ਮਮਤਾ ਦਾ ਫ਼ੈਸਲਾ ਕਾਨੂੰਨ ਨੇ ਕਰਨਾ ਹੈ ਅਤੇ ਉਸ ਫ਼ੈਸਲੇ ਨੂੰ ਮੰਨਣਾ ਉਸ ਦੀ ਮਜਬੂਰੀ ਹੈ। ਜਿਸ ਮਾਨਸਿਕ ਦਵੰਦ ਨੂੰ ਉਹ ਭੋਗਦੀ ਹੈ ਉਸ ਦਾ ਚਿਤਰਨ ਅਜੀਤ ਕੌਰ ਨੇ ਬਾਖੂਬੀ ਕੀਤਾ ਹੈ। ਇਹ ਕਹਾਣੀ ਪਾਠਕਾਂ ਸਾਹਮਣੇ ਕਈ ਪ੍ਰਸ਼ਨ ਵੀ ਪੈਦਾ ਕਰਦੀ ਹੈ ਜਿਸ ਦਾ ਉੱਤਰ ਪਾਠਕਾਂ ਨੇ ਆਪਣੇ ਆਪ ਲੱਭਣਾ ਹੈ। ਹਰ ਆਦਮੀ ਆਪਣੀ ਸਵੈ-ਇੱਛਾ ਅਨੁਸਾਰ ਆਪਣਾ ਜੀਵਨ ਨਹੀਂ ਗੁਜ਼ਾਰ ਸਕਦਾ। ਆਦਮੀ ਇੱਕ ਸਮਾਜਿਕ ਪ੍ਰਾਣੀ ਹੈ, ਜੇ ਸਮਾਜ ਵਿੱਚ ਰਹਿਣਾ ਹੈ ਤਾਂ ਉਸ ਦੇ ਅਨੁਸ਼ਾਸਨ ਜਾਂ ਨੇਮਾਂ ਅਨੁਸਾਰ ਹੀ ਜੀਵਨ ਗੁਜ਼ਾਰਨਾ ਪਵੇਗਾ। ਖਾਸ ਕਰਕੇ ਔਰਤ ਨੂੰ ਇਨ੍ਹਾਂ ਨੇਮਾਂ ਦੀ ਉਲੰਘਨਾ ਕਰਨੀ ਬਹੁਤ ਮਹਿੰਗੀ ਪੈਂਦੀ ਹੈ ਕਿਉਂਕਿ ਔਰਤਾਂ ਲਈ ਕੁਝ ਨੇਮ ਵਧੇਰੇ ਸਖ਼ਤ ਤੇ ਵੱਖਰੇ ਹਨ। ਇਸ ਲਈ ਔਰਤ ਨੂੰ ਮਾਨਸਿਕ ਕਸ਼ਟ ਵਧੇਰੇ ਭੋਗਣਾ ਪੈਂਦਾ ਹੈ। ਇਹ ਕਹਾਣੀ ਇਹ ਵੀ ਦਰਸਾਉਂਦੀ ਹੈ ਕਿ ਔਰਤ ਨੂੰ ਸਮਾਜ ਵਿੱਚ ਆਪਣੀ ਸਵੈ-ਪਹਿਚਾਣ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਔਰਤ ਦੀ ਇਸੇ ਹੀ ਤ੍ਰਾਸਦੀ ਨੂੰ ਦਰਸਾਉਣਾ ਇਸ ਕਹਾਣੀ ਦਾ ਵਿਸ਼ਾ ਹੈ। ਕਹਾਣੀ ਵਿਚਲੀਆਂ ਹੇਠ ਲਿਖੀਆਂ ਤੁਕਾਂ ਸਮਾਜ ਵਿੱਚ ਔਰਤ ਦੀਆਂ ਵੱਖ ਵੱਖ ਦਸ਼ਾਵਾਂ ਅਤੇ ਉਸ ਦੀ ਸਵੈ-ਪਹਿਚਾਣ ਬਣਾਈ ਰੱਖਣ ਨੂੰ ਦਰਸਾਉਂਦੀਆਂ ਹਨ :
1. ਜਦੋਂ ਰਜਨੀ ਦੀ ਮਾਂ ਕਰੁਣਾ ਨੂੰ ਕਹਿੰਦੀ ਹੈ ਕਿ "ਮੈਂ ਸੁਣਿਆ ਏ ਕਿ...।" ਕਰੁਣਾ ਨੂੰ ਏਸ ਤਰ੍ਹਾਂ ਦੀ ਰਾਜ਼ਦਾਰੀ ਦੀ, ਏਸ ਤਰ੍ਹਾਂ ਦੀ ਹਮਦਰਦੀ ਨਾਲ ਚਿੜ੍ਹ ਸੀ ਉਹਨੂੰ ਕਿਸੇ ਅੱਗੇ ਆਪਣਾ ਦੁੱਖ ਫੋਲ ਕੇ ਬਹਿ ਜਾਣਾ ਕਿਸੇ ਭਿਖਾਰੀ ਦਾ ਰਾਹ ਜਾਂਦਿਆਂ ਸਾਹਮਣੇ ਆਪਣੇ ਕੋਹੜ ਵਾਲੇ ਅੰਗ ਦਾ ਵਿਖਾਲਾ ਪਾਣ ਦੇ ਤੁੱਲ ਸੀ।
2. "ਮੈਂ ਏਸੇ ਘੜੀ ਤੋਂ, ਇਹਨਾਂ ਹੀ ਪਲਾਂ ਤੋਂ, ਏਨੇ ਵਰ੍ਹੇ ਤ੍ਰਹਿੰਦੀ ਰਹੀ ਹਾਂ। ਏਸੇ ਘੜੀ ਤੋਂ ਡਰਦਿਆਂ ਮੈਂ ਤੇਰਾਂ ਵਰ੍ਹੇ ਓਸ ਘਰ ਵਿੱਚ ਕਟੇ, ਜਿੱਥੇ ਮੈਂ ਹਰ ਰੋਜ਼ ਮਰਦੀ ਰਹੀ, ਹਰ ਰੋਜ਼ ਮਰਦੀ ਰਹੀ", ਕਰੁਣਾ ਜਿਵੇਂ ਬਹੁਤੀ ਆਪਣੇ ਆਪ ਨਾਲ ਤੇ ਥੋੜੀ ਤੋਸ਼ੀ ਨਾਲ ਗੱਲ ਕਰ ਰਹੀ ਸੀ।"
3. "ਜਦੋਂ ਵੀ ਕਦੀ ਉਸ ਘਰ ਦੀਆਂ ਦਲ੍ਹੀਜਾਂ ਤੋਂ ਬਾਹਰ ਜਾਣ ਦਾ ਖਿਆਲ ਆਇਆ, ਲੀਨੂੰ ਦਾ ਮੂੰਹ ਮੇਰੇ ਅੱਗੇ ਆ ਖਲੋਤਾ। ਏਸੇ ਘੜੀ ਤੋਂ ਡਰਦਿਆਂ ਮੇਰੇ ਪੈਰ ਬੱਝ ਜਾਂਦੇ ਰਹੇ।"
4. "ਏਸ ਆਨੰਦ ਨੂੰ ਵੀ ਤੰਗ ਕਰਨ ਦਾ ਬਸ, ਇਹੋ ਤਰੀਕਾ ਲੱਭਿਆ ਢਾਈਆਂ ਵਰ੍ਹਿਆਂ ਵਿੱਚ ਮਸਾਂ ਮਸਾਂ ਤੂੰ ਇਹ ਘਰ ਬਣਾਇਆ ਸੀ। ਲੀਨੂੰ ਵੀ ਸਿਆਣੀ ਹੋ ਗਈ ਏ। ਏਨੇ ਸਾਲਾਂ ਮਗਰੋਂ ਰਤਾ ਤੈਨੂੰ ਚੈਨ ਮਿਲਿਆ ਸੀ ਤੇ ਹੁਣ ਅਰਜ਼ੀ ਕਰ ਦਿੱਤੀ ਸੂ, ਬਈ ਬੱਚੀ ਮੈਨੂੰ ਸੌਂਪੀ ਜਾਏ। ਕੋਈ ਪੁੱਛੇ, ਤੂੰ ਉਹਨੂੰ ਪਿਆਰ ਨਹੀਂ ਕਰਨਾ, ਉਹਨੂੰ ਪਾਲਣਾ ਨਹੀਂ, ਉਹਦੇ ਉੱਤੇ ਖਰਚ ਨਹੀਂ ਕਰਨਾ ? ਇਹ ਅਰਜ਼ੀ ਸਿਰਫ਼ ਦੁੱਖ ਦੇਣ ਵਾਸਤੇ ... ਹੋਰ ਕੀ...।" ਕਰੁਣਾ ਦੇ ਮੂੰਹ ਵੱਲ ਤੱਕ ਤੱਕ ਕੇ ਤੋਸ਼ੀ ਨੂੰ ਆਨੰਦ ਉੱਤੇ ਹੋਰ ਗੁੱਸਾ ਆ ਰਿਹਾ ਸੀ, ਹੋਰ ਝੁੰਜਲਾਹਟ ਹੋ ਰਹੀ ਸੀ।
ਔਰਤ ਦੇ ਜੀਵਨ ਨਾਲ ਹੀ ਸੰਬੰਧਿਤ ਹੈ ਕਹਾਣੀ 'ਵਹਿੰਗੀ। ਇਸ ਦੀ ਰਚੇਤਾ ਕਹਾਣੀਕਾਰਾ ਚੰਦਨ ਨੇਗੀ ਹੈ। ਕਹਾਣੀਕਾਰਾ ਦੀਆਂ ਬਹੁਤੀਆਂ ਕਹਾਣੀਆਂ ਔਰਤ ਦੇ ਦੁਖਾਂਤ ਨੂੰ ਹੀ ਚਿਤਰਦੀਆਂ ਹਨ। ਇਸ ਕਹਾਣੀ ਦਾ ਵਿਸ਼ਾ ਸਾਡੀ ਸਮਾਜਿਕ ਪਰੰਪਰਾ ਵਿੱਚ ਪਈ ਇਸ ਧਾਰਨਾ ਨਾਲ ਹੈ ਕਿ ਹਰ ਪਰਿਵਾਰ ਵਿੱਚ ਪੁੱਤਰ ਜ਼ਰੂਰ ਹੋਣਾ ਚਾਹੀਦਾ ਹੈ। ਇਹ ਧਾਰਨਾ ਸਮੂਹਿਕ ਅਵਚੇਤਨ ਦਾ ਹਿੱਸਾ ਹੈ। ਕੀ ਪ੍ਰਾਚੀਨ ਕਾਲ ਤੇ ਕੀ ਆਧੁਨਿਕ ਕਾਲ—ਇਸ ਧਾਰਨਾ ਨੂੰ ਅਸੀਂ ਆਪਣੇ ਜੀਵਨ ਵਿੱਚੋਂ ਨਹੀਂ ਕੱਢ ਸਕੇ। ਪੁੱਤਰ ਨੂੰ ਖ਼ਾਨਦਾਨ ਜਾਂ ਪੀੜੀ ਚਲਾਉਣ ਵਾਲਾ, ਪਰਿਵਾਰ ਦਾ ਵਾਰਸ ਤੇ ਬੁਢਾਪੇ ਦਾ ਸਹਾਰਾ ਮੰਨਿਆ ਗਿਆ ਹੈ। ਇਹੋ ਹੀ ਕਾਰਨ ਹੈ ਕਿ ਸਦੀਆਂ ਤੋਂ ਇਹ ਮਰਦ ਪ੍ਰਧਾਨ ਸਮਾਜ ਔਰਤ ਦੀ ਵਫ਼ਾਦਾਰੀ, ਜ਼ਿੰਮੇਵਾਰੀ, ਸਮਰੱਥਾ ਨੂੰ ਮੰਨਣ ਤੋਂ ਇਨਕਾਰੀ ਰਿਹਾ ਹੈ। ਇਹ ਸੱਚ ਹੈ ਕਿ ਅਜੋਕੇ ਸਮੇਂ ਵਿੱਚ ਔਰਤ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਕੁਝ ਪਰਿਵਰਤਨ ਜ਼ਰੂਰ ਆਇਆ ਹੈ, ਪਰ ਪੁੱਤਰ ਮੋਹ ਜਿਉਂ ਦਾ ਤਿਉਂ ਹੈ। ਕੁਝ ਹੱਦ ਤੱਕ ਇਸ ਦੀ ਜ਼ਿੰਮੇਵਾਰ ਔਰਤ ਆਪ ਵੀ ਹੈ।