ਕਵਿਤਾ ਹੈ। ਭਾਈ ਵੀਰ ਸਿੰਘ ਨੇ ਇਸ ਕਵਿਤਾ ਵਿਚਲੇ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾਇਆ ਹੈ। ਤ੍ਰੇਲ ਤੁਪਕਾ ਗੁਲਾਬ ਦੇ ਫੁੱਲ ਦੀ ਗੋਦ ਵਿੱਚ ਬੈਠ ਕੇ ਮੋਤੀ ਵਾਂਗ ਚਮਕਦਾ, ਖੇਡਾਂ ਕਰਦਾ ਹੋਰ ਵੀ ਰੂਪਵਾਨ ਹੋ ਗਿਆ ਹੈ। ਕਵੀ ਕਹਿੰਦਾ ਹੈ ਕਿ ਅਰਸ਼ ਤੋਂ ਹਿਕ ਧੁੱਪ ਦੀ ਕਿਰਨ ਆਵੇਗੀ ਅਤੇ ਇਸ ਨੂੰ ਆਪਣੇ ਅੰਦਰ ਲੁਕਾ ਲਵੇਗੀ, ਕਿਉਂਕਿ ਹਵਾ ਦਾ ਝੋਂਕਾ ਇਸ ਨੂੰ ਧਰਤੀ ਤੇ ਡੇਗ ਸਕਦਾ ਹੈ। ਇੱਕ ਪਿਆਰ ਦੀ ਖਿੱਚ ਹੀ ਇਸ ਨੂੰ ਗੁਲਾਬ ਦੀ ਗੋਦ ਵਿੱਚ ਲਿਆਈ ਸੀ, ਜਿਸ ਨਾਲ ਇਹ ਤੁਪਕਾ ਅਰੂਪ ਤੋਂ ਰੂਪਵਾਨ ਹੋ ਗਿਆ ਭਾਵ ਇਸ ਨੇ ਸ਼ਕਲ ਪ੍ਰਾਪਤ ਕਰ ਲਈ, ਪਰ ਅਰਸ਼ਾਂ ਵਿੱਚ ਵੱਸਦਾ ਪਰਮਾਤਮਾ ਇਸ ਨੂੰ ਫੇਰ ਅਰਸ਼ੀ ਕਿਰਨ ਦੇ ਜ਼ਰੀਏ ਰੂਪ ਤੋਂ ਅਰੂਪ ਕਰ ਦਿੰਦਾ ਹੈ ਅਤੇ ਇਹ ਫੇਰ ਉਸ ਪ੍ਰਮਾਤਮਾ ਕੋਲ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰਕ ਖੇਡ ਹੈ, ਜੀਵਾਤਮਾ ਸੰਸਾਰ ਵਿੱਚ ਆਉਂਦੀ ਤੇ ਫੇਰ ਅੰਤਰ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਵੀ ਨੇ ਤ੍ਰੇਲ ਤੁਪਕੇ ਦੇ ਪ੍ਰਤੀਕ ਰਾਹੀਂ ਪ੍ਰਕਿਰਤੀ, ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਰਹੱਸ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਭਾਈ ਵੀਰ ਸਿੰਘ ਨੇ ਆਪਣੀ ਅਗਲੀ ਕਵਿਤਾ 'ਹੋਸ਼ ਮਸਤੀ' ਵਿੱਚ ਚੇਤਨ ਅਤੇ ਅਚੇਤ ਮਨੁੱਖ ਦੀ ਸਥਿਤੀ ਬਾਰੇ ਦੱਸਿਆ ਹੈ। ਕਵੀ ਅਨੁਸਾਰ ਚੇਤਨ ਮਨੁੱਖ ਤਨਾਉ ਦੀ ਸਥਿਤੀ ਵਿੱਚ ਰਹਿੰਦਾ ਹੈ ਅਤੇ ਅਚੇਤ ਮਨੁੱਖ ਸਦਾ ਤਨਾਉ ਰਹਿਤ ਸਥਿਤੀ ਵਿੱਚ। ਕਵੀ ਅਨੁਸਾਰ ਮਸਤੀ ਭਾਵ ਅਚੇਤ ਮਨੁੱਖ ਦੀ ਸਥਿਤੀ ਜਿਆਦਾ ਚੰਗੀ ਹੈ। ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ... ਆਪਣੇ ਆਲੇ-ਦੁਆਲੇ ਬਾਰੇ ਜਾਨਣ ਦੀ ਇੱਛਾ, ਅਜਿਹੀਆਂ ਗੱਲਾਂ ਹੀ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਇਨ੍ਹਾਂ ਗੱਲਾਂ ਦਾ ਹੱਲ ਲੱਭਦਿਆਂ ਲੱਭਦਿਆਂ ਉਮਰਾਂ ਬੀਤ ਜਾਂਦੀਆਂ ਹਨ। ਦੂਜੇ ਪਾਸੇ ਮਸਤੀ 'ਚ ਰਹਿਣ ਵਾਲਾ ਮਨੁੱਖ ਸਦਾ ਨਿਸ਼ਚਿਤ ਅਤੇ ਮਸਤ ਰਹਿੰਦਾ ਹੈ ਜੋ ਨਿਸ਼ਚਿਤ ਹੀ ਹੋਸ਼ ਵਿੱਚ ਰਹਿਣ ਵਾਲੇ ਮਨੁੱਖ ਨਾਲੋਂ ਬਿਹਤਰ ਹੈ।
ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦਾ ਭਾਈ ਵੀਰ ਸਿੰਘ ਤੋਂ ਅਗਲਾ ਕਵੀ ਹੈ। "ਕਾਵਿ ਯਾਤਰਾ" ਵਿੱਚ ਇਸਦੀਆਂ ਦੋ ਕਵਿਤਾਵਾਂ ਲਈਆਂ ਗਈਆਂ ਹਨ-ਵਿਸਾਖੀ ਦਾ ਮੇਲਾ' ਅਤੇ 'ਸਮੇਂ ਦੀ ਬਹਾਰ' । 'ਸਮੇਂ ਦੀ ਬਹਾਰ' ਚਾਤ੍ਰਿਕ ਦਾ ਗੀਤ ਹੈ। ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪੰਜਾਬੀਅਤ ਅਤੇ ਪੰਜਾਬ ਪਿਆਰ ਹੈ। ਉਸ ਦੀ ਕਵਿਤਾ 'ਵਿਸਾਖੀ ਦਾ ਮੇਲਾ' ਪੰਜਾਬ ਦੇ ਸਭ ਤੋਂ ਵੱਧ ਧੂਮਧਾਮ ਨਾਲ ਮਨਾਏ ਜਾਣ ਵਾਲੇ ਵਿਸਾਖੀ ਦੇ ਮੇਲੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਕਵੀ ਨੇ ਵਿਸਾਖੀ ਦੇ ਮੇਲੇ ਦੇ ਸਮੇਂ, ਕਿਸਾਨਾਂ ਦੇ ਕੰਮਾਂ, ਫਸਲਾਂ, ਮੌਸਮ, ਬਨਸਪਤੀ ਦਾ ਬਹੁਤ ਖੂਬਸੂਰਤ ਚਿਤਰਨ ਇਸ ਕਵਿਤਾ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਮੇਲੇ ਦੀਆਂ ਗਤੀਵਿਧੀਆਂ, ਕੱਪੜੇ, ਢੋਲ, ਨਾਚ ਮੇਲੇ ਦਾ ਦ੍ਰਿਸ਼, ਪੰਜਾਬ ਦੇ ਲੋਕਾਂ ਦਾ ਵਿਰਸਾ ਅਤੇ ਸੱਭਿਆਚਾਰ ਆਦਿ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ।
ਕਵਿਤਾ 'ਸਮੇਂ ਦੀ ਬਹਾਰ ਵਿੱਚ ਧਨੀ ਰਾਮ ਚਾਤ੍ਰਿਕ ਨੇ ਆਪਣੀ ਰਚਨਾ ਦੀ ਪਛਾਣ ਮੁਹਾਵਰੇਦਾਰ ਬੋਲੀ ਦੀ ਵਰਤੋਂ ਕੀਤੀ ਹੈ। ਚਾਤ੍ਰਿਕ ਦੀ ਪਛਾਣ ਉਸ ਦੀ ਠੇਠ ਅਤੇ ਮੁਹਾਵਰੇਦਾਰ ਭਾਸ਼ਾ ਹੈ। ਕਵਿਤਾ 'ਸਮੇਂ ਦੀ ਬਹਾਰ' ਵਿੱਚ ਧਨੀ ਰਾਮ ਚਾਤ੍ਰਿਕ ਨੇ ਆਧੁਨਿਕ ਸਮਾਜ ਵਿੱਚ ਆ ਰਹੀ ਤਬਦੀਲੀ ਨੂੰ ਪੇਸ਼ ਕੀਤਾ ਹੈ। ਕਵਿਤਾ ਦੇ ਅਰੰਭ ਤੋਂ ਹੀ ਕਵੀ ਨਵੇਂ ਸਮੇਂ ਦੀ ਗੱਲ ਕਰਦਾ ਹੈ ਜਿੱਥੇ ਸਭ ਕੁਝ ਨਵਾਂ ਹੈ, ਉਹ ਨਵੇਂ ਸਮੇਂ ਦੀ ਨਵੀਂ ਬਹਾਰ ਨੂੰ ਮਾਣਦਾ ਮਹਿਸੂਸ ਹੋ ਰਿਹਾ ਹੈ। ਕਵੀ ਕਹਿੰਦਾ ਹੈ ਕਿ ਨਵੇਂ ਸਮੇਂ ਵਿੱਚ ਨਵੇਂ ਲੋਕਾਂ ਨੇ ਪਿਛਲੀਆਂ ਗੱਲਾਂ ਨੂੰ ਛੱਡ ਕੇ ਸਭ ਕੁਝ ਨਵਾਂ ਕਰ ਕੇ ਸਾਰਾ ਸੰਸਾਰ ਬਦਲ ਦਿੱਤਾ ਹੈ। ਕੁਦਰਤ ਵੀ ਇਸ ਬਦਲਾਓ ਤੋਂ ਹੈਰਾਨ ਅਤੇ ਖੁਸ਼ ਹੈ। ਕਵੀ ਇਸ ਤਬਦੀਲੀ ਤੋਂ ਪਰੇਸ਼ਾਨ ਨਹੀਂ ਨਜ਼ਰ ਆਉਂਦਾ ਸਗੋਂ ਉਹ ਇਸ ਪਰਿਵਰਤਨ ਤੋਂ ਖੁਸ਼ ਹੋ ਰਿਹਾ ਹੈ, ਉਹ ਕਹਿੰਦਾ ਹੈ ਕਿ ਇਹ ਨਵਾਂ ਸਮਾਂ ਸਹਿਮ ਅਤੇ ਗੁਲਾਮੀ ਨੂੰ ਛੱਡ ਕੇ ਆਜ਼ਾਦੀ ਦੀ ਲਹਿਰ ਲੈ ਕੇ ਆਇਆ ਹੈ। ਉਹ ਕਵਿਤਾ ਰਾਹੀਂ ਪੁਰਾਣਿਆਂ ਨੂੰ ਇਹ ਹਿਦਾਇਤ ਵੀ ਦਿੰਦਾ ਹੈ ਕਿ ਜਾਂ ਤਾਂ ਨਵਿਆਂ ਦੇ ਨਾਲ ਰਲ ਕੇ ਨਵੇਂ ਜ਼ਮਾਨੇ ਦੇ ਹੋ ਜਾਓ, ਉਸ ਤਰੱਕੀ, ਤਬਦੀਲੀ, ਵਿਕਾਸ ਨੂੰ ਸਵੀਕਾਰ ਕਰ ਲਵੋ, ਜੇ ਇਹ ਮੰਜੂਰ ਨਹੀਂ ਹੈ ਤਾਂ ਇੱਕ ਪਾਸੇ ਹੋ ਕੇ ਬਹਿ ਜਾਓ। ਨਵਾਂ ਸਮਾਂ ਬਹੁਤ ਤੇਜ਼ੀ ਨਾਲ ਉਚਾਈਆਂ ਨੂੰ ਛੂਹਣ ਦੀ ਤਿਆਰੀ ਕਰ ਰਿਹਾ ਹੈ ਇਸ ਨਵੇਂ ਸਮੇਂ ਵਿੱਚ ਹਰ ਪਾਸੇ ਤਰੱਕੀ ਹੋ ਰਹੀ ਹੈ ਅਤੇ ਸਭ ਨੂੰ ਇਸ ਸਮੇਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਪ੍ਰੋ. ਪੂਰਨ ਸਿੰਘ ਦਾ ਨਾਂ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਰੱਖਦਾ ਹੈ। ਪ੍ਰੋ. ਪੂਰਨ ਸਿੰਘ ਨੇ ਪਰੰਪਰਕ ਕਵਿਤਾ ਨੂੰ ਛੰਦਾਬੰਦੀ ਤੋਂ ਮੁਕਤ ਕਰ ਸੈਲਾਨੀ ਛੰਦ ਭਾਵ ਖੁੱਲ੍ਹੀ ਕਵਿਤਾ ਲਿਖਣ ਦੇ ਰਾਹ ਤੇ ਤੋਰਿਆ। ਉਸ ਦੀ ਕਵਿਤਾ ਵਿੱਚ ਪੰਜਾਬ ਪਿਆਰ ਅਤੇ ਕੁਦਰਤ ਖਾਸ ਤੌਰ ਤੇ ਵੇਖੇ ਜਾ ਸਕਦੇ ਹਨ, ਪਰ 'ਖੁੱਲ੍ਹ' ਪੂਰਨ ਸਿੰਘ ਦਾ ਸਭ ਤੋਂ ਪਸੰਦੀਦਾ ਵਿਸ਼ਾ ਹੈ। ਪੰਜਾਬ ਪਿਆਰ ਵਿਸ਼ੇ ਨਾਲ ਸੰਬੰਧਤ ਕਵਿਤਾ 'ਪੰਜਾਬ ਦੇ ਦਰਿਆ' ਪਾਠ ਪੁਸਤਕ ਵਿੱਚ ਵੀ ਸ਼ਾਮਿਲ ਹੈ। ਇਸ ਕਵਿਤਾ ਵਿੱਚ ਪੰਜਾਬ ਦੇ ਪੰਜਾਂ ਦਰਿਆਵਾਂ ਪ੍ਰਤੀ ਕਵੀ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਨਜ਼ਰ ਆਉਂਦਾ ਹੈ। ਕਵਿਤਾ ਵਿੱਚ ਕਵੀ ਇਨ੍ਹਾਂ ਦਰਿਆਵਾਂ ਨੂੰ ਜੀਉਂਦਾ, ਮਾਣਦਾ ਮਹਿਸੂਸ ਕਰਦਾ ਹੈ, ਇਉਂ ਲਗਦਾ ਹੈ ਕਿ ਉਹ ਇਨ੍ਹਾਂ ਦਰਿਆਵਾਂ ਦੇ ਪਿਆਰ ਵਿੱਚ ਨਸ਼ਿਆਇਆ ਹੋਇਆ ਹੈ। ਇਹ ਦਰਿਆ ਪਿਆਰ ਦੇ ਪ੍ਰਤੀਕ ਹਨ। ਹਰ ਦਰਿਆ ਦਾ ਨਾਂ ਲੈ ਕੇ ਉਸ ਪ੍ਰਤੀ ਆਪਣੀ ਭਾਵਨਾ ਦਾ ਬਿਆਨ ਉਸ ਦੇ ਇਨ੍ਹਾਂ ਪ੍ਰਤੀ ਗਹਿਰਾਈ ਦਾ ਗਿਆਨ ਦਿੰਦੇ ਹਨ। ਕਵਿਤਾ ਵਿਚਲੇ ਦਰਿਆ ਇਉਂ ਲਗਦਾ ਹੈ ਜਿਵੇਂ ਆਪਣੇ ਵੱਲ ਖਿੱਚਦੇ, ਅਵਾਜ਼ਾਂ ਮਾਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਦਰਿਆ ਪੰਜਾਬ ਦੇ ਧਾਰਮਿਕ ਵਿਰਸੇ ਨੂੰ ਵੀ ਆਪਣੇ ਨਾਲ ਲੈ ਕੇ ਚਲਦੇ ਹਨ।
'ਗਰਾਂ ਦਾ ਨਿੱਕਾ ਚੂਚਾ' ਕਵਿਤਾ ਵਿੱਚ ਪੂਰਨ ਸਿੰਘ ਇੱਕ ਨਿੱਕੇ ਚੂਚੇ ਦੀ ਹੱਡਬੀਤੀ ਸੁਣਾਉਂਦਿਆਂ, ਕਵਿਤਾ ਨੂੰ ਅਧਿਆਤਮ ਚਿੰਤਨ ਨਾਲ ਜੋੜਦਾ ਪ੍ਰਤੀਤ ਹੋ ਰਿਹਾ ਹੈ। ਕਵਿਤਾ ਦੇ ਅਰੰਭ ਵਿੱਚ ਇੱਕ ਨਿੱਕੇ ਚੂਚੇ ਉੱਪਰ ਆਈ ਇੱਕ ਬਿਪਤਾ ਦਾ ਜ਼ਿਕਰ ਹੈ, ਜੋ ਜਾਨ ਬਚਾਉਣ ਲਈ ਭੱਜਦਾ ਫਿਰਦਾ ਹੈ, ਕਵੀ ਉਸ ਨਿੱਕੇ ਚੂਚੇ ਦੇ ਦੁੱਖ ਤੇ ਦਰਦ ਨੂੰ ਮਹਿਸੂਸ ਕਰਦਾ ਹੈ, ਆਪਣੀ ਜਾਨ ਬਚਾਉਣ ਲਈ ਉਹ ਨਿੱਕਾ ਚੂਚਾ ਹਰ ਕੋਸ਼ਿਸ਼ ਕਰਦਾ ਦੌੜ ਰਿਹਾ ਹੈ, ਪਰ ਅੰਤ ਤੱਕ ਪਹੁੰਚਦਿਆਂ ਉਹ ਪਕੜਿਆ ਹੀ ਜਾਂਦਾ ਹੈ। ਚੂਚਾ, ਮਾਰਨ ਵਾਲੇ ਦੀਆਂ ਅੱਖਾਂ ਵਿੱਚ ਟੇਕ ਬੰਨ੍ਹ ਕੇ ਵੇਖਦਾ ਹੈ ਕਿ ਸ਼ਾਇਦ ਉਹ ਸਮਝ ਜਾਵੇ ਕਿ ਮੌਤ ਕਿੰਨੀ ਭਿਆਨਕ ਹੁੰਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਚੂਚਾ ਉਸ ਨੂੰ ਦੱਸਣਾ ਚਾਹੁੰਦਾ ਹੈ ਕਿ ਮੌਤ ਮੇਰੇ ਲਈ ਤੇ ਤੇਰੇ ਲਈ ਇੱਕੋ ਜਿਹੀ ਹੀ ਭਿਆਨਕ ਹੈ, ਤੂੰ ਉਸ ਪ੍ਰਮਾਤਮਾ ਤੋਂ ਡਰ, ਉਹ ਪ੍ਰਮਾਤਮਾ ਹਰੇਕ ਵਿੱਚ ਵਸਦਾ ਹੈ, ਤੇ ਤੂੰ ਤੇ ਮੈਂ ਇੱਕ ਦੂਜੇ ਤੋਂ ਅਲੱਗ ਨਹੀਂ, ਮੇਰੀ ਜਾਨ ਵੀ ਤੇਰੀ ਜਾਨ ਜਿੰਨੀ ਹੀ ਪਿਆਰੀ ਹੈ। ਇਸ ਤਰ੍ਹਾਂ ਉਸ ਪ੍ਰਮਾਤਮਾ ਦਾ ਧਿਆਨ ਕਰ ਅਤੇ ਸਹੀ ਤਰ੍ਹਾਂ ਸੋਚ ਕਿ ਤੂੰ ਕੀ ਕਰਨ ਜਾ ਰਿਹਾ ਹੈਂ। ਇਉਂ ਕਵੀ ਕਵਿਤਾ ਦੇ ਅੰਤ ਵਿੱਚ ਇਹ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ।
ਪੂਰਨ ਸਿੰਘ ਦੀ ਕਵਿਤਾ 'ਕ੍ਰਿਸ਼ਨ ਜੀ' ਵਿੱਚ ਕ੍ਰਿਸ਼ਨ ਜੀ ਦੇ ਰੂਪ ਦਾ ਅਤੇ ਕ੍ਰਿਸ਼ਨ ਜੀ ਦੇ ਬੰਸਰੀ ਦੇ ਪ੍ਰਕਿਰਤੀ ਉੱਪਰ ਪਏ ਪ੍ਰਭਾਵ ਦਾ ਵਰਨਣ ਕੀਤਾ ਗਿਆ ਹੈ। ਕ੍ਰਿਸ਼ਨ ਜੀ ਦੇ ਰੂਪ ਦਾ ਵਰਨਣ ਕਵਿਤਾ ਦੇ ਮੱਧ ਵਿੱਚ ਹੈ, ਪਰ
ਪ੍ਰਭਾਵ ਦਾ ਵਰਨਣ ਕਵਿਤਾ ਦੇ ਅਰੰਭ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਅੰਤ ਤੱਕ ਰਹਿੰਦਾ ਹੈ। ਕਵਿਤਾ ਵਿੱਚ ਕਵੀ ਅਤੇ ਪ੍ਰਕਿਰਤੀ ਤੋਂ ਇਲਾਵਾ ਹੋਰ ਕੋਈ ਪਾਤਰ ਸ਼ਾਮਿਲ ਨਹੀਂ। ਕਵਿਤਾ ਦੇ ਅਰੰਭ ਤੋਂ ਹੀ ਕ੍ਰਿਸ਼ਨ ਜੀ ਦੀ ਬੰਸਰੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਪ੍ਰਕਿਰਤੀ ਇਸ ਸੰਗੀਤਕ ਪ੍ਰਭਾਵ ਵਿੱਚ ਨੱਚ ਰਹੀ ਹੈ। ਕਵਿਤਾ ਦੇ ਮੱਧ ਵਿੱਚ ਕਵੀ ਕ੍ਰਿਸ਼ਨ ਜੀ ਦੀ ਛਬੀ ਬਾਰੇ ਦੱਸਦਾ ਹੈ, ਉਸ ਦੇ ਪ੍ਰਭਾਵ ਬਾਰੇ ਦੱਸਦਾ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਕਵੀ ਕ੍ਰਿਸ਼ਨ ਜੀ ਦੇ ਰੂਪ ਅਤੇ ਉਨ੍ਹਾਂ ਦੀ ਬੰਸਰੀ ਦੇ ਸੰਗੀਤ ਦੇ ਪ੍ਰਕਿਰਤੀ ਉੱਪਰ ਪੈਣ ਵਾਲੇ ਪ੍ਰਭਾਵ ਦਾ ਬਹੁਤ ਸੁੰਦਰ ਚਿੱਤਰ ਪੇਸ਼ ਕਰਦਾ ਹੈ।
ਪ੍ਰੋ. ਪੂਰਨ ਸਿੰਘ ਤੋਂ ਬਾਅਦ ਪਾਠ ਪੁਸਤਕ ਵਿੱਚ ਅਗਲਾ ਕਵੀ ਪ੍ਰੋ. ਮੋਹਨ ਸਿੰਘ ਹੈ। ਪ੍ਰੋ. ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਮੁੱਖ ਰੁਮਾਂਟਿਕ ਪ੍ਰਗਤੀਵਾਦੀ ਕਵੀ ਹੈ। ਉਸ ਨੇ ਪ੍ਰਗੀਤ ਕਾਵਿ ਰੂਪ ਵਿੱਚ ਵੀ ਰਚਨਾ ਕੀਤੀ। ਉਸ ਦੀ ਕਵਿਤਾ ਵਿੱਚ ਪਰੰਪਰਕ ਕਾਵਿ-ਰੂਪ, ਨਵੀਂ ਕਾਵਿ ਭਾਸ਼ਾ ਨਾਲ ਪ੍ਰਵੇਸ਼ ਕਰਦੇ ਹਨ। ਮੋਹਨ ਸਿੰਘ ਦੀ ਕਵਿਤਾ 'ਤਾਜਮਹਲ' ਉਸ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ ਧਾਰਾ ਦੀ ਪ੍ਰਮੁੱਖ ਉਦਾਹਰਣ ਹੈ। ਕਵੀ ਨੇ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਕਵੀ ਤਾਜਮਹਲ ਦੀ ਖੂਬਸੂਰਤੀ ਦਾ ਵਰਨਣ ਚਾਨਣੀ ਰਾਤ ਵਿੱਚ ਬਹੁਤ ਖੂਬਸੂਰਤੀ ਨਾਲ ਕਰਦਾ ਹੈ। ਤਾਜਮਹਲ ਦੀ ਖੂਬਸੂਰਤੀ ਬਾਰੇ ਲਿਖਦਿਆਂ ਉਹ ਦੱਸਦਾ ਹੈ ਕਿ ਤਾਜਮਹਲ ਦਾ ਆਲਾ ਦੁਆਲਾ ਵੀ ਉਸ ਦੀ ਖੂਬਸੂਰਤੀ ਦੇ ਪ੍ਰਭਾਵ ਵਿੱਚ ਮਸਤ ਹੋਇਆ ਹੈ। ਬਗੀਚਾ, ਵੇਲਾਂ, ਟਹਿਣੀਆਂ ਇੱਥੋਂ ਤੱਕ ਕਿ ਪਰਛਾਵੇਂ ਵੀ ਮਸਤ ਹੋਏ ਪਏ ਹਨ। ਕਵਿਤਾ ਦੇ ਮੱਧ ਤੱਕ ਇਹੀ ਪ੍ਰਭਾਵ ਚਲਦਾ ਹੈ ਕਿ ਅਚਾਨਕ
"ਏਨੇ ਨੂੰ ਗੁੰਬਦ ਦਾ ਆਂਡਾ ..."
ਤੋਂ ਬਾਅਦ ਵਾਲੇ ਭਾਗ ਵਿੱਚ ਕਵਿਤਾ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ, ਹੁਣ ਕਵਿਤਾ ਵਿੱਚ ਰੁਮਾਂਸ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਕਵਿਤਾ ਦੇ ਇਸ ਭਾਵ ਵਿੱਚ ਦੁਖ, ਤਕਲੀਫ਼ਾਂ, ਤਸੀਹੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਭਾਗ ਵਿੱਚ ਤਾਜਮਹਲ ਦੇ ਉਸ ਇਤਿਹਾਸ ਦਾ ਵਰਨਣ ਮਿਲਦਾ ਹੈ, ਜਿਸ ਨੂੰ ਜਾਨਣ ਤੋਂ ਬਾਅਦ ਤਾਜਮਹਲ ਦੀ ਖੂਬਸੂਰਤੀ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਕਵੀ ਨੇ ਕਵਿਤਾ ਦੇ ਇਸ ਭਾਗ ਵਿੱਚ ਉਨ੍ਹਾਂ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀਆਂ ਦੁੱਖਾਂ, ਤਕਲੀਫਾਂ ਦਾ ਵਰਨਣ ਕੀਤਾ ਹੈ, ਜਿਨ੍ਹਾਂ ਨੇ ਇਸ ਖੂਬਸੂਰਤ ਤਾਜਮਹਲ ਨੂੰ ਉਸਾਰਿਆ। ਇੱਥੇ ਕਵੀ ਇਸ ਖੂਬਸੂਰਤ ਤਾਜਮਹਲ ਨੂੰ ਬਨਾਉਣ ਸਮੇਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਉੱਤੇ ਹੋਏ ਜ਼ੁਲਮ ਅਤੇ ਵਗਾਰੀ, ਸ਼ੋਸ਼ਣ ਦਾ ਵਿਸ਼ਲੇਸ਼ਣ ਕਰਦਾ ਹੈ ਇਉਂ ਲਗਦਾ ਹੈ ਕਿ ਕਵੀ ਨੇ ਇਹ ਕਵਿਤਾ ਦੀ ਰਚਨਾ ਹੀ ਇਸ ਵਿਸ਼ੇਸ਼ ਮਨੋਰਥ ਲਈ ਕੀਤੀ ਸੀ, ਉਹ ਸਾਡੇ ਸਾਹਮਣੇ ਖੂਬਸੂਰਤ ਤਾਜਮਹਲ ਦੇ ਇਸ ਦਰਦਨਾਕ ਚਿੱਤਰ ਨੂੰ ਰੱਖਣਾ ਚਾਹੁੰਦਾ ਸੀ। ਉਹ ਪਹਿਲਾਂ ਤਾਜਮਹਲ ਦੀ ਖੂਬਸੂਰਤੀ ਨੂੰ ਦਿਖਾ ਕੇ ਬਾਅਦ ਵਿੱਚ ਇਸ ਵਿਸ਼ੇਸ਼ ਮਨੋਰਥ ਅਧੀਨ ਇਸ ਸ਼ੋਸ਼ਣ ਦਾ ਵਰਨਣ ਕਰਦਾ ਹੈ। ਕਵੀ ਨੇ ਅੰਤ ਵਿੱਚ ਆਪਣਾ ਮਨੋਰਥ ਇੱਕ ਪ੍ਰਸ਼ਨ ਦੇ ਰੂਪ ਵਿੱਚ ਪੇਸ਼ ਕੀਤਾ ਹੈ :
"ਕੀ ਉਹ ਹੁਸਨ ਹੁਸਨ ਹੈ ਸਚਮੁੱਚ,
ਯਾ ਉਂਜੇ ਹੀ ਛਲਦਾ
ਲੱਖ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ 'ਤੇ ਜੋ ਪਲਦਾ ?"
ਕਵਿਤਾ ਦੇ ਇਸ ਭਾਗ ਵਿੱਚ ਉਸ ਦੀ ਕਵਿਤਾ ਵਿਚਲਾ ਪ੍ਰਗਤੀਵਾਦ ਸਾਫ਼ ਨਜ਼ਰ ਆਉਂਦਾ ਹੈ।
'ਨਿੱਕਾ ਰੱਬ' ਕਵਿਤਾ ਵੀ ਮੋਹਨ ਸਿੰਘ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ-ਧਾਰਾ ਨਾਲ ਸੰਬੰਧਿਤ ਕਵਿਤਾ ਹੈ। ਇਸ ਕਵਿਤਾ ਦੇ ਵੀ ਦੋ ਭਾਗ ਹਨ। ਪਹਿਲੇ ਭਾਗ ਵਿੱਚ ਕਵੀ ਸਦੀਆਂ ਤੋਂ ਲੋਕਾਂ ਦੇ ਵਿਸ਼ਵਾਸ ਦੇ ਕੇਂਦਰ ਰੱਬ, ਪ੍ਰਮਾਤਮਾ ਦੀ ਗੱਲ ਕਰਦਾ ਹੈ। ਉਸ ਨੂੰ ‘ਵੱਡਾ ਰੱਬ' ਕਹਿੰਦਾ ਹੈ ਅਤੇ ਉਸ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ। ਪਰ ਕੁਝ ਸਤਰਾਂ ਬਾਅਦ ਹੀ ਉਸ ਦੀ ਰੱਬ ਪ੍ਰਤੀ ਨਾਸਤਿਕਤਾ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਗੁਰੂ
ਨਾਨਕ ਦੇਵ ਜੀ ਦਾ ਉਦਾਹਰਨ ਲੈ ਕੇ ਰੱਬ ਪ੍ਰਤੀ ਆਪਣੀ ਨਾਸਤਿਕਤਾ ਦਾ ਸਮਰਥਨ ਕਰਾਉਣ ਦਾ ਯਤਨ ਵੀ ਕਰਦਾ ਹੈ। ਪਰੰਤੂ ਦੂਜੇ ਭਾਗ ਵਿੱਚ ਉਹ ਪੂਰੀ ਤਰ੍ਹਾਂ ਨਾਸਤਿਕ ਹੋ ਜਾਂਦਾ ਹੈ ਜਦੋਂ ਉਹ ਵੱਡੇ ਰੱਬ ਦੇ ਵਿਰੋਧ ਵਿੱਚ ਇੱਕ 'ਨਿੱਕਾ ਰੱਬ' ਸਥਾਪਿਤ ਕਰ ਲੈਂਦਾ ਹੈ। ਇਹ ਨਿੱਕਾ ਰੱਬ ਉਸ ਦੀ ਪ੍ਰੇਮਿਕਾ ਹੈ। ਜੇ ਉਸ ਦੀ ਹਰ ਗੱਲ ਸੁਣਦੀ। ਉਹ ਰੋਂਦਾ ਤੇ ਉਹ ਉਸ ਦੇ ਹੰਝੂ ਪੂੰਝਦੀ, ਉਸ ਨੂੰ ਸਹਾਰਾ ਦੇਂਦੀ, ਜੋ ਕਿ ਵੱਡਾ ਰੱਬ ਨਹੀਂ ਸੀ ਕਰਦਾ। ਕਵੀ ਕਹਿੰਦਾ ਹੈ, ਜਦੋਂ ਮਨੁੱਖ ਸੰਕਟ ਵਿੱਚ ਹੁੰਦਾ ਹੈ, ਤਾਂ ਉਸ ਸਮੇਂ ਵੱਡਾ ਰੱਬ ਨਜ਼ਰ ਨਹੀਂ ਆਉਂਦਾ। ਉਸ ਨੂੰ ਸਹਾਰਾ ਨਹੀਂ ਦਿੰਦਾ, ਉਸ ਦੇ ਅੱਥਰੂ ਨਹੀਂ ਪੂੰਝਦਾ। ਬਹੁਤ ਮਜਬੂਰ ਹੋ ਕੇ ਉਸ ਨੂੰ 'ਨਿੱਕਾ ਰੱਬ' ਘੜਨਾ ਹੀ ਪੈਂਦਾ ਹੈ। ਕਵੀ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਇਹ ਜ਼ਰੂਰ ਕੁਫ਼ਰ ਲੱਗੇਗਾ, ਪਾਪ ਲੱਗੇਗਾ ਪਰ, ਮੇਰਾ ਕੁਫ਼ਰ ਅੱਜ ਮਜਬੂਰ ਹੈ, ਵੱਡੇ ਰੱਬ ਦੀਆਂ ਬੇਇਨਸਾਫ਼ੀਆਂ ਨੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਇਸ ਤਰ੍ਹਾਂ ਕਵੀ ਰੱਬ ਦੇ ਨਿਰਗੁਣ ਸਰੂਪ ਦੀ ਥਾਂ ਤੇ ਸਰਗੁਣ ਸਰੂਪ ਦੀ ਚੋਣ ਕਰਦਾ ਹੈ। ਮੋਹਨ ਸਿੰਘ ਕਿਉਂਕਿ ਰੁਮਾਂਟਿਕ ਕਵੀ ਹੈ, ਇਸ ਲਈ ਉਹ ਇਸ਼ਕ ਦੀ ਰਾਹ ਚੁਣਦਾ ਹੈ।
'ਹਵਾ ਦਾ ਜੀਵਨ' ਮੋਹਨ ਸਿੰਘ ਦੀ ਪ੍ਰਗੀਤਾਤਮਕ ਰਚਨਾ ਹੈ। ਇਸ ਕਵਿਤਾ ਵਿੱਚ ਕਵੀ ਚਾਹੁੰਦਾ ਹੈ ਕਿ ਉਸ ਨੂੰ ਹਵਾ ਦਾ ਜੀਵਨ ਮਿਲੇ। ਉਹ ਸਦਾ ਹਵਾ ਵਾਂਗ ਖੋਜ ਵਿੱਚ ਰਹਿਣਾ ਚਾਹੁੰਦਾ ਹੈ। ਹਰ ਪਲ ਭੱਜ, ਆਪਣੀ ਇੱਛਾ, ਸੱਜਣ ਦੀ ਤਲਾਸ਼ ਵਿੱਚ ਰਹਿ ਕੇ ਮੁਕਾਮ ਹਾਸਲ ਕਰਨ ਵੱਲ ਪ੍ਰੇਰਿਤ ਰਹਿਣਾ ਚਾਹੁੰਦਾ ਹੈ। ਦੁਨੀਆਂ ਦਾ ਕੋਈ ਵੀ ਲਾਲਚ, ਸੁੱਖ, ਦੁੱਖ ਜਾਂ ਬੰਦਿਸ਼ ਉਸ ਨੂੰ ਬੰਨ੍ਹ ਨਾ ਸਕੇ। ਸੰਸਾਰ ਦੀਆਂ ਸਾਰੀਆਂ ਖੂਬਸੂਰਤੀਆਂ ਨੂੰ ਮਾਣਦਿਆਂ ਹੋਇਆਂ ਵੀ ਉਹ ਉਨ੍ਹਾਂ ਤੋਂ ਨਿਰਲਿਪਤ ਹੋ ਕੇ ਰਹਿਣਾ ਚਾਹੁੰਦਾ ਹੈ। ਕਵੀ ਆਪਣੀ ਵਰਤਮਾਨ ਸਥਿਤੀ ਤੋਂ ਵੱਖਰਾ ਹੋ ਕੇ ਜੀਉਣ ਦੀ ਰੀਝ ਰੱਖਦਾ ਹੈ, ਉਸ ਦੀ ਕਿਸੇ ਨਾਲ ਨਰਾਜ਼ਗੀ ਨਹੀਂ, ਗਿਲਾ ਨਹੀਂ, ਉਹ ਤਾਂ ਬੱਸ ਵੱਖਰੀ ਤਰ੍ਹਾਂ ਦੇ ਭਵਿੱਖ ਦੀ ਕਾਮਨਾ ਕਰਦਾ ਹੈ। ਮੋਹਨ ਸਿੰਘ ਦੀਆਂ ਰਚਨਾਵਾਂ ਵਿੱਚ ਇਹ ਗੀਤ ਕੁਝ ਵੱਖਰੀ ਤਰ੍ਹਾਂ ਦਾ ਹੈ। ਇਸ ਵਿੱਚ ਸੱਜਣ ਪ੍ਰਾਪਤੀ ਦੀ ਗੱਲ ਨਹੀਂ ਕੀਤੀ ਗਈ, ਇੱਥੇ ਕਵੀ ਕਿਸੇ ਤਲਾਸ਼ ਵਿੱਚ ਹੈ, ਖੋਜ ਵਿੱਚ ਹੈ।
ਅੰਮ੍ਰਿਤਾ ਪ੍ਰੀਤਮ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਕਵਿਤਰੀ ਦੇ ਤੌਰ ਤੇ ਸਥਾਪਤ ਹੋਣ ਵਾਲੀ ਪ੍ਰਮੁੱਖ ਕਵਿਤਰੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਵਧੇਰੇ ਕਰਕੇ ਔਰਤ ਅਤੇ ਔਰਤ ਨਾਲ ਸੰਬੰਧਤ ਵਿਸ਼ਿਆਂ ਉੱਤੇ ਲਿਖੀਆਂ ਗਈਆਂ ਹਨ। ਮੋਹਨ ਸਿੰਘ ਵਾਂਗ ਅੰਮ੍ਰਿਤਾ ਪ੍ਰੀਤਮ ਵੀ ਕਵਿਤਾ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ ਧਾਰਾ ਨਾਲ ਸੰਬੰਧਿਤ ਹੈ। "ਕਾਵਿ ਯਾਤਰਾ" ਵਿੱਚ ਅੰਮ੍ਰਿਤਾ ਪ੍ਰੀਤਮ ਦੀਆਂ ਤਿੰਨ ਕਵਿਤਾਵਾਂ ਹਨ। 'ਸੁੰਦਰਾਂ' ਕਵਿਤਾ ਅੰਮ੍ਰਿਤਾ ਨੇ ਕਿੱਸਾ-ਕਾਵਿ ਦੇ ਕੁਝ ਪਾਤਰਾਂ ਨੂੰ ਬਿਆਨ ਵਿੱਚ ਰੱਖ ਕੇ ਲਿਖੀ ਹੈ। 'ਸੁੰਦਰਾਂ' ਕਿੱਸਾ-ਕਾਵਿ ਦੀ ਪ੍ਰੇਮ-ਨਾਇਕਾ ਹੈ। ਕਵਿਤਾ ਵਿੱਚ ਸੁੰਦਰਾਂ ਦੇ ਪਾਤਰ ਦੇ ਰੂਪ ਵਿੱਚ ਪੇਸ਼ ਹੋਈ ਹੈ ਅਤੇ ਉਸ ਦੇ ਪ੍ਰੇਮੀ ਦਾ ਨਾਂ ਪੂਰਨ ਨਾਥ ਜੋਗੀ ਹੈ। ਆਪਣੀ ਕਵਿਤਾ ਵਿੱਚ ਕਵਿਤਰੀ ਕਈ ਜਨਮਾਂ ਦੀ ਗੱਲਾਂ ਕਰਦੀ ਹੈ। ਕਿਸੇ ਜਨਮ ਵਿੱਚ ਉਹ ਤੇ ਉਸ ਦਾ ਪ੍ਰੇਮੀ ਸੁੰਦਰਾਂ ਅਤੇ ਪੂਰਨ, ਕਿਸੇ ਜਨਮ ਵਿੱਚ ਹੀਰ ਅਤੇ ਅਤੇ ਰਾਂਝਾ ਅਤੇ ਕਿਸੇ ਜਨਮ ਵਿੱਚ ਉਹ ਦੋਵੇਂ ਸੱਸੀ ਤੇ ਪੁੰਨੂੰ ਦੇ ਰੂਪ ਵਿੱਚ ਆਏ। ਉਸ ਨੂੰ ਲਗਦਾ ਹੈ ਕਿ ਹਰ ਸੱਚੀ ਪ੍ਰੇਮਿਕਾ ਸੁੰਦਰਾਂ ਹੈ। ਇਸ ਜਨਮ ਵਿੱਚ ਕਵਿਤਰੀ ਸੁੰਦਰਾਂ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਜਨਮ ਵਿੱਚ ਉਸ ਦੇ ਪ੍ਰੇਮੀ ਦਾ ਨਾਂ ਜ਼ਿੰਦਗੀ ਹੈ। ਪੂਰਨ ਇਸ ਜਨਮ ਵਿੱਚ ਕੋਰਾ ਕਾਗਜ਼ ਹੈ ਅਤੇ ਸੁੰਦਰਾਂ ਅੱਖਰਾਂ ਦਾ ਰੂਪ ਹੈ।
'ਰਾਖੇ' ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਸਮਾਜਕ ਜੀਵਨ ਦੇ ਇਕ ਪੱਖ ਨੂੰ ਪੇਸ਼ ਕਰਦੀ ਹੈ। 'ਰਾਖੇ' ਸ਼ਬਦ ਇਸ ਕਵਿਤਾ ਵਿੱਚ ਗੁਆਂਢੀਆਂ ਲਈ ਵਰਤਿਆ ਗਿਆ ਹੈ। ਕਵਿਤਾ ਦੀਆਂ ਅਰੰਭਲੀਆਂ ਸਤਰਾਂ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਇੱਥੇ ਗੁਆਂਢੀਆਂ ਉੱਤੇ ਵਿਅੰਗ ਕੀਤਾ ਗਿਆ ਹੈ। ਜਿਵੇਂ-ਜਿਵੇਂ ਕਵਿਤਾ ਅੱਗੇ ਵਧਦੀ ਹੈ ਇਹ ਵਿਅੰਗ ਵੀ ਵਧਦਾ ਜਾਂਦਾ ਹੈ। ਕਵਿਤਰੀ ਦੱਸਦੀ ਹੈ ਕਿ ਕਿਵੇਂ ਗੁਆਂਢੀ 'ਸਮਾਜ ਸੇਵਾ' ਦੀ ਜ਼ਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ। ਇਸ ਸਾਰੀ ਕਵਿਤਾ ਵਿੱਚ ਇਸ ਵਿਅੰਗ ਦਾ ਸੰਬੰਧ ਕਿਸੇ ਜ਼ਾਤ ਜਾਂ ਸ਼੍ਰੇਣੀ ਵੰਡ ਨਾਲ ਨਹੀਂ। ਇਹ ਸਾਰੇ ਗੁਆਂਢੀ ਇੱਕੋ ਹੀ ਸ਼੍ਰੇਣੀ ਦੇ ਹਨ। ਸਭ ਦੇ ਧੀਆਂ, ਪੁੱਤਰ ਇਕੱਠੇ ਇੱਕੋ ਸਮਾਜ ਵਿੱਚ ਰਹਿੰਦੇ ਹਨ ਪਰ, ਹਰੇਕ