ਪ੍ਰਭਾਵ ਦਾ ਵਰਨਣ ਕਵਿਤਾ ਦੇ ਅਰੰਭ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਅੰਤ ਤੱਕ ਰਹਿੰਦਾ ਹੈ। ਕਵਿਤਾ ਵਿੱਚ ਕਵੀ ਅਤੇ ਪ੍ਰਕਿਰਤੀ ਤੋਂ ਇਲਾਵਾ ਹੋਰ ਕੋਈ ਪਾਤਰ ਸ਼ਾਮਿਲ ਨਹੀਂ। ਕਵਿਤਾ ਦੇ ਅਰੰਭ ਤੋਂ ਹੀ ਕ੍ਰਿਸ਼ਨ ਜੀ ਦੀ ਬੰਸਰੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਪ੍ਰਕਿਰਤੀ ਇਸ ਸੰਗੀਤਕ ਪ੍ਰਭਾਵ ਵਿੱਚ ਨੱਚ ਰਹੀ ਹੈ। ਕਵਿਤਾ ਦੇ ਮੱਧ ਵਿੱਚ ਕਵੀ ਕ੍ਰਿਸ਼ਨ ਜੀ ਦੀ ਛਬੀ ਬਾਰੇ ਦੱਸਦਾ ਹੈ, ਉਸ ਦੇ ਪ੍ਰਭਾਵ ਬਾਰੇ ਦੱਸਦਾ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਕਵੀ ਕ੍ਰਿਸ਼ਨ ਜੀ ਦੇ ਰੂਪ ਅਤੇ ਉਨ੍ਹਾਂ ਦੀ ਬੰਸਰੀ ਦੇ ਸੰਗੀਤ ਦੇ ਪ੍ਰਕਿਰਤੀ ਉੱਪਰ ਪੈਣ ਵਾਲੇ ਪ੍ਰਭਾਵ ਦਾ ਬਹੁਤ ਸੁੰਦਰ ਚਿੱਤਰ ਪੇਸ਼ ਕਰਦਾ ਹੈ।
ਪ੍ਰੋ. ਪੂਰਨ ਸਿੰਘ ਤੋਂ ਬਾਅਦ ਪਾਠ ਪੁਸਤਕ ਵਿੱਚ ਅਗਲਾ ਕਵੀ ਪ੍ਰੋ. ਮੋਹਨ ਸਿੰਘ ਹੈ। ਪ੍ਰੋ. ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਮੁੱਖ ਰੁਮਾਂਟਿਕ ਪ੍ਰਗਤੀਵਾਦੀ ਕਵੀ ਹੈ। ਉਸ ਨੇ ਪ੍ਰਗੀਤ ਕਾਵਿ ਰੂਪ ਵਿੱਚ ਵੀ ਰਚਨਾ ਕੀਤੀ। ਉਸ ਦੀ ਕਵਿਤਾ ਵਿੱਚ ਪਰੰਪਰਕ ਕਾਵਿ-ਰੂਪ, ਨਵੀਂ ਕਾਵਿ ਭਾਸ਼ਾ ਨਾਲ ਪ੍ਰਵੇਸ਼ ਕਰਦੇ ਹਨ। ਮੋਹਨ ਸਿੰਘ ਦੀ ਕਵਿਤਾ 'ਤਾਜਮਹਲ' ਉਸ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ ਧਾਰਾ ਦੀ ਪ੍ਰਮੁੱਖ ਉਦਾਹਰਣ ਹੈ। ਕਵੀ ਨੇ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਕਵੀ ਤਾਜਮਹਲ ਦੀ ਖੂਬਸੂਰਤੀ ਦਾ ਵਰਨਣ ਚਾਨਣੀ ਰਾਤ ਵਿੱਚ ਬਹੁਤ ਖੂਬਸੂਰਤੀ ਨਾਲ ਕਰਦਾ ਹੈ। ਤਾਜਮਹਲ ਦੀ ਖੂਬਸੂਰਤੀ ਬਾਰੇ ਲਿਖਦਿਆਂ ਉਹ ਦੱਸਦਾ ਹੈ ਕਿ ਤਾਜਮਹਲ ਦਾ ਆਲਾ ਦੁਆਲਾ ਵੀ ਉਸ ਦੀ ਖੂਬਸੂਰਤੀ ਦੇ ਪ੍ਰਭਾਵ ਵਿੱਚ ਮਸਤ ਹੋਇਆ ਹੈ। ਬਗੀਚਾ, ਵੇਲਾਂ, ਟਹਿਣੀਆਂ ਇੱਥੋਂ ਤੱਕ ਕਿ ਪਰਛਾਵੇਂ ਵੀ ਮਸਤ ਹੋਏ ਪਏ ਹਨ। ਕਵਿਤਾ ਦੇ ਮੱਧ ਤੱਕ ਇਹੀ ਪ੍ਰਭਾਵ ਚਲਦਾ ਹੈ ਕਿ ਅਚਾਨਕ
"ਏਨੇ ਨੂੰ ਗੁੰਬਦ ਦਾ ਆਂਡਾ ..."
ਤੋਂ ਬਾਅਦ ਵਾਲੇ ਭਾਗ ਵਿੱਚ ਕਵਿਤਾ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ, ਹੁਣ ਕਵਿਤਾ ਵਿੱਚ ਰੁਮਾਂਸ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਕਵਿਤਾ ਦੇ ਇਸ ਭਾਵ ਵਿੱਚ ਦੁਖ, ਤਕਲੀਫ਼ਾਂ, ਤਸੀਹੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਭਾਗ ਵਿੱਚ ਤਾਜਮਹਲ ਦੇ ਉਸ ਇਤਿਹਾਸ ਦਾ ਵਰਨਣ ਮਿਲਦਾ ਹੈ, ਜਿਸ ਨੂੰ ਜਾਨਣ ਤੋਂ ਬਾਅਦ ਤਾਜਮਹਲ ਦੀ ਖੂਬਸੂਰਤੀ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਕਵੀ ਨੇ ਕਵਿਤਾ ਦੇ ਇਸ ਭਾਗ ਵਿੱਚ ਉਨ੍ਹਾਂ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀਆਂ ਦੁੱਖਾਂ, ਤਕਲੀਫਾਂ ਦਾ ਵਰਨਣ ਕੀਤਾ ਹੈ, ਜਿਨ੍ਹਾਂ ਨੇ ਇਸ ਖੂਬਸੂਰਤ ਤਾਜਮਹਲ ਨੂੰ ਉਸਾਰਿਆ। ਇੱਥੇ ਕਵੀ ਇਸ ਖੂਬਸੂਰਤ ਤਾਜਮਹਲ ਨੂੰ ਬਨਾਉਣ ਸਮੇਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਉੱਤੇ ਹੋਏ ਜ਼ੁਲਮ ਅਤੇ ਵਗਾਰੀ, ਸ਼ੋਸ਼ਣ ਦਾ ਵਿਸ਼ਲੇਸ਼ਣ ਕਰਦਾ ਹੈ ਇਉਂ ਲਗਦਾ ਹੈ ਕਿ ਕਵੀ ਨੇ ਇਹ ਕਵਿਤਾ ਦੀ ਰਚਨਾ ਹੀ ਇਸ ਵਿਸ਼ੇਸ਼ ਮਨੋਰਥ ਲਈ ਕੀਤੀ ਸੀ, ਉਹ ਸਾਡੇ ਸਾਹਮਣੇ ਖੂਬਸੂਰਤ ਤਾਜਮਹਲ ਦੇ ਇਸ ਦਰਦਨਾਕ ਚਿੱਤਰ ਨੂੰ ਰੱਖਣਾ ਚਾਹੁੰਦਾ ਸੀ। ਉਹ ਪਹਿਲਾਂ ਤਾਜਮਹਲ ਦੀ ਖੂਬਸੂਰਤੀ ਨੂੰ ਦਿਖਾ ਕੇ ਬਾਅਦ ਵਿੱਚ ਇਸ ਵਿਸ਼ੇਸ਼ ਮਨੋਰਥ ਅਧੀਨ ਇਸ ਸ਼ੋਸ਼ਣ ਦਾ ਵਰਨਣ ਕਰਦਾ ਹੈ। ਕਵੀ ਨੇ ਅੰਤ ਵਿੱਚ ਆਪਣਾ ਮਨੋਰਥ ਇੱਕ ਪ੍ਰਸ਼ਨ ਦੇ ਰੂਪ ਵਿੱਚ ਪੇਸ਼ ਕੀਤਾ ਹੈ :
"ਕੀ ਉਹ ਹੁਸਨ ਹੁਸਨ ਹੈ ਸਚਮੁੱਚ,
ਯਾ ਉਂਜੇ ਹੀ ਛਲਦਾ
ਲੱਖ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ 'ਤੇ ਜੋ ਪਲਦਾ ?"
ਕਵਿਤਾ ਦੇ ਇਸ ਭਾਗ ਵਿੱਚ ਉਸ ਦੀ ਕਵਿਤਾ ਵਿਚਲਾ ਪ੍ਰਗਤੀਵਾਦ ਸਾਫ਼ ਨਜ਼ਰ ਆਉਂਦਾ ਹੈ।
'ਨਿੱਕਾ ਰੱਬ' ਕਵਿਤਾ ਵੀ ਮੋਹਨ ਸਿੰਘ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ-ਧਾਰਾ ਨਾਲ ਸੰਬੰਧਿਤ ਕਵਿਤਾ ਹੈ। ਇਸ ਕਵਿਤਾ ਦੇ ਵੀ ਦੋ ਭਾਗ ਹਨ। ਪਹਿਲੇ ਭਾਗ ਵਿੱਚ ਕਵੀ ਸਦੀਆਂ ਤੋਂ ਲੋਕਾਂ ਦੇ ਵਿਸ਼ਵਾਸ ਦੇ ਕੇਂਦਰ ਰੱਬ, ਪ੍ਰਮਾਤਮਾ ਦੀ ਗੱਲ ਕਰਦਾ ਹੈ। ਉਸ ਨੂੰ ‘ਵੱਡਾ ਰੱਬ' ਕਹਿੰਦਾ ਹੈ ਅਤੇ ਉਸ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ। ਪਰ ਕੁਝ ਸਤਰਾਂ ਬਾਅਦ ਹੀ ਉਸ ਦੀ ਰੱਬ ਪ੍ਰਤੀ ਨਾਸਤਿਕਤਾ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਗੁਰੂ