ਨੂੰ ਦੂਜੇ ਦੇ ਘਰਾਂ ਵਿੱਚ ਝਾਤੀਆਂ ਮਾਰਨ ਵਿੱਚ ਵਧੇਰੇ ਦਿਲਚਸਪੀ ਹੈ। ਇਹ ਨਿੰਦਕ ਵੀ ਹਨ ਅਤੇ ਨਿੰਦਿਤ ਵੀ।
ਅੰਮ੍ਰਿਤਾ ਪ੍ਰੀਤਮ ਦੀ ਅਗਲੀ ਕਵਿਤਾ ‘ਚੱਪਾ ਚੰਨ’ ਹੈ। ਇਸ ਕਵਿਤਾ ਵਿੱਚ ਅੰਮ੍ਰਿਤਾ ਨੇ ਅਤ੍ਰਿਪਤ ਇੱਛਾਵਾਂ ਦਾ ਜ਼ਿਕਰ ਕੀਤਾ ਹੈ। ਕਵਿਤਾ ਵਿੱਚ ਕਵਿਤਰੀ ਚੰਨ ਅਤੇ ਤਾਰਿਆਂ ਦੇ ਪ੍ਰਤੀਕਾਂ ਰਾਹੀਂ ਮਨੁੱਖੀ ਭੁੱਖਾਂ ਦਾ ਜ਼ਿਕਰ ਕਰਦੀ ਹੈ। ਉਸ ਅਨੁਸਾਰ ਭੁੱਖਾਂ ਬੇਅੰਤ ਹਨ ਪਰ ਉਨ੍ਹਾਂ ਭੁੱਖਾਂ ਨੂੰ ਪੂਰਿਆਂ ਕਰਨ ਵਾਲੇ ਸਾਧਨ ਸੀਮਿਤ ਹਨ। ਚੰਨ ਕੇਂਦਰੀ ਪ੍ਰਤੀਕ ਵਜੋਂ ਪੇਸ਼ ਹੋਇਆ ਹੈ। ਇਨ੍ਹਾਂ ਸੀਮਿਤ ਸਾਧਨਾਂ ਨੂੰ ਸਾਡੇ ਵੱਲ ਸੁੱਟ ਕੇ ਸਾਡਾ ਸਬਰ ਅਜ਼ਮਾਇਆ ਜਾਂਦਾ ਹੈ। ਚੰਨ ਜਿਵੇਂ ਕਦੀ ਪੂਰਾ, ਅੱਧਾ ਤੇ ਕਦੀ ਚੱਪਾ ਹੋ ਕੇ ਅਲੋਪ ਹੋ ਜਾਂਦਾ ਹੈ, ਹਮੇਸ਼ਾ ਪੂਰਾ ਨਹੀਂ ਮਿਲਦਾ। ਉਸੇ ਤਰ੍ਹਾਂ ਹੀ ਮਨੁੱਖੀ ਭੁੱਖਾਂ ਵੀ ਕਦੇ ਕਦਾਈਂ ਹੀ ਪੂਰੀਆਂ ਹੁੰਦੀਆਂ ਹਨ, ਬਲਕਿ ਇਹ ਕਹਿਣਾ ਜ਼ਿਆਦਾ ਸਹੀ ਹੈ ਕਿ ਉਹ ਅਤ੍ਰਿਪਤ ਹੀ ਰਹਿੰਦੀਆਂ ਹਨ। ਧਰਤੀ ਦੀ ਮੰਗ, ਅਕਾਂਖਿਆ, ਅਸਮਾਨ ਜਿੰਨੀ ਵਿਸ਼ਾਲ ਹੈ ਤੇ ਇਹ ਮੁੱਠ ਤਾਰੇ ਤੇ ਚੰਨ ਪੂਰੇ ਨਹੀਂ ਪੈਂਦੇ। ਇਨ੍ਹਾਂ ਵਿਚਲਾ ਰਿਸ਼ਤਾ ਮੰਗਣ ਦਾ ਹੈ, ਇਹ ਕਿਧਰੇ ਵੀ ਸੰਘਰਸ਼ ਕਰਦੇ ਨਜ਼ਰ ਨਹੀਂ ਆ ਰਹੇ। ਇਹ ਮੰਗਣ ਦਾ ਰਿਸ਼ਤਾ ਹੀ ਇਸ ਕਵਿਤਾ ਦਾ ਧੁਰਾ ਹੈ। ਜੀਵਨ ਦਾ ਚਿਤਰਨ ਵੀ ਰਾਤ ਦੀ ਤਰ੍ਹਾਂ ਹਨੇਰੇ ਦੇ ਰੂਪ ਵਿੱਚ ਹੀ ਕੀਤਾ ਗਿਆ ਹੈ।
ਭਾਗ-2
"ਕਾਵਿ ਯਾਤਰਾ" ਪਾਠ ਪੁਸਤਕ ਨਾਲ ਸੰਬੰਧਤ ਪਰਚੇ ਦਾ ਇਹ ਦੂਜਾ ਭਾਗ ਹੈ। ਪਹਿਲੇ ਭਾਗ ਦੇ ਅਰੰਭ ਵਿੱਚ ਅਸੀਂ ਪਹਿਲੇ ਪੰਜ ਕਵੀਆਂ ਦੀਆਂ ਰਚਨਾਵਾਂ ਬਾਰੇ ਚਰਚਾ ਕੀਤੀ। ਇਸ ਭਾਗ ਵਿੱਚ ਹੁਣ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਅੰਮ੍ਰਿਤਾ ਪ੍ਰੀਤਮ ਤੋਂ ਅਗਲੇ ਪੰਜ ਕਵੀਆਂ ਦੀਆਂ ਰਚਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਇਸ ਭਾਗ ਵਿੱਚ ਸਾਡੇ ਕੋਲ ਆਉਣ ਵਾਲੇ ਕਵੀ ਹਨ : ਡਾ. ਹਰਿਭਜਨ ਸਿੰਘ, ਸ਼ਿਵ ਕੁਮਾਰ, ਸੁਰਜੀਤ ਪਾਤਰ, ਮੋਹਨਜੀਤ ਅਤੇ ਮਨਜੀਤ ਟਿਵਾਣਾ। ਪਹਿਲੇ ਭਾਗ ਵਿਚਲੇ ਕਵੀਆਂ ਦੀਆਂ ਰਚਨਾਵਾਂ ਵਿੱਚ ਕੁਝ ਰੰਗ ਪੁਰਾਣੀ ਕਵਿਤਾ ਦਾ ਕਿਧਰੇ ਨਾ ਕਿਧਰੇ ਨਜ਼ਰ ਆ ਹੀ ਜਾਂਦਾ ਹੈ, ਪਰੰਤੂ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਦੇ ਵਿਸ਼ੇ ਅਤੇ ਲਿਖਣ ਦਾ ਢੰਗ ਉਨ੍ਹਾਂ ਨਾਲੋਂ ਕਾਫ਼ੀ ਅੰਤਰ ਵਾਲਾ ਹੈ। ਇਨ੍ਹਾਂ ਵਿੱਚ ਉਹ ਰਹੱਸ, ਅਧਿਆਤਮਵਾਦ ਜਾਂ ਪੰਜਾਬ ਦੀ ਧਰਤੀ ਨਾਲ ਵਿਸ਼ੇਸ਼ ਮੋਹ ਆਦਿ ਪ੍ਰਤੀ ਉਹਨਾਂ ਜਿੰਨੀ ਗਹਿਰਾਈ ਨਜ਼ਰ ਨਹੀਂ ਆਉਂਦੀ, ਇਨ੍ਹਾਂ ਰਚਨਾਵਾਂ ਵਿਚਲੇ ਵਿਸ਼ੇ ਅਜੋਕੇ ਸਮੇਂ ਨਾਲ ਵਧੇਰੇ ਜੁੜੇ ਹੋਏ ਹਨ, ਅੱਜ ਦੇ ਮਨੁੱਖ ਦੀ ਗੱਲ, ਅੱਜ ਦੇ ਸਮਾਜ ਦੇ ਆਲੇ ਦੁਆਲੇ ਦੀ ਗੱਲ ਸਾਨੂੰ ਇਨ੍ਹਾਂ ਰਚਨਾਵਾਂ ਵਿੱਚ ਜ਼ਿਆਦਾ ਗਹਿਰਾਈ ਨਾਲ ਵਿਚਾਰੀ ਨਜ਼ਰ ਆਉਂਦੀ ਹੈ।
ਹਰਿਭਜਨ ਸਿੰਘ ਦੀ ਕਵਿਤਾ 'ਧੀ' ਵਿੱਚ ਉਸ ਧੀ ਦਾ ਚਿਤਰ ਪੇਸ਼ ਕੀਤਾ ਗਿਆ ਹੈ ਜਿਹੜੀ ਦੁੱਖ ਸਹਿ ਕੇ ਵੀ ਮੂਲ ਮਨੁੱਖੀ ਕੀਮਤਾਂ ਦਾ ਸੰਤੁਲਨ ਨਹੀਂ ਵਿਗੜਨ ਦਿੰਦੀ। ਕਵਿਤਾ ਵਿੱਚ ਕਵੀ ਮਿਥਿਹਾਸ ਦੇ ਹਵਾਲੇ ਲੈ ਕੇ ਧੀ ਦੀ ਤੁਲਨਾ ਕਰਦਾ ਹੈ। ਲੋਕ-ਵਿਸ਼ਵਾਸ ਹੈ ਕਿ ਧਰਤੀ ਇੱਕ ਧੌਲ ਦੇ ਸਿੰਝਾਂ ਉੱਤੇ ਟਿਕੀ ਹੋਈ ਹੈ। ਕਵੀ ਧੀ ਦੀ ਤੁਲਨਾ ਉਸ ਧੌਲ ਨਾਲ ਕਰਦਾ ਹੈ, ਕਿਉਂਕਿ ਧੀ ਨੇ ਵੀ ਉਸ ਧੌਲ ਵਾਂਗ ਸਾਰੇ ਦੁੱਖਾਂ, ਕੋਝਾਂ ਦਾ ਭਾਰ ਚੁੱਕਿਆ ਹੋਇਆ ਹੈ। ਉਹ ਵੀ ਹਰ ਦੁੱਖ ਸਹਿੰਦੀ ਹੈ ਪਰ ਸੀ ਨਹੀਂ ਕਰਦੀ। ਧੌਲ ਤਾਂ ਕਹਿੰਦੇ ਥੱਕ ਕੇ ਬਹਿ ਜਾਂਦਾ ਹੈ ਪਰ ਧੀ ਨੂੰ ਤਾਂ ਥੱਕਣਾਂ ਜਾਂ ਪੰਖ ਲਾ ਕੇ ਉੱਡਣਾ ਵੀ ਨਹੀਂ ਆਉਂਦਾ ਭਾਵ ਉਸ ਨੂੰ ਆਪਣੀ ਸਥਿਤੀ 'ਚੋਂ ਨਿਕਲਣ ਦੀ ਸਮਝ ਹੀ ਨਹੀਂ ਹੈ ਉਸ ਨੂੰ ਤਾਂ ਬਸ ਆਪਣੇ ਦੁਖਾਂ ਨੂੰ, ਸੰਤਾਪ ਨੂੰ ਜੀਉਣਾ ਹੀ ਆਉਂਦਾ ਹੈ, ਇਸ ਲਈ ਉਹ ਬਹੁਤ ਕੁਝ ਸਹਿੰਦੀ ਹੈ, ਪਰ ਆਪਣੇ ਧਰਮ ਤੋਂ ਨਹੀਂ ਹੱਟਦੀ। ਕਵੀ ਮਿਥਿਹਾਸ `ਚੋਂ ਪ੍ਰਤੀਕਾਂ ਦੀ ਵਰਤੋਂ ਕਰਦਾ ਇਸ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਦਾ ਜ਼ਿਕਰ ਵੀ ਕਰਦਾ ਹੈ। ਉਸ ਦੇ ਬਣਾਏ ਦੁੱਖਾਂ ਬਾਰੇ ਦੱਸਦਾ ਹੈ ਜੋ ਕਿ ਬਹੁਤ ਸ਼ਕਤੀਸ਼ਾਲੀ ਸਹਿਭੁਜ ਹਨ ਅਤੇ ਉਨ੍ਹਾਂ ਨਾਲ ਲੜਨ ਲਈ ਦੇਵੀ ਦੁਰਗਾ ਹੈ। ਇਸ ਸਾਰੇ ਬਿਰਤਾਂਤ ਦੇ ਸਾਹਮਣੇ ਆਪਣੀ ਧੀ ਨੂੰ ਖੜ੍ਹੀ ਕਰਦਾ ਹੈ, ਜਿਹੜੀ ਇਸ ਸਾਰੀ ਦੁਖਾਂ-ਤਕਲੀਫ਼ਾਂ ਭਰੀ ਦੁਨੀਆਂ ਦਾ ਮੁਕਾਬਲਾ ਦੁਰਗਾ ਦੀ ਤਰ੍ਹਾਂ ਕਰਦੀ ਹੈ